SGPC ਪੰਜਾਬ ਸਰਕਾਰ ਨਾਲ ਮਿਲ ਕੇ ਮਨਾਏਗੀ 550ਵਾਂ ਪ੍ਰਕਾਸ਼ ਪੁਰਬ

06/20/2019 9:14:23 PM

ਚੰਡੀਗੜ੍ਹ (ਭੁੱਲਰ)-ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਵੰਬਰ ’ਚ ਮਨਾਇਆ ਜਾਣ ਵਾਲਾ 550ਵਾਂ ਪ੍ਰਕਾਸ਼ ਪੁਰਬ ਐੱਸ. ਜੀ. ਪੀ. ਸੀ. ਨਾਲ ਮਿਲਕੇ ਮਨਾਉਣ ਲਈ ਸਹਿਮਤੀ ਜਤਾਉਂਦਿਆਂ ਇਸ ਸਬੰਧ ’ਚ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਕਰਨ ਲਈ ਮੰਤਰੀਆਂ ਦੀ ਡਿਊਟੀ ਲਾਈ ਹੈ। ਅੱਜ ਇਥੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਲਈ 4 ਘੰਟਿਆਂ ਤੱਕ ਚੱਲੀ ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਕੀਤੀ। ਮੀਟਿੰਗ ’ਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਬਲਬੀਰ ਸਿੰਘ ਸਿੱਧੂ, ਵਿਜੇਇੰਦਰ ਸਿੰਗਲਾ, ਰਜ਼ੀਆ ਸੁਲਤਾਨਾ ਤੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਤੋਂ ਇਲਾਵਾ ਐਡੀਸ਼ਨਲ ਮੁੱਖ ਸਕੱਤਰ ਐੱਨ.ਐੱਸ. ਕਲਸੀ, ਵਿੰਨੀ ਮਹਾਜਨ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਗੁਰਕੀਰਤਕ੍ਰਿਪਾਲ ਸਿੰਘ ਤੇ ਹੋਰ ਸਬੰਧਿਤ ਵਿਭਾਗਾਂ ਦੇ ਉਚ ਅਧਿਕਾਰੀ ਮੌਜੂਦ ਸਨ।

ਮੁੱਖ ਮੰਤਰੀ ਵੱਲੋਂ ਸਭ ਤੋਂ ਪਹਿਲਾਂ ਡੀ.ਜੀ.ਪੀ. ਦਿਨਕਰ ਗੁਪਤਾ ਤੇ ਹੋਰ ਉਣ ਅਧਿਕਾਰੀਆਂ ਨਾਲ ਨਵੰਬਰ ’ਚ ਹੋਣ ਵਾਲੇ ਸਮਾਰੋਹ ਦੇ ਸੁਰੱਖਿਆ ਪ੍ਰਬੰਧਾਂ ਬਾਰੇ ਚਰਚਾ ਕੀਤੀ। ਇਸ ਤੋਂ ਬਾਅਦ ਮੰਤਰੀਆਂ ਦੇ ਗਰੁਪ ਅਤੇ ਪ੍ਰਕਾਸ਼ ਪੁਰਬ ਦੇ ਮੁੱਖ ਆਯੋਜਨ ਸਥਾਨ ਸੁਲਤਾਨਪੁਰ ਲੋਧੀ ਦੇ ਵਿਧਾਇਕ ਚੀਮਾ ਤੇ ਇਸ ਤੋਂ ਬਾਅਦ ਮੁੱਖ ਸਕੱਤਰ ਤੇ ਹੋਰ ਉਚ ਅਧਿਕਾਰੀਆਂ ਨਾਲ ਪ੍ਰੋਗਰਾਮ ਦੇ ਪ੍ਰਬੰਧਾਂ ਬਾਰੇ ਵਿਸਥਾਰ ’ਚ ਵਿਚਾਰ-ਵਟਾਂਦਰਾ ਕੀਤਾ।

ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਐੱਸ.ਜੀ.ਪੀ. ਸੀ. ਨੂੰ ਪ੍ਰਕਾਸ਼ ਪੁਰਬ ਦੇ ਸਮਾਰੋਹਾਂ ਲਈ ਪੂਰੇ ਸਹਿਯੋਗ ਦੀ ਇੱਛਾ ਪ੍ਰਗਟ ਕਰਦਿਆਂ ਕਿਹਾ ਕਿ ਸਾਰੇ ਵੱਖਰੇਵਿਆਂ ਤੋਂ ਉਪਰ ਉਠਕੇ ਇਸ ਧਾਰਮਿਕ ਆਯੋਜਨ ਨੂੰ ਇਤਿਹਾਸਿਕ ਬਣਾ ਕੇ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਪਹੁੰਚਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਦੇ ਪ੍ਰੋਗਰਾਮਾਂ ਦੇ ਪ੍ਰਤੀਦਿਨ ਰੀਵਿਊ ਲਈ ਮੰਤਰੀਆਂ ’ਤੇ ਆਧਾਰਿਤ ਕਮੇਟੀ ਪਹਿਲਾਂ ਹੀ ਗਠਿਤ ਕੀਤੀ ਗਈ ਹੈ। ਮੁੱਖ ਮੰਤਰੀ ਨੇ ਰਾਜ ਦੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਸੁਲਤਾਨਪੁਰ ਲੋਧੀ ਤੋਂ ਡੇਰਾ ਬਾਬਾ ਨਾਨਕ ਤੱਕ 136 ਕਿਲੋਮੀਟਰ ਲੰਬੇ ਗੁਰੂ ਨਾਨਕ ਦੇਵ ਜੀ ਮਾਰਗ ਦੇ ਪ੍ਰਾਜੈਕਟ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ। ਇਸ ਪ੍ਰੋਜੈਕਟ ’ਤੇ 96.15 ਕਰੋਡ਼ ਰੁਪਏ ਖਰਚ ਹੋਣੇ ਹਨ। 271 ਕਰੋਡ਼ ਰੁਪਏ ਦੀ ਲਾਗਤ ਨਾਲ ਸੁਲਤਾਨਪੁਰ ਲੋਧੀ ਦਾ ਹੈਰੀਟੇਜ ਸਿਟੀ ਪ੍ਰੋਜੈਕਟ ਸਥਾਪਤ ਹੋਣਾ ਹੈ। ਮੁੱਖ ਮੰਤਰੀ ਨੇ ਬੇਬੇ ਨਾਨਕੀ ਕਾਲਜ ਫਾਰ ਗਰਲਜ਼ ਸੁਲਤਾਨਪੁਰ ਲੋਧੀ ਵਿਖੇ ਸਥਾਪਿਤ ਕਰਨ ਦੀ ਸਹਿਮਤੀ ਜਤਾਈ। ਮੁੱਖ ਮੰਤਰੀ ਵੱਲੋਂ ਅੱਜ ਹੋਈਆਂ ਮੀਟਿੰਗਾਂ ਦੌਰਾਨ 550ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ’ਚ ਸੋਨੇ ਅਤੇ ਚਾਂਦੀ ਦੇ ਇਤਿਹਾਸਿਕ ਮੈਡਲ ਵੀ ਜਾਰੀ ਕੀਤੇ ਗਏ।

satpal klair

This news is Content Editor satpal klair