ਸਿੱਖਾਂ ''ਤੇ ਬਣ ਰਹੇ ਭੱਦੇ ਚੁਟਕਲਿਆਂ ਖਿਲਾਫ SGPC ਪੁੱਜੀ ਸੁਪਰੀਮ ਕੋਰਟ

03/09/2016 10:11:52 AM

ਅੰਮ੍ਰਿਤਸਰ (ਦੀਪਕ/ਬਿਊਰੋ) : ਸਿੱਖ ਗੁਰਦੁਆਰਾ ਐਕਟ 1925 ਅਧੀਨ ਬਣੀ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖਾਂ ''ਤੇ ਬਣਾਏ ਜਾਂਦੇ ਭੱਦੇ ਚੁਟਕਲਿਆਂ ਖਿਲਾਫ ਸੁਪਰੀਮ ਕੋਰਟ ''ਚ ਰਿੱਟ ਪਟੀਸ਼ਨ ਦਾਇਰ ਕੀਤੀ ਗਈ। ਜੱਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਵੈੱਬਸਾਈਟਾਂ ''ਤੇ ਸਿੱਖ ਸੰਗਠਨਾਂ ਵੱਲੋਂ ਸਿੱਖਾਂ ''ਤੇ ਹੁੰਦੇ ਭੱਦੇ ਮਜ਼ਾਕ ਸਬੰਧੀ ਸ਼ਿਕਾਇਤਾਂ ਮਿਲੀਆਂ ਹਨ। 
ਉਨ੍ਹਾਂ ਕਿਹਾ ਕਿ ਸਿੱਖ ਮਾਮਲਿਆਂ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਨਾ-ਸਿਰਫ ਭਾਰਤ, ਬਲਕਿ ਵਿਸ਼ਵ ਪੱਧਰ ''ਤੇ ਅਹਿਮ ਰੋਲ ਨਿਭਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰਦੁਆਰਿਆਂ, ਵਿੱਦਿਅਕ ਅਦਾਰਿਆਂ ਜਿਨ੍ਹਾਂ ਵਿਚ ਮੈਡੀਕਲ ਕਾਲਜ, ਹਸਪਤਾਲ ਅਤੇ ਚੈਰੀਟੇਬਲ ਟਰੱਸਟ ਆਉਂਦੇ ਹਨ, ਨੂੰ ਚਲਾਉਣ ਦੇ ਨਾਲ-ਨਾਲ ਸਿੱਖ ਮਸਲਿਆਂ ਨੂੰ ਹੱਲ ਕਰਵਾਉਣ ਲਈ ਵੀ ਗੰਭੀਰ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ 22-02-2004 ਨੂੰ ਉਸ ਸਮੇਂ ਦੇ ਕੇਂਦਰੀ ਮੰਤਰੀ ਸ਼੍ਰੀ ਅਰੁਣ ਸ਼ੋਰੀ ਨੂੰ ਬੀ. ਐੱਸ. ਐੱਨ. ਐੱਲ. ਖਿਲਾਫ ਲਿਖਤੀ ਸ਼ਿਕਾਇਤ ਕੀਤੀ ਗਈ ਸੀ, ਜਿਸ ਵਿਚ ਬੀ. ਐੱਸ. ਐੱਨ. ਐੱਲ. ਵੱਲੋਂ ਚਲਾਈ ਗਈ ''ਜੋਕਲਾਇਨ'' ਸਾਈਟ ਨਾਮ ਹੇਠ ''ਸਰਦਾਰ ਜੀ'' ਜੋਕਸ ਦੀ ਲੜੀ ਸ਼ੁਰੂ ਕੀਤੀ ਗਈ, ਜਿਸ ਨੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 2005 ਵਿਚ ਪ੍ਰਤਿਸ਼ ਨੰਦੀ ਕਮਿਊਨੀਕੇਸ਼ਨ ਵੱਲੋਂ ਬਣਾਈ ਗਈ ਫਿਲਮ ''ਸ਼ਬਦ'' ਦੇ ਇਕ ਦ੍ਰਿਸ਼ ਵਿਚ ਸਰਦਾਰ ''ਤੇ ਵਿਅੰਗ ਕੱਸਿਆ ਗਿਆ, ਜਿਸ ਦਾ ਸਿੱਖ ਭਾਈਚਾਰੇ ਵੱਲੋਂ ਵਿਰੋਧ ਕਰਦਿਆਂ ਫਿਲਮ ''ਚੋਂ ਇਸ ਦ੍ਰਿਸ਼ ਨੂੰ ਹਟਾਉਣ ਦੀ ਮੰਗ ਕੀਤੀ ਗਈ, ਜਿਸ ''ਤੇ ਸੈਂਸਰ ਬੋਰਡ ਨੇ ਫਿਲਮ ''ਚ ਸਿੱਖਾਂ ਬਾਰੇ ਫਿਲਮਾਏ ਗਏ ਦ੍ਰਿਸ਼ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮਾਰਚ 2007 ਵਿਚ ਸਿੱਖ ਮੀਡੀਆ ਐਂਡ ਕਲਚਰ ਵਾਚ ਸੰਗਠਨ ਵੱਲੋਂ ਮਾਟੂੰਗਾ ਦੇ ਬੁੱਕ ਸੇਲਰ ਰਣਜੀਤ ਪਰਾਡੇ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ, ਜਿਸ ਨੇ ਸਿੱਖਾਂ ਬਾਰੇ ਚੁਟਕਲਿਆਂ ਦੀਆਂ ਕਿਤਾਬਾਂ ਰੱਖੀਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਸਿੱਖ ਵਪਾਰੀ ਵੱਲੋਂ ਦਾਇਰ ਸ਼ਿਕਾਇਤ ਦੇ ਮੱਦੇਨਜ਼ਰ ਮੁੰਬਈ ਪੁਲਸ ਨੇ ਸੈਕਸ਼ਨ 295 ਇੰਡੀਆ ਪੈਨਲ ਕੋਡ ਹੇਠ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਹਿੱਤ ਰਣਜੀਤ ਪਰਾਡੇ ਨੂੰ ਗ੍ਰਿਫਤਾਰ ਕੀਤਾ। 
ਉਨ੍ਹਾਂ ਇਕ ਹੋਰ ਉਦਾਹਰਣ ਦਿੰਦਿਆਂ ਕਿਹਾ ਕਿ ਭਾਰਤ ਦੀ ਸਭ ਤੋਂ ਵੱਡੀ ਮੋਬਾਇਲ ਆਪਰੇਟਰ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ ਦੇ ਹੈੱਡ ਸ਼੍ਰੀ ਅਨਿਲ ਅੰਬਾਨੀ ''ਤੇ ਵੀ ਲਖਨਊ ਪੁਲਸ ਵੱਲੋਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਿਆਂ ''ਸਰਦਾਰ'' ਨਾਮ ਹੇਠ ''ਜੋਕਸ ਆਫ ਦਾ ਡੇ'' ਭੇਜਣ ਖਿਲਾਫ ਮਾਮਲਾ ਦਰਜ ਕੀਤਾ ਗਿਆ, ਜਿਸ ''ਤੇ ਸਬੰਧਤ ਕੰਪਨੀ ਵੱਲੋਂ ਮੁਆਫੀ ਮੰਗੀ ਗਈ। ਉਨ੍ਹਾਂ ਕਿਹਾ ਕਿ ਇਸੇ ਕੜੀ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖਾਂ ''ਤੇ ਬਣਦੇ ਭੱਦੇ ਚੁਟਕਲਿਆਂ ਖਿਲਾਫ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ 15 ਮਾਰਚ ਨੂੰ ਸੁਪਰੀਮ ਕੋਰਟ ਵਿਖੇ ਹੋਵੇਗੀ।

Babita Marhas

This news is News Editor Babita Marhas