ਕੜਾਹੇ ਵਿਚ ਡਿੱਗੇ ਸੇਵਾਦਾਰ ਨੂੰ ਬਾਹਰ ਕੱਢਣ ਵਾਲੇ ਸ਼ਰਧਾਲੂ ਲਈ ਵੀ ਸ਼੍ਰੋਮਣੀ ਕਮੇਟੀ ਦਾ ਵੱਡਾ ਐਲਾਨ

07/08/2017 12:07:58 PM

ਅੰਮ੍ਰਿਤਸਰ/ਫਤਿਹਗੜ੍ਹ ਸਾਹਿਬ (ਦੀਪਕ, ਜਗਦੇਵ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਲੰਗਰ ਤਿਆਰ ਕਰਦਿਆਂ ਕੜਾਹੇ 'ਚ ਡਿੱਗਣ ਕਾਰਨ ਝੁਲਸੇ ਚਰਨਜੀਤ ਸਿੰਘ ਨੂੰ ਬਚਾਉਣ ਲਈ ਅੱਗੇ ਆਏ ਸ਼ਰਨਜੀਤ ਸਿੰਘ ਨੂੰ ਸਨਮਾਨ ਵਜੋਂ ਨੌਕਰੀ ਦੇ ਕੇ ਨਿਵਾਜ਼ਿਆ ਹੈ। ਯਾਦ ਰਹੇ ਕਿ ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ 'ਚ ਲੰਗਰ ਤਿਆਰ ਕਰਦਿਆਂ ਕੜਾਹੇ ਵਿਚ ਡਿੱਗਣ ਵਾਲੇ ਸੇਵਾਦਾਰ ਚਰਨਜੀਤ ਸਿੰਘ ਨੂੰ ਗੁਰੂ ਘਰ ਦੇ ਸ਼ਰਧਾਲੂ ਸ਼ਰਨਜੀਤ ਸਿੰਘ ਨੇ ਆਪਣੀ ਜਾਨ ਖਤਰੇ ਵਿਚ ਪਾ ਕੇ ਬਾਹਰ ਕੱਢਿਆ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਬਡੂੰਗਰ ਨੇ ਸ਼ਰਨਜੀਤ ਸਿੰਘ ਨੂੰ ਨਿਯੁਕਤੀ ਪੱਤਰ ਦੇਣ ਸਮੇਂ ਕਿਹਾ ਕਿ ਮਨੁੱਖਤਾ ਦੀ ਭਲਾਈ ਹੀ ਸੱਚੀ ਸੇਵਾ ਹੁੰਦੀ ਹੈ। ਸਿੱਖ ਹਮੇਸ਼ਾ ਆਪਣੀ ਅਰਦਾਸ ਵਿਚ ਸਰਬੱਤ ਦਾ ਭਲਾ ਮੰਗਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਘਰ ਵਿਖੇ ਲੰਗਰ ਹਾਲ ਵਿਚ ਸੇਵਾਦਾਰ ਨਾਲ ਵਾਪਰੇ ਹਾਦਸੇ ਸਮੇਂ ਸ਼ਰਨਜੀਤ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਪ੍ਰਭਾਵਿਤ ਚਰਨਜੀਤ ਸਿੰਘ ਨੂੰ ਬਚਾਉਣ ਲਈ ਅੱਗੇ ਆ ਕੇ ਮਨੁੱਖੀ ਹਮਦਰਦੀ ਦੀ ਮਿਸਾਲ ਕਾਇਮ ਕੀਤੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼ਰਨਜੀਤ ਸਿੰਘ ਵੱਲੋਂ ਤੁਰੰਤ ਦਿਖਾਈ ਗਈ ਬਹਾਦਰੀ ਅਤੇ ਹਿੰਮਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਨੂੰ ਸੇਵਾਦਾਰ ਵਜੋਂ ਸੇਵਾਵਾਂ ਦਿੱਤੀਆਂ ਗਈਆਂ ਹਨ।  ਸ਼ਰਨਜੀਤ ਸਿੰਘ ਨੂੰ ਨਿਯੁਕਤੀ ਪੱਤਰ ਦੇਣ ਸਮੇਂ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸਕੱਤਰ ਅਵਤਾਰ ਸਿੰਘ ਸੈਂਪਲਾ, ਐਡੀਸ਼ਨਲ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ, ਨਿੱਜੀ ਸਹਾਇਕ ਭਗਵੰਤ ਸਿੰਘ ਧੰਗੇੜਾ ਆਦਿ ਹਾਜ਼ਰ ਸਨ।

Kulvinder Mahi

This news is News Editor Kulvinder Mahi