ਤਰਨਤਾਰਨ : ਐੱਸ.ਜੀ.ਪੀ.ਸੀ. ਮੁਲਾਜ਼ਮ ਦੀ ਗੋਲੀ ਮਾਰ ਕੇ ਹੱਤਿਆ

06/25/2019 11:20:25 PM

ਤਰਨਤਾਰਨ(ਰਾਜੂ)— ਤਰਨਤਾਰਨ ਦੇ ਨਜ਼ਦੀਕੀ ਪਿੰਡ ਬਚੜੇ ਦੇ ਕੋਲ ਮੰਗਲਵਾਰ ਨੂੰ ਦੇਰ ਰਾਤ ਅਣਪਛਾਤੇ ਵਿਅਕਤੀ ਵੱਲੋਂ ਬੁਲਟ ਸਵਾਰ ਐੱਸ.ਜੀ.ਪੀ.ਸੀ. ਮੁਲਾਜ਼ਮ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾਂ ਦਾ ਪਤਾ ਲੱਗਦਿਆਂ ਹੀ ਥਾਣਾ ਸਿਟੀ ਤਰਨਤਾਰਨ ਅਤੇ ਥਾਣਾ ਸਦਰ ਤਰਨਤਾਰਨ ਦੀ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੇਜ ਸਿੰਘ (50 ਸਾਲ) ਪੁੱਤਰ ਮਿਲਖਾ ਸਿੰਘ ਵਾਸੀ ਜਮਾਲਪੁਰ ਹਾਲ ਵਾਸੀ ਨੂਰਦੀ ਅੱਡਾ (ਨਜ਼ਦੀਕ ਨਵੀਂ ਸਰਾਂ ਸ੍ਰੀ ਦਰਬਾਰ ਸਾਹਿਬ ਤਰਨਤਾਰਨ) ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਹੈ, ਆਪਣੇ ਬੁਲਟ ਮੋਟਰ ਸਾਈਕਲ ਨੰਬਰ ਪੀ.ਬੀ.46.ਜੈੱਡ.9517 'ਤੇ ਸਵਾਰ ਹੋ ਕੇ ਦੁੱਧ ਲੈਣ ਲਈ ਘਰੋਂ ਗਿਆ ਸੀ ਜੋ ਕਿ ਕਾਫੀ ਦੇਰ ਤੱਕ ਵਾਪਸ ਘਰ ਨਹੀਂ ਪਰਤਿਆ। ਕਾਫੀ ਦੇਰ ਬਾਅਦ ਸੂਚਨਾਂ ਮਿਲੀ ਕਿ ਪਿੰਡ ਬਚੜੇ ਤੋਂ ਥੋੜਾ ਅੱਗੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗੁਰਮੇਜ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੰਗਲਵਾਰ ਨੂੰ ਦੇਰ ਰਾਤ ਹੋਏ ਇਸ ਕਤਲ ਦੀ ਖ਼ਬਰ ਮਿਲਦਿਆਂ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਚੰਦਰ ਭੂਸ਼ਣ, ਥਾਣਾ ਸਦਰ ਤਰਨਤਾਰਨ ਦੇ ਮੁਖੀ ਗੁਰਚਰਨ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਉਧਰ ਕਤਲ ਦੀ ਖ਼ਬਰ ਮਿਲਦਿਆਂ ਪਰਿਵਾਰ 'ਚ ਸੋਗ ਦੀ ਭਾਰੀ ਲਹਿਰ ਪਾਈ ਜਾ ਰਹੀ ਹੈ।