ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਧਾਰੀ ਬਜ਼ੁਰਗ ਨਾਲ ਬਦਸਲੂਕੀ ਕਰਨ ਵਾਲੇ ਸੇਵਾਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ (ਵੀਡੀਓ)

08/18/2022 3:26:54 PM

ਅੰਮ੍ਰਿਤਸਰ (ਅਨਜਾਣ) : ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਵਲੋਂ ਇਕ ਬਜ਼ੁਰਗ ਵਿਅਕਤੀ ਨਾਲ ਧੱਕਾਮੁੱਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਜ਼ੁਰਗ ਵਿਅਕਤੀ ਨਾਲ ਹੋਈ ਧੱਕਾਮੁੱਕੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਦੇ ਮੁਲਾਜ਼ਮਾਂ ਵੱਲੋਂ ਬੀਤੇ ਦਿਨੀਂ ਅੰਮ੍ਰਿਤ ਵੇਲੇ ਸੁਨਹਿਰੀ ਪਾਲਕੀ ਸਾਹਿਬ ਵਿੱਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੋਸ਼ੋਭਿਤ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਕਰਨ ਲਈ ਲਿਜਾਇਆ ਜਾਂਦਾ ਹੈ। ਉਸ ਸਮੇਂ ਇੱਕ ਬਜ਼ੁਰਗ ਵਿਅਕਤੀ ਨਾਲ ਬੁਰੀ ਤਰ੍ਹਾਂ ਖਿੱਚਾ ਧੂਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ: ਪੁਲਸ ਦੀ ਗੱਡੀ ਹੇਠਾਂ ਬੰਬ ਰੱਖਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ, ਰਿੰਦਾ ਗੈਂਗ ਨਾਲ ਜੁੜਿਆ ਨਾਂ

ਸੂਤਰਾਂ ਮੁਤਾਬਕ ਇਹ ਬਜ਼ੁਰਗ ਰੋਜ਼ਾਨਾ ਪਾਲਕੀ ਸਾਹਿਬ ਨਾਲ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾ ਨੂੰ ਜਾਂਦਾ ਹੈ। ਬੀਤੇ ਦਿਨੀਂ ਲੇਟ ਹੋ ਜਾਣ ਕਾਰਣ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਪੌੜੀਆਂ ‘ਚ ਬੈਠ ਗਿਆ। ਟਾਸਕ ਫੋਰਸ ਦੇ ਕੁਝ ਸਿਰਫਿਰੇ ਮੁਲਾਜ਼ਮਾਂ ਨੇ ਇਸ ਬਜ਼ੁਰਗ ਦੀ ਬੁਰੀ ਤਰ੍ਹਾਂ ਖਿੱਚਾ ਧੂਹੀ ਕਰਕੇ ਉਸ ਨੂੰ ਬਾਹਰ ਕੱਢ ਦਿੱਤਾ। ਸੂਤਰਾਂ ਅਨੁਸਾਰ ਪਤਾ ਚੱਲਿਆ ਹੈ ਕਿ ਇਹ ਬਜ਼ੁਰਗ ਜੰਗਲਾ ਟੱਪ ਕੇ ਪਾਲਕੀ ਸਾਹਿਬ ਨਾਲ ਜਾਣ ਲੱਗਾ ਸੀ। ਸ੍ਰੀ ਹਰਿਮੰਦਰ ਸਾਹਿਬ ਦੇ ਮੁਲਾਜ਼ਮਾਂ ਵੱਲੋਂ ਅੰਮ੍ਰਿਤਧਾਰੀ ਬਜ਼ੁਰਗ ਨਾਲ ਕੀਤੇ ਦੁਰ-ਵਿਹਾਰ ਕਾਰਣ ਦੇਸ਼-ਵਿਦੇਸ਼ ‘ਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ‘ਚ ਰੋਸ ਪਾਇਆ ਜਾ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ: ਕੁੱਤੇ ਦੀ ਵਜ੍ਹਾ ਕਰਕੇ ਟਲਿਆ ਅੰਮ੍ਰਿਤਸਰ 'ਚ ਬੰਬ ਧਮਾਕਾ, ਵੀਡੀਓ ਵਾਇਰਲ

ਦੋਵੇਂ ਮੁਲਾਜ਼ਮ ਸਸਪੈਂਡ ਕਰ ਦਿੱਤੇ ਗਏ ਨੇ : ਰਮਦਾਸ
ਇਸ ਸਬੰਧੀ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਦਸਲੂਕੀ ਕਰਨ ਵਾਲੇ ਦੋਵੇਂ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਦ ਉਨ੍ਹਾਂ ਨੂੰ ਉਕਤ ਦੋਵੇਂ ਮੁਲਾਜ਼ਮਾਂ ਦੇ ਨਾਮ ਪੁੱਛੇ ਗਏ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਤਬੀਰ ਸਿੰਘ ਓ.ਐੱਸ.ਡੀ. ਨੂੰ ਪਤਾ ਹੈ। ਸਤਬੀਰ ਸਿੰਘ ਨਾਲ ਸੰਪਰਕ ਕਰਨਾ ਚਾਹਿਆ ਪਰ ਨਹੀਂ ਹੋ ਸਕਿਆ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਪੁਲਸ ਦੀ ਗੱਡੀ ਨੂੰ ਬੰਬ ਨਾਲ ਉਡਾਉਣ ਦੀ ਕੋਸ਼ਿਸ਼, CCTV ’ਚ ਕੈਦ ਹੋਏ ਨੌਜਵਾਨ (ਤਸਵੀਰਾਂ)


rajwinder kaur

Content Editor

Related News