ਅੰਦਰੂਨੀ ਸ਼ਹਿਰ ''ਚ ਸੀਵਰੇਜ ਵਿਵਸਥਾ ਡਗਮਗਾਈ

02/24/2018 2:00:32 AM

ਅੰਮ੍ਰਿਤਸਰ, (ਵੜੈਚ)- ਸਵੱਛ ਭÎਾਰਤ ਅਭਿਆਨ ਤਹਿਤ ਸ਼ਹਿਰ ਨੂੰ ਖੂਬਸੂਰਤ ਬਣਾਉਣ ਅਤੇ ਸ਼ਹਿਰ ਨੂੰ ਚੰਗੀ ਰੈਂਕਿੰਗ 'ਤੇ ਲਿਆਉਣ ਲਈ ਸਵੱਛਤਾ ਸਰਵੇਖਣ ਨੂੰ ਲੈ ਕੇ ਨਗਰ ਨਿਗਮ ਵੱਲੋਂ ਭੱਜ-ਦੌੜ ਕਰਦਿਆਂ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਵਿਚਾਰਨਯੋਗ ਗੱਲ ਇਹ ਹੈ ਕਿ ਕਈ-ਕਈ ਮਹੀਨਿਆਂ ਤੋਂ ਲੋਕ ਬੰਦ ਸੀਵਰੇਜ ਦੀਆਂ ਮੁਸ਼ਕਲਾਂ 'ਚ ਘਿਰੇ ਹੋਏ ਹਨ ਪਰ ਸੀਵਰੇਜ ਤੇ ਵਾਟਰ ਸਪਲਾਈ ਵਿਭਾਗ ਲੋਕਾਂ ਨੂੰ ਸਹੂਲਤਾਂ ਦੇਣ ਵਿਚ ਕਾਮਯਾਬ ਨਹੀਂ ਹੋ ਰਿਹਾ। ਸ੍ਰੀ ਦਰਬਾਰ ਸਾਹਿਬ ਨਾਲ ਲੱਗਦੇ ਗਲਿਆਰੇ ਨਾਲ ਇਲਾਕਿਆਂ ਦੇ ਲੋਕ ਬੰਦ ਸੀਵਰੇਜ ਦੀ ਗੰਦਗੀ ਵਿਚ ਜੀਵਨ ਬਸਰ ਕਰਨ ਲਈ ਮਜਬੂਰ ਹਨ।
ਗਲਿਆਰਾ ਸਥਿਤ ਇਲਾਕਾ ਸੜਕ ਫਤਿਹਬਾਦੀਆਂ ਵਿਖੇ ਪਿਛਲੇ ਕਈ ਮਹੀਨਿਆਂ ਤੋਂ ਸੀਵਰੇਜ ਬੰਦ ਰਹਿਣ ਕਰ ਕੇ ਲੋਕ ਮੁਸ਼ਕਲਾਂ ਦਾ ਸਾਹਮਣਾ ਕਰਦੇ ਆ ਰਹੇ ਹਨ। ਇਲਾਕਾ ਨਿਵਾਸੀਆਂ ਪ੍ਰਿਤਪਾਲ ਸਿੰਘ, ਪਰਮਜੀਤ ਸਿੰਘ, ਸੁਰਿੰਦਰ ਸਿੰਘ, ਗਗਨਦੀਪ ਸਿੰਘ ਤੇ ਸਤਿੰਦਰ ਸਿੰਘ ਨੇ ਕਿਹਾ ਕਿ ਪੂਰੀ ਦੁਨੀਆ ਤੋਂ ਸੰਗਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨਾਂ ਲਈ ਆਉਂਦੀਆਂ ਹਨ ਪਰ ਸੀਵਰੇਜ ਅਕਸਰ ਬੰਦ ਰਹਿਣ ਕਰ ਕੇ ਸੰਗਤਾਂ ਆਪਣੇ ਨਾਲ ਸ਼ਹਿਰ ਪ੍ਰਤੀ ਮਾੜਾ ਸੁਨੇਹਾ ਲੈ ਕੇ ਜਾਂਦੀਆਂ ਹਨ। ਗਲਿਆਰਾ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਮੇਤ ਦਰਜਨਾਂ ਹੋਟਲ, ਸਰਾਵਾਂ ਹਨ, ਜਿਥੇ ਸੀਵਰੇਜ ਦਾ ਪਾਣੀ ਸੜਕਾਂ 'ਤੇ ਫੈਲਿਆ ਰਹਿੰਦਾ ਹੈ। ਟੁੱਟੇ ਸੀਵਰੇਜ ਦੇ ਢੱਕਣਾਂ ਕਾਰਨ ਦੁਰਘਟਨਾਵਾਂ ਹੋ ਰਹੀਆਂ ਹਨ। ਐੱਸ. ਈ. ਅਨੁਰਾਗ ਮਹਾਜਨ ਸਮੇਤ ਇਲਾਕੇ ਦੇ ਜੇ. ਈ. ਨਾਲ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਠੀਕ ਨਹੀਂ ਕੀਤਾ ਜਾ ਰਿਹਾ। ਸੰਗਤਾਂ ਬਦਬੂ 'ਚੋਂ ਲੰਘਣ ਅਤੇ ਇਲਾਕਾ ਨਿਵਾਸੀ ਗੰਦਗੀ 'ਚ ਜੀਵਨ ਬਸਰ ਕਰਨ ਲਈ ਮਜਬੂਰ ਹੋ ਰਹੇ ਹਨ। ਮੇਅਰ ਕਰਮਜੀਤ ਸਿੰਘ ਰਿੰਟੂ, ਕਮਿਸ਼ਨਰ ਸੋਨਾਲੀ ਗਿਰੀ ਤੇ ਨਵੇਂ ਚੁਣੇ ਕੌਂਸਲਰ ਜਗਦੀਪ ਸਿੰਘ ਰਿੰਕੂ ਨਰੂਲਾ ਤੋਂ ਮੰਗ ਹੈ ਕਿ ਸੀਵਰੇਜ ਮੁਸ਼ਕਲ ਦਾ ਪੱਕੇ ਤੌਰ 'ਤੇ ਹੱਲ ਕੱਢਿਆ ਜਾਵੇ।
ਖਸਤਾ ਹੋ ਚੁੱਕਾ ਹੈ 50 ਸਾਲਾਂ ਤੋਂ ਵੀ ਪੁਰਾਣਾ ਸੀਵਰੇਜ
ਸ੍ਰੀ ਦਰਬਾਰ ਸਾਹਿਬ ਦੇ ਨਾਲ ਲੱਗਦੀ ਸੜਕ ਫਤਿਹਬਾਦੀਆਂ ਦੇ ਸੀਵਰੇਜ ਦੀ ਹਾਲਤ ਪੂਰੀ ਤਰ੍ਹਾਂ ਖਸਤਾ ਹੋ ਚੁੱਕੀ ਹੈ। ਇਲਾਕਾ ਨਿਵਾਸੀਆਂ ਮੁਤਾਬਕ ਕਰੀਬ 50 ਸਾਲਾਂ ਤੋਂ ਵੀ ਵੱਧ ਪੁਰਾਣਾ ਸੀਵਰੇਜ ਲਗਾਤਾਰ ਮੁਸ਼ਕਲਾਂ ਪੈਦਾ ਕਰ ਰਿਹਾ ਹੈ। ਕਰੀਬ 3 ਫੁੱਟ ਡੂੰਘਾ ਸੀਵਰੇਜ ਅਕਸਰ ਬੰਦ ਰਹਿੰਦਾ ਹੈ। ਸੜਕ 'ਤੇ ਇੰਟਰਲਾਕਿੰਗ ਟਾਈਲਾਂ ਲਾਈਆਂ ਜਾ ਰਹੀਆਂ ਸਨ ਪਰ ਲੋਕਾਂ ਨੇ ਪਹਿਲਾਂ ਨਵਾਂ ਸੀਵਰੇਜ ਪਾਉਣ ਦੀ ਮੰਗ ਕੀਤੀ ਹੈ।
ਸੀਵਰੇਜ ਦੇ ਢੱਕਣ ਨਹੀਂ ਬਦਲੇ ਜਾ ਰਹੇ
ਇਲਾਕੇ 'ਚ ਕਈ ਮਹੀਨਿਆਂ ਤੋਂ ਸੀਵਰੇਜ ਦੇ ਢੱਕਣ ਟੁੱਟੇ ਹੋਏ ਹਨ। ਢੱਕਣ ਟੁੱਟ ਕੇ ਸੜਕ ਦੇ ਲੈਵਲ ਤੋਂ ਕਈ ਇੰਚ ਨੀਵੇਂ ਹੋ ਚੁੱਕੇ ਹਨ, ਜਿਨ੍ਹਾਂ 'ਚੋਂ ਸੀਵਰੇਜ ਦਾ ਪਾਣੀ ਸੜਕ 'ਤੇ ਫੈਲਦਾ ਹੈ। ਪਾਣੀ ਵਿਚ ਢੱਕਣ ਡੁੱਬੇ ਹੋਣ ਕਰ ਕੇ ਅਕਸਰ ਦੁਰਘਟਨਾਵਾਂ ਹੁੰਦੀਆਂ ਹਨ।
ਹੌਦੀਆਂ ਦੀ ਕਰਾਵਾਂਗੇ ਸਫਾਈ : ਨਰੂਲਾ
ਵਾਰਡ-62 ਦੇ ਕੌਂਸਲਰ ਜਗਦੀਪ ਸਿੰਘ ਨਰੂਲਾ ਨੇ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਸੀਵਰੇਜ ਹੌਦੀਆਂ ਦੀ ਸਫਾਈ ਨਹੀਂ ਕਰਵਾਈ ਗਈ। ਵਾਰਡ ਦੀਆਂ ਹੌਦੀਆਂ ਦੀ ਸਫਾਈ ਕਰਵਾਈ ਜਾਵੇਗੀ, ਜਿਸ ਲਈ ਲਿਖਤੀ ਤੌਰ 'ਤੇ ਨਿਗਮ ਕਮਿਸ਼ਨਰ ਤੋਂ 30 ਕਰਮਚਾਰੀਆਂ ਦੀ ਮੰਗ ਕੀਤੀ ਜਾ ਚੁੱਕੀ ਹੈ।