ਸੀਵਰੇਜ ਬੋਰਡ ਦੇ ਕਰਮਚਾਰੀਆਂ ਨੇ ਦਿੱਤਾ ਧਰਨਾ

Friday, Feb 16, 2018 - 02:09 AM (IST)

ਗੁਰਦਾਸਪੁਰ,  (ਦੀਪਕ)-   ਪੀ. ਡਬਲਯੂ. ਡੀ. ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਨੇ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਦੇ ਦਫਤਰ ਅੱਗੇ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਜਿਸ ਦੀ ਅਗਵਾਈ ਪ੍ਰਧਾਨ ਪ੍ਰੇਮ ਕੁਮਾਰ ਤੇ ਜ਼ਿਲਾ ਜਨਰਲ ਸਕੱਤਰ ਨੇਕਰਾਜ ਸਾਰੰਗਲ ਨੇ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕਾਰਜਕਾਰੀ ਇੰਜੀਨੀਅਰ ਵੱਲੋਂ ਰੈਗੂਲਰ ਕਾਮਿਆਂ ਨੂੰ ਦੋ ਮਹੀਨੇ ਦੀ ਤਨਖਾਹ ਤੇ ਆਊਟਸੋਰਸਿੰਗ 'ਤੇ ਕੰਮ ਕਰਦੇ ਸਾਰੇ ਕਰਮਚਾਰੀਆਂ ਨੂੰ ਪੰਜ ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ, ਜਿਸ ਨਾਲ ਵਰਕਰਾਂ 'ਚ ਰੋਸ ਹੈ। ਇਹੀ ਨਹੀਂ, ਸੇਵਾ ਮੁਕਤ ਕਰਮਚਾਰੀਆਂ ਨੂੰ ਅਜੇ ਤੱਕ ਉਨ੍ਹਾਂ ਦੀਆਂ ਲੀਵ ਇਨਕੈਸ਼ਮੈਂਟ, ਗ੍ਰੈਚੂਟੀ ਤੇ ਹੋਰ ਬਕਾਏ ਵੀ ਨਹੀਂ ਦਿੱਤੇ ਜਾ ਰਹੇ। ਇਸ ਤੋਂ ਇਲਾਵਾ ਬੁਲਾਰਿਆਂ ਨੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਜਮ ਕੇ ਨਿੰਦਾ ਕੀਤੀ।
ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੇ ਅਜੇ ਤੱਕ ਨਾ ਤਾਂ ਪੇ-ਕਮਿਸ਼ਨ ਬਿਠਾਇਆ ਤੇ ਨਾ ਹੀ ਕਰਮਚਾਰੀਆਂ ਦੇ ਡੀ.ਏ. ਦੀਆਂ ਬਣਦੀਆਂ ਕਿਸ਼ਤਾਂ ਦਿੱਤੀਆਂ ਤੇ ਨਾ ਹੀ ਚੋਣਾਂ ਸਮੇਂ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ, ਉਲਟਾ ਸਰਕਾਰ 'ਪਕੋਕਾ' ਕਾਨੂੰਨ ਬਣਾ ਕੇ ਮੁਲਾਜ਼ਮਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਕਾਰਜਕਾਰੀ ਇੰਜੀਨੀਅਰ ਦੇ ਭਰੋਸੇ ਤੋਂ ਬਾਅਦ ਸ਼ਾਂਤ ਹੋਏ ਧਰਨਾਕਾਰੀ
ਧਰਨਾਕਾਰੀਆਂ ਨਾਲ ਕਾਰਜਕਾਰੀ ਇੰਜੀਨੀਅਰ ਨੇ ਗੱਲਬਾਤ ਕਰ ਕੇ ਭਰੋਸਾ ਦਿੱਤਾ ਕਿ ਵਰਕਰਾਂ ਦੀ ਤਨਖਾਹ 1-2 ਦਿਨਾਂ 'ਚ ਦੇ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਧਰਨਾ ਚੁੱਕਿਆ ਗਿਆ।

ਇਹ ਸਨ ਧਰਨੇ 'ਚ ਸ਼ਾਮਲ
ਤਰਸੇਮ ਰਾਜ, ਕਾਲਾ ਮਸੀਹ, ਹਰਜਿੰਦਰ ਸਿੰਘ, ਮਾਨ ਸਿੰਘ, ਸੋਹਨ, ਸ਼ਾਮ ਲਾਲ, ਜਸਪਾਲ ਭੱਟੀ, ਲਖਵਿੰਦਰ ਸਿੰਘ, ਨਰੇਸ਼ ਕੁਮਾਰ, ਜਾਰਜ ਮਸੀਹ, ਸੋਹਨ ਲਾਲ ਆਦਿ।


Related News