ਸੀਵਰੇਜ ਦੇ ਝਮੇਲੇ ਵਧਣ ਲੱਗੇ; ਢੱਕਣ ਹੌਦੀ ''ਚ ਡਿੱਗਣ ਵਾਲੀ ਹਾਲਤ ''ਚ

10/02/2017 7:12:13 AM

ਬੇਗੋਵਾਲ, (ਰਜਿੰਦਰ)- ਬੇਗੋਵਾਲ ਸ਼ਹਿਰ 'ਚ ਵਿਛਾਈ ਗਈ ਸੀਵਰੇਜ ਲਾਈਨ ਲੋਕਾਂ ਨੂੰ ਸੁੱਖ ਸਹੂਲਤ ਦੇਣ ਦੇ ਮੰਤਵ ਨਾਲ ਵਿਛਾਈ ਗਈ ਸੀ, ਪਰ ਮੌਜੂਦਾ ਹਲਾਤਾਂ 'ਚ ਇਸ ਸੀਵਰੇਜ ਲਾਈਨ ਦੇ ਝਮੇਲੇ ਵਧਣ ਲੱਗ ਪਏ ਹਨ। ਹਾਲਾਤ ਇਹ ਹਨ ਕਿ ਬੇਗੋਵਾਲ ਸ਼ਹਿਰ 'ਚ ਬਲੋਚੱਕ ਰੋਡ 'ਤੇ ਸੀਵਰੇਜ ਦੀ ਹੌਦੀ 'ਚੋਂ ਗੰਦਾ ਪਾਣੀ ਬਾਹਰ ਨੂੰ ਆਉਣ ਲੱਗ ਪਿਆ ਹੈ ਅਤੇ ਇਸ ਹੌਦੀ ਦਾ ਉਪਰਲਾ ਹੋਲ ਖਰਾਬ ਹੋਣ ਕਾਰਨ ਇਸ ਹੋਲ 'ਤੇ ਲੱਗਾ ਢੱਕਣ ਕਿਸੇ ਵੇਲੇ ਵੀ ਸੀਵਰੇਜ ਹੌਦੀ ਵਿਚ ਡਿੱਗ ਸਕਦਾ ਹੈ। 
ਢੱਕਣ ਦੀ ਮਾੜੀ ਹਾਲਤ ਨੂੰ ਦਿਖਾਉਂਦੇ ਹੋਏ ਲੀਗਲ ਅਥਾਰਟੀ ਕਪੂਰਥਲਾ ਦੇ ਮੈਂਬਰ ਸੂਰਤ ਸਿੰਘ ਨੇ ਦੱਸਿਆ ਕਿ ਸੀਵਰੇਜ ਵਿਭਾਗ ਦੇ ਲੋਕਲ ਅਧਿਕਾਰੀ ਇਸ ਸੀਵਰੇਜ ਲਈ ਖਾਸ ਧਿਆਨ ਨਹੀਂ ਦਿੰਦੇ। ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਸੀਵਰੇਜ ਨੂੰ ਲੈ ਕੇ ਅਨੇਕਾਂ ਮੁਸ਼ਕਿਲਾਂ ਹਨ ਤੇ ਹਾਲੇ ਪਿਛਲੇ ਮਹੀਨੇ ਹੀ ਬੇਗੋਵਾਲ ਵਿਖੇ ਭੁਲੱਥ ਰੋਡ 'ਤੇ ਸੀਵਰੇਜ ਵਿਭਾਗ ਦੀ ਹੌਦੀ ਟੁੱਟ ਗਈ ਸੀ। ਉਨ੍ਹਾਂ ਕਿਹਾ ਕਿ ਬਲੋਚੱਕ ਰੋਡ 'ਤੇ ਸਮੇਂ ਸਿਰ ਜੇਕਰ ਸੀਵਰੇਜ ਵਿਭਾਗ ਨੇ ਧਿਆਨ ਨਾ ਦਿੱਤਾ ਤਾਂ ਸੀਵਰੇਜ ਹੌਦੀ ਦਾ ਢੱਕਣ ਕਿਸੇ ਵੇਲੇ ਵੀ ਹੌਦੀ ਵਿਚ ਡਿੱਗ ਕੇ ਕਿਸੇ ਹਾਦਸੇ ਨੂੰ ਸੱਦਾ ਦੇ ਸਕਦਾ ਹੈ।