ਰੋਜ਼ਾਨਾ 2 ਕਰੋੜ ਲਿਟਰ ਸੀਵਰੇਜ ਦਾ ਗੰਦਾ ਪਾਣੀ ਵਹਾਇਆ ਜਾ ਰਿਹਾ ਕਾਲਾ ਸੰਘਿਆਂ ਡਰੇਨ ''ਚ

05/22/2018 6:46:53 AM

ਜਲੰਧਰ, (ਖੁਰਾਣਾ)- ਹਾਲ ਹੀ ਵਿਚ ਬਿਨਾਂ ਟਰੀਟ ਕੀਤੇ ਇੰਡਸਟਰੀਅਲ ਵੇਸਟ ਪਾਏ ਜਾਣ ਨਾਲ ਬਿਆਸ ਦਰਿਆ ਜ਼ਹਿਰੀਲਾ ਹੋ ਗਿਆ, ਜਿਸ ਕਾਰਨ ਉਸ ਵਿਚ ਲੱਖਾਂ ਦੀ ਗਿਣਤੀ ਵਿਚ ਮੱਛੀਆਂ ਤੇ ਹੋਰ ਜੀਵ-ਜੰਤੂ ਮਰ ਗਏ। ਇਸ ਘਟਨਾ ਨੇ ਪੰਜਾਬ ਦੇ ਦਰਿਆਵਾਂ ਵਿਚ ਫੈਲ ਰਹੇ ਪ੍ਰਦੂਸ਼ਣ ਬਾਰੇ ਸੁਚੇਤ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਬਿਆਸ ਦਰਿਆ ਵਿਚ ਫੈਲ ਰਹੇ ਪ੍ਰਦੂਸ਼ਣ ਤੋਂ ਬਾਅਦ ਹੁਣ ਜ਼ਹਿਰੀਲਾ ਹੋਣ ਦੀ ਵਾਰੀ ਸਤਲੁਜ ਦਰਿਆ ਦੀ ਹੈ, ਜੋ ਕਾਫੀ ਹੱਦ ਤੱਕ ਪਹਿਲਾਂ ਹੀ ਪ੍ਰਦੂਸ਼ਿਤ ਹੋ ਚੁੱਕਾ ਹੈ। 
ਹੁਣ ਜਲੰਧਰ ਵਿਚੋਂ ਨਿਕਲਦੀ ਕਾਲਾ ਸੰਘਿਆਂ ਡਰੇਨ ਦੀ ਗੱਲ ਕਰੀਏ ਤਾਂ ਕਈ ਦਹਾਕੇ ਪਹਿਲਾਂ ਇਹ ਨਾਲਾ ਬਰਸਾਤੀ ਪਾਣੀ ਨੂੰ ਵੇਈਂ ਤੱਕ ਪਹੁੰਚਾਉਂਦਾ ਸੀ। ਹੌਲੀ-ਹੌਲੀ ਸ਼ਹਿਰ ਵੱਡਾ ਹੁੰਦਾ ਗਿਆ ਤੇ ਸ਼ਹਿਰ ਦਾ ਸਾਰਾ ਸੀਵਰ ਇਸ ਨਾਲੇ ਵਿਚ ਪਾਇਆ ਜਾਣ ਲੱਗਾ। ਭਾਵੇਂ ਸ਼ਹਿਰ ਵਿਚੋਂ ਨਿਕਲਦੇ ਸੀਵਰੇਜ ਨੂੰ ਟਰੀਟ ਕਰਨ ਲਈ ਜਲੰਧਰ ਵਿਚ ਫੋਲੜੀਵਾਲ, ਬਸਤੀ ਪੀਰਦਾਦ, ਜੈਤੇਵਾਲੀ ਅਤੇ ਬੰਬੀਆਂਵਾਲ ਵਿਚ ਟਰੀਟਮੈਂਟ ਪਲਾਂਟ ਲੱਗੇ ਹਨ ਪਰ ਵਧਦੀ ਆਬਾਦੀ ਨੂੰ ਵੇਖਦਿਆਂ ਇਹ ਪਲਾਂਟ ਨਾਕਾਫੀ ਸਾਬਿਤ ਹੋ ਰਹੇ ਹਨ। ਇਸ ਕਾਰਨ ਰੋਜ਼ਾਨਾ 2 ਕਰੋੜ ਲੀਟਰ ਤੋਂ ਵੱਧ ਸੀਵਰੇਜ ਦਾ ਗੰਦਾ ਪਾਣੀ ਬਿਨਾਂ ਟਰੀਟ ਕੀਤਿਆਂ ਕਾਲਾ ਸੰਘਿਆਂ ਡ੍ਰੇਨ ਵਿਚ ਪਾਇਆ ਜਾ ਰਿਹਾ ਹੈ ਅਤੇ ਇਹ ਕੰਮ ਪ੍ਰਾਈਵੇਟ ਤੌਰ 'ਤੇ ਲੋਕ ਜਾਂ ਇੰਡਸਟਰੀ ਵਾਲੇ ਨਹੀਂ ਕਰ ਰਹੇ, ਸਗੋਂ ਜਲੰਧਰ ਨਗਰ ਨਿਗਮ ਜਿਹੀ ਸਰਕਾਰੀ ਸੰਸਥਾ ਹੀ ਅਜਿਹਾ ਕਰਨ ਵਿਚ ਲੱਗੀ ਹੋਈ ਹੈ।
ਉੱਤਰੀ ਵਿਧਾਨ ਸਭਾ ਹਲਕੇ ਦਾ ਪਾਣੀ ਨਹੀਂ ਹੋ ਰਿਹਾ ਟਰੀਟ
ਫੋਲੜੀਵਾਲ ਟਰੀਟਮੈਂਟ ਪਲਾਂਟ, ਜੈਤੇਵਾਲੀ ਅਤੇ ਬੰਬੀਆਂਵਾਲ ਪਲਾਂਟ ਜਲੰਧਰ ਛਾਉਣੀ ਅਤੇ ਸੈਂਟਰਲ ਵਿਧਾਨ ਸਭਾ ਹਲਕਿਆਂ ਵਿਚ ਆਉਂਦੇ ਹਨ, ਜਦੋਂਕਿ ਬਸਤੀ ਪੀਰਦਾਦ ਸਥਿਤ ਸੀਵਰੇਜ ਟਰੀਟਮੈਂਟ ਪਲਾਂਟ ਜਲੰਧਰ ਵੈਸਟ ਹਲਕੇ ਵਿਚ ਆਉਂਦਾ ਹੈ। ਸ਼ਹਿਰ ਦੇ ਸਭ ਤੋਂ ਵੱਡੇ ਉੱਤਰੀ ਵਿਧਾਨ ਸਭਾ ਹਲਕੇ ਵਿਚ ਇਕ ਵੀ ਸੀਵਰੇਜ ਟਰੀਟਮੈਂਟ ਪਲਾਂਟ ਨਹੀਂ ਹੈ ਅਤੇ ਇਸ ਖੇਤਰ ਦਾ ਸਾਰਾ ਸੀਵਰ ਜੋ 20 ਐੱਮ. ਐੱਲ. ਡੀ. ਭਾਵ 2 ਕਰੋੜ ਲਿਟਰ ਰੋਜ਼ਾਨਾ ਬਣਦਾ ਹੈ, ਸਾਰਾ ਦਾ ਸਾਰਾ ਕਾਲਾ ਸੰਘਿਆਂ ਡਰੇਨ ਵਿਚ ਸੁੱਟਿਆ ਜਾ ਰਿਹਾ, ਇਸਦੇ ਲਈ ਗੁਰੂ ਅਮਰਦਾਸ ਕਾਲੋਨੀ ਦੇ ਨੇੜੇ, ਸ਼ਹੀਦ ਭਗਤ ਸਿੰਘ ਕਾਲੋਨੀ ਦੇ ਨੇੜੇ ਅਤੇ ਮਕਸੂਦਾਂ ਸਬਜ਼ੀ ਮੰਡੀ ਦੇ ਨੇੜੇ ਬਣੇ ਸੀਵਰੇਜ ਡਿਸਪੋਜ਼ਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਥੋਂ ਸੀਵਰੇਜ ਦਾ ਸਾਰਾ ਪਾਣੀ ਸਿੱਧਾ ਡਰੇਨ 'ਚ ਪਾ ਦਿੱਤਾ ਜਾਂਦਾ ਹੈ।
ਇਸ ਨਾਲੋਂ ਵੀ ਵੱਧ ਹੈਰਾਨੀ ਦੀ ਗੱਲ ਇਹ ਹੈ ਕਿ ਉੱਤਰੀ ਵਿਧਾਨ ਸਭਾ ਹਲਕੇ ਵਿਚ ਫੋਕਲ ਪੁਆਇੰਟ, ਇੰਡਸਟਰੀਅਲ ਅਸਟੇਟ, ਅਸਟੇਟ ਐਕਸਟੈਂਸ਼ਨ, ਇੰਡਸਟਰੀਅਲ ਏਰੀਆ ਅਤੇ ਕਈ ਇੰਡਸਟਰੀਅਲ ਜ਼ੋਨ ਪੈਂਦੇ ਹਨ ਅਤੇ ਜ਼ਿਆਦਾਤਰ ਇੰਡਸਟਰੀ ਦਾ ਪਾਣੀ ਕਾਲਾ ਸੰਘਿਆਂ ਡਰੇਨ ਵਿਚ ਜਾ ਰਿਹਾ ਹੈ।
ਵੇਈਂ ਤੋਂ ਲੈ ਕੇ ਸਤਲੁਜ ਤੱਕ ਪਹੁੰਚਦੈ ਡਰੇਨ ਦਾ ਪਾਣੀ
ਕੁਝ ਸਾਲ ਪਹਿਲਾਂ ਸੰਤ ਬਾਬਾ ਸੀਚੇਵਾਲ ਨੇ ਜਲੰਧਰ ਵਿਚੋਂ ਨਿਕਲਦੀ ਕਾਲਾ ਸੰਘਿਆਂ ਡਰੇਨ ਵਿਚ ਫੈਲ ਰਹੇ ਪ੍ਰਦੂਸ਼ਣ ਨੂੰ ਪ੍ਰਮੁੱਖਤਾ ਨਾਲ ਉਠਾਇਆ ਸੀ ਤੇ ਵੱਖ-ਵੱਖ ਸਰਕਾਰੀ ਮਹਿਕਮਿਆਂ ਦੀ ਕਾਰਜ ਪ੍ਰਣਾਲੀ ਤੋਂ ਨਾਰਾਜ਼ ਹੋ ਕੇ ਉਨ੍ਹਾਂ ਡਰੇਨ ਨੂੰ ਬੰਨ੍ਹ ਲਾ ਕੇ ਬੰਦ ਕਰ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਡਰੇਨ ਨਕੋਦਰ ਦੇ ਨੇੜੇ ਵੇਈਂ ਵਿਚ ਆ ਕੇ ਮਿਲਦੀ ਹੈ ਤੇ ਇਸ ਵੇਈਂ ਦਾ ਪਾਣੀ ਸਤਲੁਜ 'ਚ ਜਾ ਮਿਲਦਾ ਹੈ। ਪੰਜਾਬ ਦੇ ਮਾਲਵਾ ਖਿੱਤੇ ਦੇ ਲੋਕ ਸਤਲੁਜ ਦਾ ਪਾਣੀ ਪੀਣ ਲਈ ਵਰਤਦੇ ਹਨ। ਇਸ ਪਾਣੀ ਦੇ ਪ੍ਰਦੂਸ਼ਿਤ ਹੋਣ ਕਾਰਨ ਮਾਲਵਾ ਖੇਤਰ ਦਾ ਧਰਤੀ ਹੇਠਲਾ ਪਾਣੀ ਵੀ ਪ੍ਰਦੂਸ਼ਿਤ ਹੋ ਗਿਆ ਹੈ, ਜਿਸ ਕਾਰਨ ਉਥੇ ਕੈਂਸਰ ਅਤੇ ਹੋਰ ਮਾਰੂ ਰੋਗਾਂ ਵਿਚ ਚਿੰਤਾਜਨਕ ਹੱਦ ਤੱਕ ਵਾਧਾ ਹੋਇਆ ਹੈ। ਸੰਤ ਬਾਬਾ ਸੀਚੇਵਾਲ ਦੇ ਸਖ਼ਤ ਕਦਮਾਂ, ਨਾਰਾਜ਼ਗੀ ਦਿਖਾਉਣ ਅਤੇ ਲਗਾਤਾਰ ਮੁੱਦਾ ਉਠਾਉਣ ਦੇ ਬਾਵਜੂਦ ਜਲੰਧਰ ਨਿਗਮ ਹਰ ਰੋਜ਼ 2 ਕਰੋੜ ਲੀਟਰ ਸੀਵਰੇਜ ਦਾ ਪਾਣੀ ਕਾਲਾ ਸੰਘਿਆਂ ਡਰੇਨ ਵਿਚ ਵਹਾਅ ਰਿਹਾ ਹੈ ਜੋ ਕਾਫੀ ਚਿੰਤਾਜਨਕ ਹੈ ਤੇ ਨਿਗਮ ਦੀ ਨਾਲਾਇਕੀ ਪ੍ਰਗਟ ਕਰਦਾ ਹੈ।

ਜਲੰਧਰ, (ਬੁਲੰਦ)-ਜਲੰਧਰ ਦੀਆਂ ਇੰਡਸਟਰੀਅਲ ਇਕਾਈਆਂ ਦਾ ਗੰਦਾ ਪਾਣੀ ਕਾਲਾ ਸੰਘਿਆਂ ਡਰੇਨ 'ਚ ਨਹੀਂ ਪੈ ਰਿਹਾ। ਇਹ ਜਾਣਕਾਰੀ ਦਿੰਦਿਆਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਾਤਾਵਰਣ ਅਧਿਕਾਰੀ ਅਰੁਣ ਕੱਕੜ ਨੇ ਦੱਸਿਆ ਕਿ ਜਲੰਧਰ ਦੀ ਇੰਡਸਟਰੀ ਦਾ ਸਾਰਾ ਪਾਣੀ ਟਰੀਟ ਹੋ ਕੇ ਹੀ ਅੱਗੇ ਨਿਕਲਦਾ ਹੈ। 
250 ਫੈਕਟਰੀਆਂ 'ਚੋਂ ਨਿਕਲਣ ਵਾਲੇ ਗੰਦੇ ਪਾਣੀ ਨੂੰ ਫੈਕਟਰੀਆਂ 'ਚ ਲੱਗੇ ਸੀ. ਟੀ. ਪੀ. ਵਲੋਂ ਟਰੀਟ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਸੀਵਰੇਜ 'ਚ ਪਾਇਆ ਜਾਂਦਾ ਹੈ। 274 ਇਲੈਕਟ੍ਰੋਪਲੇਟਿੰਗ ਯੂਨਿਟ ਫੈਕਟਰੀਆਂ ਅਜਿਹੀਆਂ ਹਨ, ਜਿਨ੍ਹਾਂ ਦਾ ਗੰਦਾ ਪਾਣੀ ਲੁਧਿਆਣਾ ਟਰੀਟਮੈਂਟ ਲਈ ਭੇਜਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਲੈਦਰ ਕੰਪਲੈਕਸ ਦੀਆਂ ਸਾਰੀਆਂ ਫੈਕਟਰੀਆਂ 'ਚੋਂ ਨਿਕਲਣ ਵਾਲਾ ਗੰਦਾ ਪਾਣੀ ਉਥੇ ਲੱਗੇ ਸੀ. ਟੀ. ਪੀ. 'ਚ ਟਰੀਟ ਹੁੰਦਾ ਹੈ। ਨਗਰ ਨਿਗਮ ਜਲੰਧਰ ਦੇ ਸੀਵਰੇਜ ਦੇ ਪਾਣੀ ਨੂੰ ਟਰੀਟ ਕਰਨ ਲਈ 6 ਟਰੀਟਮੈਂਟ ਪਲਾਂਟ ਚੱਲ ਰਹੇ ਹਨ। 3 ਐੱਸ. ਟੀ. ਪੀ.  ਫੋਲੜੀਵਾਲ 'ਚ ਚੱਲ ਰਹੇ ਹਨ, ਜਿਨ੍ਹਾਂ 'ਚੋਂ ਇਕ 100 ਐੱਮ. ਐੱਲ. ਡੀ. ਤੇ  2 ਪਲਾਂਟ 25-25 ਐੱਮ. ਐੱਲ. ਡੀ. ਪਾਣੀ ਟਰੀਟ ਕਰਦੇ ਹਨ। ਬਸਤੀ ਪੀਰਦਾਦ 'ਚ 50 ਐੱਮ. ਐੱਲ. ਟੀ. ਪਾਣੀ ਟਰੀਟ ਕਰਨ ਵਾਲਾ ਐੱਸ.ਟੀ. ਪੀ. ਚਲ ਰਿਹਾ ਹੈ। 10 ਐੱਮ. ਐੱਲ. ਡੀ. ਪਾਣੀ ਬੰਬੀਆਂਵਾਲ ਦੇ ਐੱਸ. ਟੀ. ਪੀ. 'ਤੇ ਟਰੀਟ ਹੋ ਰਿਹਾ ਹੈ। 
ਕੱਕੜ ਨੇ ਦੱਸਿਆ ਕਿ ਜਲੰਧਰ ਨਗਰ ਨਿਗਮ 'ਚੋਂ 325 ਐੱਮ. ਐੱਲ. ਡੀ. ਪਾਣੀ ਨਿਕਲਦਾ ਹੈ ਤੇ 260 ਐੱਮ. ਐੱਲ. ਡੀ. ਪਾਣੀ ਟਰੀਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਪ੍ਰੋਜੈਕਟ 'ਚ ਫੋਲੜੀਵਾਲ ਤੇ ਬਸਤੀ ਪੀਰਦਾਦ ਦੇ ਐੱਸ. ਟੀ. ਪੀ. ਨੂੰ ਅਪਗਰੇਡ ਕਰਨ ਦੀ ਯੋਜਨਾ ਹੈ। ਜੇ ਇਹ ਦੋਵੇਂ ਪਲਾਂਟ ਅਪਗਰੇਡ ਹੋ ਜਾਂਦੇ ਹਨ ਤਾਂ ਨਗਰ ਨਿਗਮ ਦਾ ਸਾਰਾ ਪਾਣੀ ਟਰੀਟ ਹੋ ਕੇ ਹੀ ਸੀਵਰੇਜ 'ਚ ਡਿੱਗੇਗਾ।