ਲੋਕਾਂ ਲਈ ਸਿਰਦਰਦੀ ਬਣਿਆ ਸੀਵਰੇਜ ਦਾ ਕੰਮ, ਮੀਂਹ ਪੈਣ ਕਾਰਨ ਦਲਦਲ ਬਣਿਆਂ ਰੋਡ

06/10/2017 2:12:49 PM


ਕੋਟਕਪੂਰਾ(ਨਰਿੰਦਰ)-ਸਥਾਨਕ ਸ਼ਹਿਰ ਦੀ ਸਿੱਖਾਂ ਵਾਲਾ ਸੜਕ 'ਤੇ ਸੀਵਰੇਜ ਅਤੇ ਵਾਟਰ ਸਪਲਾਈ ਦੀਆਂ ਪਾਈਪਾਂ ਪਾਉਣ ਦਾ ਲੰਮੇ ਸਮੇਂ ਤੋਂ ਚੱਲ ਰਿਹਾ ਕੰਮ ਇਸ ਇਲਾਕੇ ਦੇ ਲੋਕਾਂ ਅਤੇ ਰਾਹਗੀਰਾਂ ਲਈ ਭਾਰੀ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਸ਼ਹਿਰ ਦੀ ਭਾਰੀ ਆਵਾਜਾਈ ਵਾਲੀ ਇਸ ਸੜਕ 'ਤੇ ਚੱਲ ਰਹੇ ਕੰਮ ਨੂੰ ਨਾ ਤਾਂ ਮਹਿਕਮੇ ਵੱਲੋਂ ਕੋਈ ਖਾਸ ਤਵੱਜੋ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਇਸ ਕੰਮ ਨੂੰ ਕਰਨ ਵਾਲਿਆਂ ਵੱਲੋਂ ਸਮੱਸਿਆ ਦੇ ਹੱਲ ਲਈ ਕੋਈ ਦਿਲਚਸਪੀ ਵਿਖਾਈ ਜਾ ਰਹੀ ਹੈ। ਇਸ ਸਬੰਧੀ ਮੁਹੱਲਾ ਵਾਸੀਆਂ ਵੱਲੋਂ ਪਿਛਲੇ ਸਮੇਂ ਦੌਰਾਨ ਕਈ ਵਾਰ ਵਿਭਾਗ ਦੇ ਐੱਸ. ਡੀ. ਓ. ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਅਜੇ ਤੱਕ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ। ਬੀਤੇ ਦਿਨ ਇਲਾਕੇ ਅੰਦਰ ਪਏ ਜ਼ੋਰਦਾਰ ਮੀਂਹ ਕਾਰਨ ਇਸ ਜਗ੍ਹਾ 'ਤੇ ਭਾਰੀ ਦਲਦਲ ਬਣ ਗਈ ਹੈ, ਜਿਸ ਕਾਰਨ ਇੱਥੇ ਕਿਸੇ ਵੀ ਸਮੇਂ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਲਗਾਤਾਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਇਨ੍ਹਾਂ ਮੁਹੱਲਿਆਂ ਦੇ ਵਸਨੀਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 48 ਘੰਟਿਆਂ ਦੇ ਅੰਦਰ-ਅੰਦਰ ਇਸ ਗੰਭੀਰ ਸਮੱਸਿਆ ਦਾ ਕੋਈ ਠੋਸ ਹੱਲ ਨਾ ਕੀਤਾ ਗਿਆ ਤਾਂ ਬੱਤੀਆਂ ਵਾਲੇ ਚੌਕ 'ਚ ਰੋਸ ਧਰਨਾ ਦੇ ਕੇ ਆਜਾਵਾਈ ਠੱਪ ਕੀਤੀ ਜਾਵੇਗੀ, ਜਿਸ ਦੀ ਸਾਰੀ ਜ਼ਿੰਮੇਵਾਰੀ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ।
 ਇਸ ਸਬੰਧ 'ਚ ਜਦ ਵਿਭਾਗ ਦੇ ਐੱਸ. ਡੀ. ਓ. ਅਸ਼ੋਕ ਮੈਣੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬਦਲੀ ਫਾਜ਼ਿਲਕਾ ਵਿਖੇ ਹੋ ਗਈ ਹੈ ਪਰ ਫਿਰ ਵੀ ਉਹ ਨਵੇਂ ਆਏ ਐੱਸ. ਡੀ. ਓ. ਨੂੰ ਇਸ ਸਮੱਸਿਆ ਸਬੰਧੀ ਦੱਸ ਕੇ ਇਸ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ।