ਵੱਖ-ਵੱਖ ਸੜਕ ਹਾਦਸਿਆਂ ''ਚ ਕਈ ਜ਼ਖਮੀ

Saturday, Jan 13, 2018 - 06:44 AM (IST)

ਕਲਾਨੌਰ, (ਮਨਮੋਹਨ, ਵਤਨ)- ਬੀਤੀ ਸ਼ਾਮ ਪਿੰਡ ਦੇਹੜ ਗਵਾਰ ਕੋਲ ਕੋਟਲੀ ਸੂਰਤ ਤੋਂ ਕਲਾਨੌਰ ਆ ਰਹੀ ਇਕ ਪ੍ਰਾਈਵੇਟ ਮਿੰਨੀ ਬੱਸ ਸੰਤੁਲਨ ਵਿਗੜਨ ਕਾਰਨ ਦਰੱਖਤ ਵਿਚ ਜਾ ਵੱਜੀ ਅਤੇ ਪਲਟ ਗਈ, ਜਿਸ ਕਾਰਨ ਕਰੀਬ 16 ਸਵਾਰੀਆਂ ਜ਼ਖਮੀ ਹੋ ਗਈਆਂ।   ਜਾਣਕਾਰੀ ਅਨੁਸਾਰ ਅੱਜ ਦੇਰ ਸ਼ਾਮ ਇਕ ਨਿੱਜੀ ਬੱਸ, ਜੋ ਬਟਾਲਾ ਤੋਂ ਵਾਇਆ ਕੋਟਲੀ ਸੂਰਤ ਮੱਲ੍ਹੀ ਰਾਹੀਂ ਕਲਾਨੌਰ ਆ ਰਹੀ ਸੀ, ਪਿੰਡ ਦੇਹੜ ਗਵਾਰ ਕੋਲ ਸੰਤੁਲਨ ਵਿਗੜਨ ਕਾਰਨ ਦਰੱਖਤ ਵਿਚ ਵੱਜ ਕੇ ਪਲਟ ਗਈ, ਜਿਸ ਕਾਰਨ 16 ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਤੁਰੰਤ 108 ਐਂਬੂਲੈਂਸ ਰਾਹੀਂ ਕਮਿਊਨਿਟੀ ਹੈਲਥ ਸੈਂਟਰ ਕਲਾਨੌਰ ਵਿਖੇ ਦਾਖਲ ਕਰਵਾਇਆ ਗਿਆ।  
ਜ਼ਖਮੀਆਂ 'ਚ ਹਰਕੀਰਤ ਸਿੰਘ ਵਾਸੀ ਸਾਲੇਚੱਕ, ਵਿਕਟਰ ਮਸੀਹ (60) ਤੇ ਉਸ ਦੀ ਪਤਨੀ ਪਿਆਰੀ (55) ਨਵਾਂ ਪਿੰਡ, ਬਿੰਦਰ ਮਸੀਹ 60 ਨਵਾਂ ਪਿੰਡ, ਨੀਲਾ ਪਤਨੀ ਅਜੀਤ ਸਿੰਘ ਵਾਸੀ ਕਲਾਨੌਰ, ਕੁਲਵਿੰਦਰ ਕੌਰ (33), ਕੁਰਸੈਦਾ (60) ਪਠਾਨਕੋਟ, ਸਵਰਨ ਧੀਦੋਵਾਲ (60), ਕੁਲਵਿੰਦਰ ਕੌਰ (33), ਸੋਹਨ ਮਸੀਹ (60)  ਹਰਭਜਨ ਕੌਰ (55) ਕਾਮਲਪੁਰ, ਰਜਨੀ (33) ਪਠਾਨਕੋਟ, ਤਰੀਜਾਂ (60) ਜਲੰਧਰ, ਰਜਿੰਦਰ ਕੌਰ ਕਾਂਸਟੇਬਲ ਗੁਰਦਾਸਪੁਰ, ਰਿਬਕਾ ਪਿੰਡ ਰਵਾਲ, ਲੀਲਾ (60) ਸ਼ਾਹਪੁਰ ਆਦਿ ਹਨ, ਜਿਨ੍ਹਾਂ ਦਾ ਸਰਕਾਰੀ ਹਸਪਤਾਲ ਕਲਾਨੌਰ ਵਿਖੇ ਡਾਕਟਰ ਰਜੇਸ਼ ਕੁਮਾਰ, ਫਾਰਮਾਸਿਸਟ ਰਣਬੀਰ ਸਿੰਘ ਅਤੇ ਸਟਾਫ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ, ਜਦਕਿ ਤਿੰਨ ਜ਼ਖਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਗੁਰਦਾਸਪੁਰ ਵਿਖੇ ਰੈਫਰ ਕੀਤਾ ਗਿਆ। 
ਬਟਾਲਾ, (ਸੈਂਡੀ/ਸਾਹਿਲ)- ਅੱਜ ਸਵੇਰੇ ਕਸਬਾ ਧਿਆਨਪੁਰ ਵਿਖੇ ਸੜਕ ਹਾਦਸੇ 'ਚ ਇਕ ਵਿਦਿਆਰਥੀ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਲਵਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਮਲਕਵਾਲ ਧਿਆਨਪੁਰ ਸਰਕਾਰੀ ਹਾਈ ਸਕੂਲ 'ਚ 12ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਸਵੇਰੇ ਆਪਣੇ ਮੋਟਰਸਾਈਕਲ 'ਤੇ ਸਕੂਲ ਜਾ ਰਿਹਾ ਸੀ ਕਿ ਰਸਤੇ 'ਚ ਧੁੰਦ ਹੋਣ ਕਾਰਨ ਅਚਾਨਕ ਉਸ ਦਾ ਮੋਟਰਸਾਈਕਲ ਇਕ ਕਾਰ ਨਾਲ ਜਾ ਟਕਰਾਇਆ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਤੁਰੰਤ 108 ਐਂਬੂਲੈਂਸ ਦੇ ਕਰਮਚਾਰੀਆਂ ਪਾਇਲਟ ਜਤਿੰਦਰ ਸਿੰਘ ਵਿਰਕ, ਈ. ਐੱਮ. ਟੀ. ਤੇਜਵਿੰਦਰ ਸਿੰਘ ਪੱਡਾ ਨੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। 
ਬਟਾਲਾ, (ਸੈਂਡੀ)- ਅੱਜ ਨਜ਼ਦੀਕੀ ਪਿੰਡ ਗਿੱਲਾਂਵਾਲੀ ਵਿਖੇ ਸੜਕ ਹਾਦਸੇ 'ਚ ਇਕੋ ਹੀ ਪਰਿਵਾਰ ਦੇ 3 ਮੈਂਬਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਬਿਕਰਮਜੀਤ ਪੁੱਤਰ ਸ਼ਿੰਦਰ ਮਸੀਹ ਵਾਸੀ ਹਾਰਦਲਵਾਲ ਅੱਜ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਤਨੀ ਰਿੰਪੀ ਅਤੇ ਮਾਤਾ ਜਗੀਰੋ ਨਾਲ ਧਾਰੀਵਾਲ ਸਾਈਡ ਨੂੰ ਜਾ ਰਿਹਾ ਸੀ ਕਿ ਗਿੱਲਾਂਵਾਲੀ ਕੋਲ ਇਕ ਤੇਜ਼ ਰਫ਼ਤਾਰ ਕਾਰ ਨਾਲ ਇਨ੍ਹਾਂ ਦੀ ਟੱਕਰ ਹੋ ਗਈ, ਜਿਸ ਨਾਲ ਤਿੰਨੋਂ ਮੈਂਬਰ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ 108 ਐਂਬੂਲੈਂਸ ਦੇ ਕਰਮਚਾਰੀਆਂ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ। 
ਬਟਾਲਾ, (ਸੈਂਡੀ/ਕਲਸੀ)- ਅੱਜ ਬਟਾਲਾ-ਕਾਦੀਆਂ ਰੋਡ 'ਤੇ ਹੋਏ ਸੜਕ ਹਾਦਸੇ 'ਚ 2 ਭਰਾਵਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਹੰਸ ਰਾਜ ਪੁੱਤਰ ਰਾਮ ਸਿੰਘ ਅਤੇ ਪਰਮਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਆਨ ਹਰਪੁਰਾ, ਜੋ ਦੋਵੇਂ ਚਾਚੇ-ਤਾਏ ਦੇ ਲੜਕੇ ਹਨ, ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਕਿਸੇ ਕੰਮ ਜਾ ਰਹੇ ਸਨ ਕਿ ਵਡਾਲਾ ਗ੍ਰੰਥੀਆਂ ਅੱਡੇ 'ਚ ਅਚਾਨਕ ਉਨ੍ਹਾਂ ਦੀ ਸੜਕ ਪਾਰ ਕਰ ਰਹੇ ਵਿਅਕਤੀ ਨਾਲ ਟੱਕਰ ਹੋ ਗਈ, ਜਿਸ ਨਾਲ ਦੋਵੇਂ ਨੌਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। 


Related News