ਡੀ. ਸੀ. ਨੇ ਸੇਵਾ ਕੇਂਦਰ ਦਾ ਕੀਤਾ ਦੌਰਾ, ਅੰਦਰ ਦੇ ਹਾਲਾਤ ਦੇਖ ਕੇ ਹੈਰਾਨ ਰਹਿ ਗਏ (ਵੀਡੀਓ)

08/10/2018 3:19:43 PM

ਜਲੰਧਰ, (ਅਮਿਤ)—ਸੂਬੇ ਦੇ ਲਗਭਗ ਸਾਰੇ ਸੇਵਾ ਕੇਂਦਰ ਆਮ ਜਨਤਾ ਦੀ ਸੇਵਾ ਕਰਨ ਦੀ ਜਗ੍ਹਾ ਉਨ੍ਹਾਂ ਨੂੰ ਦੁੱਖ-ਤਕਲੀਫ ਦੇਣ ਦਾ ਕੰਮ ਕਰ ਰਹੇ ਹਨ। ਆਏ ਦਿਨ ਕਿਸੇ ਨਾ ਕਿਸੇ ਸੇਵਾ ਕੇਂਦਰ 'ਚ ਜਨਤਾ ਨੂੰ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਲਗਾਤਾਰ ਸੁਣਨ ਨੂੰ ਮਿਲਦਾ ਰਹਿੰਦਾ ਹੈ। ਸੇਵਾ ਕੇਂਦਰ ਪ੍ਰਾਜੈਕਟ ਪਹਿਲੇ ਦਿਨ ਤੋਂ ਹੀ ਵਿਵਾਦਾਂ ਨਾਲ ਘਿਰਿਆ ਰਿਹਾ ਹੈ। ਆਮ ਜਨਤਾ ਨੂੰ ਸਾਰੀਆਂ ਸਰਕਾਰੀ ਸੇਵਾਵਾਂ ਇਕ ਹੀ ਛੱਤ ਹੇਠਾਂ ਦੇਣ ਦੇ ਉਦੇਸ਼ ਨਾਲ ਖੋਲ੍ਹੇ ਗਏ ਸੇਵਾ ਕੇਂਦਰ ਹੌਲੀ-ਹੌਲੀ ਆਮ ਜਨਤਾ ਲਈ ਜੀਅ ਦਾ ਜੰਜਾਲ ਬਣ ਕੇ ਰਹਿ ਗਏ ਹਨ। ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਵੀਰਵਾਰ ਨੂੰ ਈ. ਐੱਮ. ਜੈ. ਇੰਦਰ ਸਿੰਘ ਨਾਲ ਟਾਈਪ-1 ਸੇਵਾ ਕੇਂਦਰ ਦਾ ਦੌਰਾ ਕੀਤਾ। ਅੰਦਰ ਦਾਖਲ ਹੁੰਦੇ ਹੀ ਉਥੋਂ ਦੇ ਹਾਲਾਤ ਦੇਖ ਕੇ ਡੀ. ਸੀ. ਹੈਰਾਨ ਰਹਿ ਗਏ। ਜ਼ਿਕਰਯੋਗ ਹੈ ਕਿ ਸੂਬੇ 'ਚ ਸੇਵਾ ਕੇਂਦਰ ਆਪ੍ਰੇਟ ਕਰਨ ਵਾਲੀ ਨਿੱਜੀ ਕੰਪਨੀ ਬੀ. ਐੱਲ. ਐੱਸ. ਸਾਲਿਊਸ਼ਨਸ ਵਲੋਂ ਨਵਾਂ ਐਗਰੀਮੈਂਟ ਸਾਈਨ ਕਰਨ ਤੋਂ ਬਾਅਦ 1 ਅਗਸਤ 2018 ਤੋਂ ਇਕ ਵਾਰ ਫਿਰ ਤੋਂ ਸੇਵਾ ਕੇਂਦਰਾਂ ਦੀ ਕਮਾਨ ਸੰਭਾਲੀ ਗਈ ਹੈ ਪਰ 9 ਦਿਨ ਦਾ ਸਮਾਂ ਬੀਤਣ ਤੋਂ ਬਾਅਦ ਵੀ ਅੱਜ ਤਕ ਕੰਪਨੀ ਵਲੋਂ ਸੁਧਾਰ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ ਹੈ, ਜਿਸ ਨਾਲ ਕੰਪਨੀ ਦੀ ਨੀਅਤ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋਣਾ ਸੁਭਾਵਕ ਹੈ। ਇਸ ਲਈ ਪ੍ਰਸ਼ਾਸਨ ਵਲੋਂ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਐਗਰੀਮੈਂਟ ਦੀਆਂ ਸ਼ਰਤਾਂ ਅਨੁਸਾਰ ਤੈਅ 30 ਦਿਨਾਂ ਦੇ ਸਮੇਂ ਅੰਦਰ ਸੇਵਾ ਕੇਂਦਰਾਂ ਦੇ ਹਾਲਾਤ 'ਚ ਸੁਧਾਰ ਕਰਦੇ ਹੋਏ ਜਨਤਾ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਸਕਣ। ਉਨ੍ਹਾਂ ਨੇ ਸੇਵਾ ਕੇਂਦਰ 'ਚ ਆਪਣੇ-ਆਪਣੇ ਕੰਮ ਆਏ ਲੋਕਾਂ ਨਾਲ ਵੀ ਗੱਲਬਾਤ ਕਰਕੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਦੀ ਜਾਣਕਾਰੀ ਪ੍ਰਾਪਤ ਕੀਤੀ।

ਸੇਵਾ ਦੇਣ 'ਚ ਦੇਰੀ ਕਰਨ 'ਤੇ ਲੱਗ ਸਕਦੈ ਜੁਰਮਾਨਾ
ਡੀ.ਸੀ. ਨੇ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ 72 ਘੰਟਿਆਂ ਦੇ ਅੰਦਰ-ਅੰਦਰ ਵਿਵਸਥਾ 'ਚ ਸੁਧਾਰ ਨਹੀਂ ਹੋਇਆ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਨਵੇਂ ਐਗਰੀਮੈਂਟ ਦੀਆਂ ਸ਼ਰਤਾਂ ਅਨੁਸਾਰ ਕਿਸੇ ਵੀ ਬਿਨੈਕਾਰ ਨੂੰ ਟੋਕਨ ਜਾਰੀ ਹੋਣ ਤੋਂ ਬਾਅਦ 25 ਮਿੰਟ ਅੰਦਰ ਹਰ ਸੇਵਾ ਦੇਣੀ ਜ਼ਰੂਰੀ ਹੈ। ਜੇਕਰ ਕਿਸੇ ਬਿਨੈਕਾਰ ਨੂੰ ਸੇਵਾ ਦੇਣ 'ਚ 25 ਮਿੰਟ ਤੋਂ ਵੱਧ ਸਮਾਂ ਲੱਗਦਾ ਹੈ ਤਾਂ ਉਸ ਹਾਲਾਤ 'ਚ ਬਣਦੀ ਕਾਰਵਾਈ ਕੀਤੀ ਜਾਵੇਗੀ, ਜਿਸ ਤਹਿਤ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।

22 'ਚੋਂ ਚੱਲ ਰਹੇ ਸਿਰਫ 13 ਕਾਊਂਟਰ, ਬਾਕੀ ਤੁਰੰਤ ਹੋਣਗੇ ਚਾਲੂ
ਆਪਣੇ ਦੌਰੇ 'ਚ ਸੇਵਾ ਕੇਂਦਰ ਦੇ ਕੰਮਕਾਜ ਤੋਂ ਅਸੰਤੁਸ਼ਟੀ ਜ਼ਾਹਿਰ ਕਰਦੇ ਹੋਏ ਡੀ. ਸੀ. ਨੇ ਕਿਹਾ ਕਿ 22 ਕਾਊਂਟਰ ਚਲਾਏ ਜਾਣੇ ਹਨ ਪਰ ਮੌਜੂਦਾ ਸਮੇਂ 'ਚ ਸਿਰਫ 13 ਕਾਊਂਟਰ ਚੱਲ ਰਹੇ ਹਨ। ਇਸ ਲਈ ਬਿਨਾਂ ਕਿਸੇ ਦੇਰੀ ਦੇ ਬਾਕੀ ਦੇ ਕਾਊਂਟਰ ਚਾਲੂ ਕੀਤੇ ਜਾਣ ਅਤੇ ਜਨਤਾ ਨੂੰ ਸਾਰੀਆਂ ਸੇਵਾਵਾਂ ਦਿੱਤੀਆਂ ਜਾਣ।