8 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਸੇਵਾ ਕੇਂਦਰ ਦੇ ਕਰਮਚਾਰੀਆਂ ’ਚ ਰੋਸ

08/30/2018 5:24:34 AM

 ਸੁਲਤਾਨਪੁਰ ਲੋਧੀ,   (ਸੋਢੀ)-  ਪੰਜਾਬ ਦੇ ਸੇਵਾ ਕੇਂਦਰਾਂ ’ਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਪਿਛਲੇ 8 ਮਹੀਨੇ ਤੋਂ ਤਨਖਾਹ ਨਾ ਮਿਲਣ ਕਾਰਨ ਸੇਵਾ ਕੇਂਦਰ ਦੇ ਮੁਲਾਜ਼ਮ ਤੇ ਉਨ੍ਹਾਂ ਦੇ ਪਰਿਵਾਰ ਭਾਰੀ ਪ੍ਰੇਸ਼ਾਨੀ ’ਚ ਦਿਨ ਕੱਟ ਰਹੇ ਹਨ। ਤਨਖਾਹਾਂ ਨਾ ਮਿਲਣ ਕਾਰਨ ਉਨ੍ਹਾਂ ਨੂੰ ਘਰਾਂ ਦਾ ਗੁਜ਼ਾਰਾ ਕਰਨਾ ਅੌਖਾ ਹੋ ਗਿਅਾ ਹੈ ਤੇ ਬੱਚਿਅਾਂ ਸਮੇਤ ਭੁੱਖੇ ਢਿੱਡ ਸੌਣ ਲਈ ਮਜਬੂਰ ਹੋ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। 
ਜ਼ਿਕਰਯੋਗ  ਹੈ ਕਿ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਹੱਟ ਸਾਹਿਬ ਨੇਡ਼ੇ  ਬਣੇ ਸੇਵਾ ਕੇਂਦਰ ’ਚ ਚਾਰ ਮੁਲਾਜ਼ਮ, ਇਕ ਗਾਰਡ ਤੇ ਇਕ ਸਫਾਈ ਕਰਮਚਾਰੀ ਕੰਮ ਕਰ ਰਹੇ ਹਨ  ਤੇ ਇਸੇ ਹੀ ਤਰ੍ਹਾਂ ਬਾਕੀ ਅਨੇਕਾਂ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਨੂੰ ਬਿਨਾਂ ਤਣਖਾਹ  ਤੋਂ ਹੀ ਪਿਛਲੇ 8 ਮਹੀਨਿਆਂ ਤੋਂ ਮਜਬੂਰਨ ਕੰਮ ਕਰਨਾ ਪੈ ਰਿਹਾ ਹੈ। ਹੋਰ ਜਾਣਕਾਰੀ  ਅਨੁਸਾਰ  ਇਹ ਸੇਵਾ ਕੇਂਦਰ ਪਿਛਲੀ ਸਰਕਾਰ ਨੇ ਚਾਲੂ ਕੀਤੇ ਸਨ ਤੇ ਸਰਕਾਰ ਨੇ ਨਿੱਜੀ  ਕੰਪਨੀ ਨਾਲ ਟੈਂਡਰ ਕੀਤਾ ਸੀ, ਜਿਸਦਾ ਨਵਾਂ ਟੈਂਡਰ ਵੀ ਹੁਣ ਨਵੀਂ ਸਰਕਾਰ ਨਾਲ ਹੋ ਚੁੱਕਾ  ਹੈ ਪਰ ਫਿਰ ਵੀ ਸੇਵਾ ਕੇਂਦਰ ’ਚ ਪੂਰੀ ਤਨਦੇਹੀ ਨਾਲ ਡਿਊਟੀ ਕਰਨ ਵਾਲੇ ਕਰਮਚਾਰੀਆਂ ਨੂੰ  ਤਣਖਾਹ ਕਿਉਂ ਨਹੀਂ ਦਿੱਤੀ ਜਾ ਰਹੀ? 
ਇਸ ਮਸਲੇ ਸਬੰਧੀ ਜਦੋਂ ਸੁਲਤਾਨਪੁਰ ਲੋਧੀ ਪਹੁੰਚੇ ਤਾਂ ਉੱਥੇ ਦੇ ਇੰਚਾਰਜ ਕਮਲਜੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਕੰਪਨੀ ਨਾਲ ਪਿਛਲੇ 8 ਮਹੀਨੇ ਤੋਂ ਤਨਖਾਹਾਂ ਨਾ ਮਿਲਣ ਕਾਰਨ ਗੱਲਬਾਤ ਕੀਤੀ ਗਈ ਸੀ ਅਤੇ ਕੰਪਨੀ ਨੇ ਵਿਸ਼ਵਾਸ ਦਿਵਾਇਆ ਸੀ ਕਿ ਸਰਕਾਰ ਵੱਲੋ ਫੰਡ ਰਿਲੀਜ਼ ਕਰਨ ’ਤੇ ਜਲਦ ਹੀ ਮੁਲਾਜ਼ਮਾਂ ਨੂੰ ਤਨਖਾਹ ਦਿੱਤੀ ਜਾਵੇਗੀ   ਪਰ ਪਿਛਲੇ ਕਈ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਹਰ ਇਕ ਕਰਮਚਾਰੀ ਆਰਥਿਕ ਤੌਰ ’ਤੇ ਪ੍ਰੇਸ਼ਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਸਾਰੇ ਕਰਮਚਾਰੀ ਆਪਣੀਆਂ ਸੇਵਾਵਾਂ ਲਗਾਤਾਰ ਪੂਰੀ ਲਗਨ ਨਾਲ ਨਿਭਾ ਰਹੇ ਹਨ ਪਰ ਹੁਣ ਆਰਥਿਕ ਪ੍ਰੇਸ਼ਾਨੀ ਕਾਫੀ ਵੱਧ ਚੁੱਕੀ ਹੈ।
ਵਰਣਨਯੋਗ ਹੈ ਕਿ ਤਕਰੀਬਨ ਇਕ ਸਾਲ  ਪਹਿਲਾਂ ਪਾਵਰਕਾਮ ਵਲੋਂ ਬਿਜਲੀ ਬਿਲ ਨਾ ਭਰਣ ਦੀ ਸੂਰਤ ਵਿਚ ਸੇਵਾ ਕੇਂਦਰ ਸੁਲਤਾਨਪੁਰ ਲੋਧੀ, ਤਲਵੰਡੀ ਚੌਧਰੀਆਂ, ਡਡਵਿੰਡੀ, ਠੱਟਾ ਤੇ ਹੋਰਨਾਂ  ਸੇਵਾ ਕੇਂਦਰਾਂ ਬਿਜਲੀ ਦੇ ਕੁਨੈਕਸ਼ਨ ਕੱਟੇ ਗਏ ਸਨ, ਜਿਸ ਤੋਂ ਬਾਅਦ ਸੇਵਾ ਕੇਂਦਰਾਂ ਦੇ ਕਰਮਚਾਰੀ ਜਰਨੇਟਰ ਨਾਲ ਬੈਟਰੀਆਂ ਚਾਰਜ ਕਰ ਕੇ ਹੀ ਬਿਜਲੀ ਇਨਵਰਟਰ ਨਾਲ ਜਨਤਾ ਦੇ ਕੰਮ ਨਿਪਟਾ ਰਹੇ ਹਨ ਤੇ ਸਰਕਾਰ ਨੂੰ ਲੱਖਾਂ ਰੁਪਏ ਕਮਾ ਕੇ ਦੇ ਚੁੱਕੇ ਹਨ। 

ਕਰਮਚਾਰੀਅਾਂ ਦਾ ਦੋਸ਼ : ਸਾਡੀ ਕੋਈ  ਅਧਿਕਾਰੀ ਨਹੀਂ ਲੈ ਰਿਹਾ ਸਾਰ
ਸੇਵਾ ਕੇਂਦਰਾਂ ਦੇ ਕਰਮਚਾਰੀਆਂ ਦੱਸਿਆ ਕਿ ਪਹਿਲਾਂ ਤਾਂ ਉਨ੍ਹਾਂ ਦੀ ਕੰਪਨੀ ਵਾਲੇ ਉਨ੍ਹਾਂ ਨੂੰ ਜਰਨੇਟਰ ਚਲਾ ਕੇ ਬੈਟਰੇ ਚਾਰਜ ਕਰਨ ਲਈ ਥੋਡ਼੍ਹਾ-ਥੋਡ਼੍ਹਾ ਡੀਜ਼ਲ ਤੇਲ ਦਿੰਦੇ ਸਨ ਪਰ ਹੁਣ ਤੇਲ ਦੇਣਾ ਵੀ ਕੰਪਨੀ ਨੇ ਬੰਦ ਕਰ ਦਿੱਤਾ ਹੈ। ਕਰਮਚਾਰੀਆਂ ਦੋਸ਼ ਲਾਇਆ ਕਿ ਸਰਕਾਰ ਨਾਲ ਐਗਰੀਮੈਂਟ ਕਰਨ ਵਾਲੀ ਨਿੱਜੀ ਕੰਪਨੀ ਦੇ ਸੀਨੀਅਰ ਅਧਿਕਾਰੀ ਹੁਣ ਉਨ੍ਹਾਂ ਦੇ ਫੋਨ ਵੀ ਨਹੀਂ ਉਠਾ ਰਹੇ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਲਾਰੇ ਲਗਾ-ਲਗਾ ਕੇ ਉਨ੍ਹਾਂ ਤੋਂ ਕੰਮ ਲਿਆ ਜਾਂਦਾ ਰਿਹਾ  ਪਰ ਹੁਣ ਬਿਲਕੁਲ ਹੀ ਉਨ੍ਹਾਂ ਨਾਲ ਕੋਈ ਰਾਬਤਾ ਨਹੀਂ ਹੋ ਰਿਹਾ ਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਹੀ ਉਨ੍ਹਾਂ ਦੀ ਸਾਰ ਲੈ ਰਿਹਾ ਹੈ। ਸਮੂਹ ਕਰਮਚਾਰੀਆਂ ਮੰਗ ਕੀਤੀ ਕਿ ਸੇਵਾ ਕੇਂਦਰਾਂ ਦੇ ਬਿਜਲੀ ਦੇ ਕੁਨੈਕਸ਼ਨ ਜਲਦੀ ਚਲਵਾਏ ਜਾਣ ਤੇ ਉਨ੍ਹਾਂ ਦੀਆਂ  ਤਣਖਾਹਾਂ ਜਲਦੀ ਦਿੱਤੀਆਂ ਜਾਣ ।
ਨਵੇਂ ਕਰਾਰ ਅਨੁਸਾਰ ਸੇਵਾ ਕੇਂਦਰਾਂ ਦੀ ਬਿਜਲੀ, ਇੰਟਰਨੈੱਟ ਦੇ ਬਿੱਲਾਂ ਦੀ ਅਦਾਇਗੀ ਨਿੱਜੀ ਕੰਪਨੀ ਆਪ ਕਰੇਗੀ :  ਮਨਪ੍ਰੀਤ  ਬਾਦਲ 
ਇਸ ਸਬੰਧੀ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਦੀ ਪਿਛਲੀ ਸਰਕਾਰ ਨੇ ਰਾਜ ਦੇ 2139 ਸੇਵਾ ਕੇਂਦਰਾਂ ਚਲਾਉਣ ਲਈ ਜਿਸ ਨਿੱਜੀ ਕੰਪਨੀ ਨਾਲ ਕਰਾਰ ਕੀਤਾ ਗਿਆ ਸੀ, ਉਸ ਨੂੰ ਰੱਦ ਕਰ ਕੇ ਉਸੇ ਕੰਪਨੀ ਨਾਲ ਹੀ ਦੁਬਾਰਾ ਸੇਵਾ ਕੇਂਦਰ ਚਲਾਉਣ ਦਾ ਕਰਾਰ ਮੌਜੂਦਾ ਸਰਕਾਰ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਵੇਂ ਕਰਾਰ ਅਨੁਸਾਰ ਸਰਕਾਰ ਨੂੰ 1400 ਕਰੋਡ਼ ਰੁਪਏ ਦੀ ਬੱਚਤ ਹੋਵੇਗੀ। ਨਵੇਂ ਕਰਾਰ ਅਨੁਸਾਰ ਹੁਣ ਇਨ੍ਹਾਂ ਸੇਵਾ ਕੇਂਦਰਾਂ ਦੀ ਬਿਜਲੀ, ਇੰਟਰਨੈੱਟ ਦੇ ਬਿੱਲਾਂ ਦੀ ਅਦਾਇਗੀ ਨਿੱਜੀ ਕੰਪਨੀ ਆਪ ਕਰੇਗੀ।