ਹੰਸਰਾਜ ਹੰਸ ''ਤੇ ਲੱਗੇ ਗੰਭੀਰ ਦੋਸ਼, ਬਾਪੂ ਲਾਲ ਬਾਦਸ਼ਾਹ ਡੇਰੇ ਦੇ ਚੜ੍ਹਾਵੇ ''ਚ ਹੋਈ ਧੋਖਾਧੜੀ!

02/20/2024 6:14:39 AM

ਜਲੰਧਰ (ਚੋਪੜਾ)– ਅਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਨਕੋਦਰ ਦੇ ਗੱਦੀਨਸ਼ੀਨ ਸਾਈਂ ਅਤੇ ਭਾਜਪਾ ਦੇ ਦਿੱਲੀ ਤੋਂ ਸੰਸਦ ਮੈਂਬਰ ਹੰਸਰਾਜ ਹੰਸ ਅਤੇ ਕਾਬਜ਼ ਪ੍ਰਬੰਧਕ ਕਮੇਟੀ ’ਤੇ ਫਰਜ਼ੀ ਬਿੱਲਾਂ ਦੀ ਆੜ ’ਚ ਡੇਰੇ ਦੇ ਫੰਡਾਂ ਦੀ ਦੁਰਵਰਤੋਂ ਕਰਨ ਦੇ ਗੰਭੀਰ ਦੋਸ਼ ਲਾਉਂਦਿਆਂ ਕੁੰਦਨ ਸਾਈਂ, ਆਲ ਪੰਜਾਬ ਟਰੱਕ ਆਪ੍ਰੇਟਰ ਯੂਨੀਅਨ ਦੇ ਸੂਬਾ ਪ੍ਰਧਾਨ ਹੈਪੀ ਸੰਧੂ, ਹਰੀਮਿੱਤਲ ਸੋਂਧੀ ਸਾਬਕਾ ਐੱਮ. ਸੀ., ਪੁਰਸ਼ੋਤਮ ਲਾਲ ਬਿੱਟੂ, ਟਿੰਮੀ ਗਿੱਲ, ਡਿੰਪਲ ਗਿੱਲ ਅਤੇ ਹੋਰਨਾਂ ਨੇ ਅੱਜ ਡਿਪਟੀ ਕਮਿਸ਼ਨਰ ਅਤੇ ਐੱਸ. ਪੀ. ਦਿਹਾਤੀ ਨੂੰ ਸ਼ਿਕਾਇਤ ਪੱਤਰ ਸੌਂਪਣ ਉਪਰੰਤ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਇਸ ਡੇਰੇ ਦੀ ਜ਼ਮੀਨ ਰਿਸ਼ੀ ਨਗਰ ਦੀ ਹੈ ਤੇ ਉਹ ਲੋਕ ਡੇਰੇ ਦੀ ਪਿਛਲੇ 20 ਸਾਲਾਂ ਤੋਂ ਸੇਵਾ ਕਰਦੇ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ ਨੇ ਕਿਉਂ ਠੁਕਰਾਇਆ ਕੇਂਦਰ ਦਾ ਪ੍ਰਸਤਾਵ? ਜਗਜੀਤ ਸਿੰਘ ਡੱਲੇਵਾਲ ਨੇ ਦੱਸੀ ਅੰਦਰਲੀ ਗੱਲ

ਉਨ੍ਹਾਂ ਦੋਸ਼ ਲਾਇਆ ਕਿ ਸਾਲ 2022 ਵਿਚ ਆਪੇ ਬਣੀ ਕਮੇਟੀ ਦੇ ਗਠਨ ਤੋਂ ਬਾਅਦ ਡੇਰੇ ਦੇ ਖਾਤੇ ਵਿਚ ਫਰਜ਼ੀ ਬਿੱਲ ਪਾ ਕੇ ਭਾਰੀ ਧਾਂਦਲੀ ਕੀਤੀ ਜਾ ਰਹੀ ਹੈ। ਸਭ ਤੋਂ ਵੱਡੀ ਧਾਂਦਲੀ ਇਹ ਹੈ ਕਿ ਡੇਰੇ ਦੇ ਖਾਤੇ ਵਿਚ ਫਰਜ਼ੀ ਬਿੱਲ ਪਾ ਕੇ ਲੋਕਾਂ ਦੇ ਚੜ੍ਹਾਵੇ ਨਾਲ ਇਕੱਤਰ ਫੰਡਾਂ ਵਿਚ ਲੱਖਾਂ ਦੀ ਧੋਖਾਧੜੀ ਕੀਤੀ ਜਾ ਰਹੀ ਹੈ। ਸਭ ਤੋਂ ਵੱਡੀ ਧੋਖਾਧੜੀ 21 ਮਈ 2022 ਨੂੰ ਰਾਜਸਥਾਨ ਦੀ ਇਕ ਫਰਮ ਨਾਲ ਮਿਲ ਕੇ ਕੀਤੀ ਗਈ।

ਉਨ੍ਹਾਂ ਕਿਹਾ ਕਿ ਦਰਬਾਰ ਵਿਚ ਲਾਉਣ ਲਈ 14,18,350 ਰੁਪਏ ਦਾ ਮਾਰਬਲ ਟਰੱਕ ਨੰਬਰ ਆਰ ਜੇ 47 ਜੀ ਏ-0289 ਜ਼ਰੀਏ ਨਕੋਦਰ ਭੇਜਿਆ ਗਿਆ ਪਰ 24 ਮਈ 2023 ਨੂੰ ਨਿਊ ਰਾਜਸਥਾਨ ਮਾਰਬਲ ਨਕੋਦਰ ਨੇ ਉਸੇ ਮਾਰਬਲ ਦਾ 23,13,980 ਰੁਪਏ ਦਾ ਬਿੱਲ ਦੇ ਕੇ ਸਿੱਧੇ ਤੌਰ ’ਤੇ ਲਗਭਗ 9 ਲੱਖ ਰੁਪਏ ਦੀ ਠੱਗੀ ਕੀਤੀ ਹੈ। ਇਸੇ ਤਰ੍ਹਾਂ 31 ਜੁਲਾਈ 2023 ਨੌਹਰੀਆਂ ਰਾਮ ਧੀਰ ਜਿਊਲਰਜ਼ ਤੋਂ 2 ਬਿੱਲਾਂ ਜ਼ਰੀਏ 3,53,034 ਰੁਪਏ ਕੀਮਤ ਦਾ ਇਕ ਸੋਨੇ ਦਾ ਬ੍ਰੈਸਲੇਟ ਅਤੇ 52,689 ਰੁਪਏ ਦੇ ਸਾਮਾਨ ਦੀ ਖਰੀਦ ਤੋਂ ਇਲਾਵਾ ਇਕ ਹੋਰ ਜਿਊਲਰਜ਼ ਤੋਂ 4,42,900 ਰੁਪਏ ਦਾ ਸੋਨਾ ਖਰੀਦਿਆ ਗਿਆ।

ਇਹ ਖ਼ਬਰ ਵੀ ਪੜ੍ਹੋ - PM ਮੋਦੀ ਨਾਲ ਮੁਲਾਕਾਤ ਮਗਰੋਂ ਬੋਲੇ ਕੈਪਟਨ ਅਮਰਿੰਦਰ ਸਿੰਘ- 'ਜਲਦ ਹੋਵੇਗਾ ਕਿਸਾਨਾਂ ਦੇ ਮਸਲੇ ਦਾ ਹੱਲ'

ਉਨ੍ਹਾਂ ਦੋਸ਼ ਲਾਇਆ ਕਿ ਕਮੇਟੀ ਦੇ ਮੈਂਬਰਾਂ ਨੇ ਸਾਲਾਨਾ ਮੇਲੇ ਦੌਰਾਨ ਬ੍ਰੈਸਲੇਟ ਹੰਸਰਾਜ ਹੰਸ ਨੂੰ ਪਹਿਨਾਇਆ ਸੀ ਪਰ ਬਾਕੀ ਸੋਨਾ ਕੀ ਸੀ ਅਤੇ ਕਿਸ ਨੂੰ ਦਿੱਤਾ ਗਿਆ, ਉਸਦਾ ਕੋਈ ਵਰਣਨ ਨਹੀਂ ਹੈ। ਇੰਨਾ ਹੀ ਨਹੀਂ, ਡੇਰੇ ਦੇ ਖਰਚੇ ’ਤੇ ਹੋਟਲ ’ਚ ਕਮਰਾ ਬੁੱਕ ਕਰਵਾਉਣ ਦੇ ਬਿੱਲਾਂ ਵਿਚ ਵੀ ਫਰਜ਼ੀਵਾੜਾ ਸਾਹਮਣੇ ਆਇਆ ਹੈ। ਹੋਟਲ ਦੇ ਰਿਕਾਰਡ ਵਿਚ ਕਮਰਾ ਬੁੱਕ ਕਰਵਾਉਣ ਵਾਲੀ ਕੰਪਨੀ ਅਤੇ ਗੈਸਟ ਦੋਵਾਂ ਦਾ ਨਾਂ ਅਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੰਸਰਾਜ ਹੰਸ ਸਾਲ 2008 ਵਿਚ ਉਨ੍ਹਾਂ ਕੋਲ ਆਏ ਅਤੇ ਉਨ੍ਹਾਂ ਨੂੰ ਕਮੇਟੀ ਵਿਚ ਸ਼ਾਮਲ ਕਰਨ ਦੀ ਬੇਨਤੀ ਕਰਦਿਆਂ ਡੇਰੇ ਨੂੰ ਬੁਲੰਦੀਆਂ ’ਤੇ ਲਿਜਾਣ ਦਾ ਭਰੋਸਾ ਦਿੱਤਾ ਪਰ ਅੱਜ ਤਕ ਹੰਸਰਾਜ ਹੰਸ ਨੇ ਡੇਰੇ ਦੇ ਵਿਕਾਸ ਵਿਚ ਆਪਣੇ ਵੱਲੋਂ ਇਕ ਪੈਸਾ ਵੀ ਖਰਚ ਨਹੀਂ ਕੀਤਾ।

ਕੁੰਦਨ ਸਾਈਂ, ਹੈਪੀ ਸੰਧੂ ਅਤੇ ਹੋਰਨਾਂ ਨੇ ਦੋਸ਼ ਲਾਇਆ ਕਿ ਇਹ ਸਾਰਾ ਫਰਜ਼ੀਵਾੜਾ ਹਲਕਾ ਵਿਧਾਇਕਾ ਇੰਦਰਜੀਤ ਕੌਰ ਮਾਨ ਦੀ ਛਤਰ-ਛਾਇਆ ਵਿਚ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਕਮੇਟੀ ਦੀ ਚੋਣ ਵਿਚ ਵਿਧਾਇਕਾ ਮਾਨ ਨੇ ਆਪਣੀ ਤਾਕਤ ਦੀ ਵਰਤੋਂ ਕਰ ਕੇ ਚੋਣ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ’ਤੇ ਸਿਰੋਪਾਓ ਭੇਟ ਕਰਦੇ ਤਾਂ ਸੁਣਿਆ ਸੀ ਪਰ ਸੋਨੇ ਦੇ ਗਹਿਣੇ ਪਹਿਨਾਉਣਾ ਪਹਿਲੀ ਵਾਰ ਦੇਖਿਆ ਹੈ। ਉਨ੍ਹਾਂ ਕਿਹਾ ਕਿ ਹੁਣ ਮਿਹਨਤ ਕਰ ਕੇ ਰੋਜ਼ੀ-ਰੋਟੀ ਕਮਾਉਣ ਵਾਲੇ ਰਿਸ਼ੀ ਨਗਰ ਦੇ ਲੋਕਾਂ ਨੂੰ ਹੀ ਡਰਾਇਆ-ਧਮਕਾਇਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਅੱਥਰੂ ਗੈਸ ਤੋਂ ਬਾਅਦ ਹੁਣ ਕਿਸਾਨਾਂ ਲਈ ਨਵਾਂ 'ਹਥਿਆਰ' ਲਿਆਈ ਪੁਲਸ! ਬਾਰਡਰ 'ਤੇ ਪਹੁੰਚਿਆ ਸਾਊਂਡ ਕੈਨਨ

ਉਕਤ ਲੋਕਾਂ ਨੇ ਮੰਗ ਕੀਤੀ ਕਿ ਇਸ ਸਭ ਲਈ ਸੰਸਦ ਮੈਂਬਰ ਹੰਸਰਾਜ ਹੰਸ ਅਤੇ ਵਿਧਾਇਕਾ ਇੰਦਰਜੀਤ ਕੌਰ ਮਾਨ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਲੱਖਾਂ ਰੁਪਏ ਦੀ ਹੇਰਾਫੇਰੀ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਉਚਿਤ ਕਾਰਵਾਈ ਕੀਤੀ ਜਾਵੇ। ਇਸ ਸਬੰਧ ਵਿਚ ਜਦੋਂ ਹੰਸਰਾਜ ਹੰਸ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra