ਪਤਨੀ ਦੇ ਗਰਭਪਾਤ ਤੋਂ ਪਰੇਸ਼ਾਨ ਏਅਰਫੋਰਸ ’ਚ ਤਾਇਨਾਤ ਸਾਰਜੈਂਟ ਨੇ ਕੀਤੀ ਖ਼ੁਦਕੁਸ਼ੀ

06/15/2023 11:46:38 AM

ਚੰਡੀਗੜ੍ਹ (ਸੁਸ਼ੀਲ) : ਪਤਨੀ ਵਲੋਂ ਗਰਭਪਾਤ ਕਰਵਾਉਣ ਤੋਂ ਪਰੇਸ਼ਾਨ ਏਅਰਫੋਰਸ 'ਚ ਤਾਇਨਾਤ ਸਾਰਜੈਂਟ ਸਵਰੂਪ ਸਿੰਘ ਨੇ ਬਹਿਲਾਣਾ ਸਥਿਤ ਏਅਰਫੋਰਸ ਸਟੇਸ਼ਨ ਅੰਦਰ ਕਮਰੇ 'ਚ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਗਰਭਵਤੀ ਹੋਣ ’ਤੇ ਪਤਨੀ, ਉਸਦੀ ਸੱਸ ਅਤੇ ਸਹੁਰੇ ਨੇ ਬਹਿਸ ਵੀ ਕੀਤੀ ਸੀ, ਜਿਸ ਤੋਂ ਸਾਰਜੈਂਟ ਕਾਫ਼ੀ ਪਰੇਸ਼ਾਨ ਸੀ। ਮ੍ਰਿਤਕ ਦੀ ਪਛਾਣ ਏਅਰਫੋਰਸ 'ਚ ਤਾਇਨਾਤ ਸਾਰਜੈਂਟ ਸਵਰੂਪ ਸਿੰਘ ਵਜੋਂ ਹੋਈ।

ਪੱਛਮੀ ਬੰਗਾਲ ਨਿਵਾਸੀ ਸ਼ਿਆਮਲ ਮੰਡਲ ਦੀ ਸ਼ਿਕਾਇਤ ’ਤੇ ਸੈਕਟਰ-31 ਥਾਣਾ ਪੁਲਸ ਨੇ ਸੁਮੋਨਾ ਘੋਸ਼, ਸੰਧਿਆ ਦਾਸ, ਸਮੀਰ ਕੁਮਾਰ ਸਮੇਤ ਹੋਰਾਂ ’ਤੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਅਤੇ ਸਾਜਿਸ਼ ਰਚਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਸ਼ਿਆਮਲ ਮੰਡਲ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਸਾਲਾ ਬਹਿਲਾਣਾ ਸਥਿਤ ਏਅਰਫੋਰਸ ਦੇ 12 ਵਿੰਗ ਵਿਚ ਸਾਰਜੈਂਟ ਤਾਇਨਾਤ ਸੀ। ਉਸਦਾ ਵਿਆਹ 3 ਜੂਨ ਨੂੰ ਸੁਮੋਨਾ ਘੋਸ਼ ਨਾਲ ਹਿੰਦੂ ਰੀਤੀ-ਰਿਵਾਜ਼ਾਂ ਨਾਲ ਹੋਇਆ ਸੀ। ਸਾਲੇ ਸਵਰੂਪ ਅਤੇ ਪਤਨੀ ਸੁਮੋਨਾ ਵਿਚਕਾਰ ਗਰਭਪਾਤ ਤੋਂ ਝਗੜਾ ਹੋ ਗਿਆ ਸੀ। ਸਵਰੂਪ ਸਿੰਘ ਦੀ ਮਾਂ ਨੇ ਚੈੱਕਅੱਪ ਕਰਵਾਇਆ ਤਾਂ ਸੁਮੋਨਾ 45 ਦਿਨ ਦੀ ਗਰਭਵਤੀ ਸੀ।

ਇਸ ਤੋਂ ਬਾਅਦ ਦੋਵਾਂ ਵਿਚਕਾਰ ਜੰਮ ਕੇ ਬਹਿਸ ਹੋਈ। ਬਾਅਦ ਵਿਚ ਪਤਾ ਚੱਲਿਆ ਕਿ ਸੁਮੋਨਾ ਘੋਸ਼ ਨੇ ਆਪਣੇ ਪਿਤਾ ਅਤੇ ਮਾਂ ਦੇ ਕਹਿਣ ’ਤੇ ਬੱਚੇ ਦਾ ਗਰਭਪਾਤ ਕਰਵਾ ਦਿੱਤਾ। ਇਸਤੋਂ ਬਾਅਦ ਸਵਰੂਪ ਪਰੇਸ਼ਾਨ ਹੋ ਗਿਆ। ਪਤਨੀ ਸੁਮੋਨਾ ਘੋਸ਼, ਸਹੁਰੇ ਸਮੀਰ ਕੁਮਾਰ ਅਤੇ ਸੱਸ ਸਧਿਆਦਾਸ ਨਾਲ ਉਸਦਾ ਝਗੜਾ ਹੋਇਆ ਸੀ। ਇਸ ਤੋਂ ਪਰੇਸ਼ਾਨ ਹੋ ਕੇ ਸਵਰੂਪ ਨੇ ਬਹਿਲਾਣਾ ਸਥਿਤ ਏਅਰਫੋਰਸ ਸਟੇਸ਼ਨ ਅੰਦਰ ਕਮਰੇ ਵਿਚ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਸੈਕਟਰ-31 ਥਾਣਾ ਪੁਲਸ ਨੇ ਉਪਰੋਕਤ ਤਿੰਨਾਂ ਸਮੇਤ ਹੋਰਾਂ ’ਤੇ ਮਾਮਲਾ ਦਰਜ ਕਰ ਲਿਆ ਹੈ।       

Babita

This news is Content Editor Babita