ਪਾਕਿ ''ਚ ਰਹਿ ਰਹੇ ਹਿੰਦੂਆਂ ਦੀ ਵੀ ਚਿੰਤਾ ਕਰਨ ਕੈਪਟਨ, ਬਾਦਲ ਤੇ ਜਾਖੜ : ਕਟਾਰੀਆ

12/23/2017 6:30:15 PM

ਕਪੂਰਥਲਾ (ਜ.ਬ)— ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਆਗੂ ਜਗਦੀਸ਼ ਕਟਾਰੀਆ ਨੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗੁਵਾਈ 'ਚ ਕਾਂਗਰਸੀ ਸੰਸਦ ਮੈਂਬਰਾਂ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੱਖ-ਵੱਖ ਰੂਪ 'ਚ ਕੇਂਦਰੀ ਮੰਤਰੀ ਸ਼ੁਸ਼ਮਾ ਸਵਰਾਜ ਨਾਲ ਮੁਲਾਕਾਤ ਕਰਕੇ ਪਾਕਿਸਤਾਨ 'ਚ ਸਿੱਖਾਂ ਨੂੰ ਜਬਰੀ ਧਰਮ ਪਰਿਵਤਰਨ ਕਰਨ ਦੇ ਲਈ ਮਜ਼ਬੂਰ ਕਰਨ ਦਾ ਮਾਮਲਾ ਚੁੱਕਣ ਅਤੇ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਮਾਮਲੇ 'ਚ ਸ਼ੁਸ਼ਮਾ ਸਵਰਾਜ ਨੂੰ ਟਵੀਟ ਕਰਨ ਦੀ ਸ਼ਲਾਘਾ ਕਰਦੇ ਹੋਏ ਮੰਗ ਕੀਤੀ ਹੈ ਕਿ ਕੈਪਟਨ, ਬਾਦਲ ਅਤੇ ਜਾਖੜ ਨੂੰ ਪਾਕਿਸਤਾਨ 'ਚ ਰਹਿ ਰਹੇ ਸਿੱਖਾਂ ਦੇ ਨਾਲ-ਨਾਲ ਹਿੰਦੂਆਂ ਦੀ ਵੀ ਚਿੰਤਾ ਕਰਨੀ ਚਾਹੀਦੀ ਹੈ। 
ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ 'ਚ ਸ਼ੈਤਾਨੀ ਅਤੇ ਸਿਰਫਿਰੇ ਗੈਰ ਹਿੰਦੂ-ਸਿੱਖ ਲੋਕਾਂ ਵੱਲੋਂ ਹਿੰਦੂਆਂ ਦੀਆਂ ਨੂੰਹਾਂ-ਧੀਆਂ ਨੂੰ ਅਪਮਾਨਿਤ ਕਰਨਾ, ਹਿੰਦੂਆਂ ਦੇ ਧਾਰਮਿਕ ਅਸਥਾਨਾਂ ਨੂੰ ਨੁਕਸਾਨ ਪਹੁੰਚਾਉਣਾ, ਹਿੰਦੂ-ਸਿੱਖਾਂ ਨੂੰ ਜਬਰੀ ਧਰਮ ਪਰਿਵਰਤਨ ਕਰਨ ਦੇ ਲਈ ਮਜ਼ਬੂਰ ਕਰਨਾ ਅਤੇ ਪਾਕਿਸਤਾਨ ਸਰਕਾਰ ਵੱਲੋਂ ਉਕਤ ਮਾਮਲਿਆਂ 'ਚ ਤਮਾਸ਼ਬੀਨਾਂ ਦੀ ਭੂਮਿਕਾ ਨਿਭਾਉਣਾ ਚਿੰਤਾ ਦਾ ਗੰਭੀਰ ਵਿਸ਼ਾ ਹੀ ਨਹੀਂ, ਸਗੋਂ ਬਹੁਤ ਸ਼ਰਮਨਾਕ ਵੀ ਹੈ। ਪਾਕਿਸਤਾਨ ਘੱਟ ਗਿਣਤੀ ਲੋਕਾਂ ਖਾਸਕਰ ਹਿੰਦੂ-ਸਿੱਖਾਂ ਦੇ ਲਈ 'ਨਰਕਸਤਾਨ' ਤੋਂ ਸਿਵਾਏ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਕੇਂਦਰ ਸਰਕਾਰ ਦੇ ਸਾਹਮਣੇ ਪਾਕਿਸਤਾਨ 'ਚ ਰਹਿ ਰਹੇ ਹਿੰਦੂਆਂ 'ਤੇ ਹੋ ਰਹੇ ਅੱਤਿਆਚਾਰਾਂ ਦੇ ਮਾਮਲਿਆਂ ਨੂੰ ਨਾ ਚੁੱਕਣ ਨੂੰ ਕਦੇ ਵੀ ਧਰਮ-ਨਿਰਪੱਖਤਾ ਅਤੇ ਹਿੰਦੂਆਂ ਨਾਲ ਨਿਆਂ ਦੀ ਗੱਲ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਨੇ ਚੇਤਾਵਨੀ ਭਰੇ ਸ਼ਬਦਾਂ 'ਚ ਕਿਹਾ ਕਿ ਕੁਝ ਵੀ ਹੋਵੇ ਸ਼ਿਵ ਸੈਨਾ (ਬਾਲ ਠਾਕਰੇ) ਪਕਿਸਤਾਨ 'ਚ ਰਹਿ ਰਹੇ ਭਾਰਤ ਪ੍ਰੇਮੀ ਘੱਟ ਗਿਣਤੀ ਖਾਸਕਰ ਹਿੰਦੂ-ਸਿੱਖਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਜਬਰ-ਜੁਲਮ ਤੇ ਬੇਇਨਸਾਫੀ ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕਰੇਗੀ। ਕਟਾਰੀਆ ਨੇ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਨੂੰ ਪਾਕਿਸਤਾਨ 'ਚ ਰਹਿ ਰਹੇ ਹਿੰਦੂ-ਸਿੱਖਾਂ ਦੀ ਹਰ ਤਰ੍ਹਾਂ ਨਾਲ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਪਾਕਿਸਤਾਨ ਸਰਕਾਰ 'ਤੇ ਤੁਰੰਤ ਦਬਾਅ ਪਾਉਣਾ ਚਾਹੀਦਾ ਹੈ। ਇਸ ਮੌਕੇ ਸ਼ਿਵ ਸੈਨਾ ਆਗੂ ਰਾਜੇਸ਼ ਕਨੌਜੀਆ (ਸ਼ੇਖੂਪੁਰ) ਵੀ ਹਾਜ਼ਰ ਸਨ।