ਲੁਧਿਆਣਾ : ਸੀਨੀਅਰ ਕਾਂਗਰਸੀ ਆਗੂ ਕੁਲਵੰਤ ਸਿੰਘ ਨੇ ਗਰੀਬਾਂ ਨੂੰ ਵੰਡਿਆ ਰਾਸ਼ਨ

03/27/2020 4:36:42 PM

ਲੁਧਿਆਣਾ (ਨਰਿੰਦਰ) : ਪੰਜਾਬ 'ਚ ਕਰਫਿਊ ਕਾਰਨ ਲਗਾਤਾਰ ਲੋਕਾਂ ਵੱਲੋਂ ਇਹ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਸਮੇਂ ਸਿਰ ਰਾਸ਼ਨ ਅਤੇ ਖਾਣ-ਪੀਣ ਦਾ ਹੋਰ ਸਾਮਾਨ ਨਹੀਂ ਮਿਲ ਰਿਹਾ, ਜਿਸ ਕਾਰਨ ਹੁਣ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਸਿਆਸੀ ਲੀਡਰ ਵੀ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਲੁਧਿਆਣਾ ਤੋਂ ਕਾਂਗਰਸ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਵੱਲੋਂ ਅੱਜ ਲੋਕਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਸਬਜ਼ੀਆਂ ਅਤੇ ਰਾਸ਼ਨ ਵੰਡਿਆ ਗਿਆ।


ਇਸ ਦੌਰਾਨ ਕੁਲਵੰਤ ਸਿੰਘ ਅਤੇ ਉਨ੍ਹਾਂ ਦੇ ਬੇਟੇ ਨੇ ਕਿਹਾ ਕਿ ਅੱਜ ਉਨ੍ਹਾਂ ਲੋਕਾਂ ਨੂੰ ਮਦਦ ਦੀ ਬੇਹੱਦ ਲੋੜ ਹੈ, ਜੋ ਬਹੁਤੇ ਪੈਸੇ ਨਹੀਂ ਕਮਾ ਸਕਦੇ ਅਤੇ ਕੰਮਕਾਰ ਠੱਪ ਹੋਣ ਕਾਰਨ ਘਰਾਂ 'ਚ ਹੀ ਰਹਿਣ ਨੂੰ ਮਜਬੂਰ ਹਨ, ਇਸ ਕਰਕੇ ਉਨ੍ਹਾਂ ਲੋਕਾਂ ਤੱਕ  ਰਾਸ਼ਨ ਅਤੇ ਜ਼ਰੂਰੀ ਸਮਾਨ ਪਹੁੰਚਾਉਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਪਰ ਕਈ ਥਾਵਾਂ ਅਜੇ ਅਜਿਹੀਆਂ ਹਨ, ਜਿੱਥੇ ਲੋਕ ਖਾਣ-ਪੀਣ ਤੋਂ ਸੱਖਣੇ ਹਨ, ਇਸ ਕਰਕੇ ਉਨ੍ਹਾਂ ਦੀ ਮਦਦ ਲਈ ਉਨ੍ਹਾਂ ਵੱਲੋਂ ਹਰ ਉਪਰਾਲੇ ਕੀਤੇ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਲੋਕ ਸਾਨੂੰ ਆਪਣਾ ਸਮਝ ਕੇ ਫੋਨ ਕਰਦੇ ਹਨ, ਇਸ ਕਰਕੇ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਨ੍ਹਾਂ ਲੋਕਾਂ ਤੱਕ ਸਮਾਨ ਪਹੁੰਚਾਉਣ।


ਪੁਲਾਂ ਹੇਠ ਰਾਤ ਬਿਤਾ ਰਹੇ ਲੋਕ
ਜਿੱਥੇ ਇੱਕ ਪਾਸੇ ਪੰਜਾਬ 'ਚ ਕਰਫਿਊ ਕਾਰਨ ਲਗਾਤਾਰ ਸਮਾਜ ਸੇਵੀ ਸੰਸਥਾਵਾਂ ਅਤੇ  ਪ੍ਰਸ਼ਾਸਨ ਲੋਕਾਂ ਤੱਕ ਲੰਗਰ ਪਹੁੰਚਾਉਣ ਦੀ ਗੱਲ ਕਹਿ ਰਿਹਾ ਹੈ, ਉੱਥੇ ਹੀ ਕੁਝ ਅਜਿਹੇ ਵੀ ਲੋਕ ਹੁੰਦੇ ਹਨ, ਜੋ ਪੁਲਾਂ ਹੇਠ ਸੜਕਾਂ 'ਤੇ ਜਾ ਪਲੇਟਫਾਰਮ 'ਤੇ ਹੀ ਸੌਂ ਕੇ ਆਪਣਾ ਗੁਜ਼ਾਰਾ ਕਰਦੇ ਹਨ। ਅਜਿਹੇ ਲੋਕਾਂ ਦੀ ਲੁਧਿਆਣਾ ਵਿੱਚ ਵੱਡੀ ਤਾਦਾਦ ਹੈ ਅਤੇ ਕਰਫਿਊ ਲੱਗਣ ਕਾਰਨ ਹੁਣ ਉਹ ਪੁਲਸ ਤੋਂ ਡਰਦੇ ਵਿਖਾਈ ਦੇ ਰਹੇ ਹਨ। ਅਜਿਹੇ ਲੋਕਾਂ ਕੋਲ ਨਾ ਤਾਂ ਆਪਣਾ ਘਰ ਹੈ ਅਤੇ ਨਾ ਹੀ ਕੋਈ ਪਰਿਵਾਰ ਦਾ ਮੈਂਬਰ। ਕਈ ਬਾਹਰਲੇ ਸੂਬਿਆਂ ਤੋਂ ਆ ਕੇ ਇੱਥੇ ਦਿਹਾੜੀਆਂ ਕਰਕੇ ਆਪਣੀ ਰੋਜ਼ੀ-ਰੋਟੀ ਚਲਾ ਰਹੇ ਹਨ। ਅਜਿਹੇ ਲੋਕ ਹੁਣ ਸੜਕਾਂ 'ਤੇ ਰਹਿਣ ਨੂੰ ਮਜ਼ਬੂਰ ਹਨ ਅਤੇ ਪੁਲਸ ਤੋਂ ਲੁੱਕ-ਛੁੱਪ ਕੇ ਆਪਣਾ ਜੀਵਨ ਬਸਰ ਕਰ ਰਹੇ ਹਨ।
 

Babita

This news is Content Editor Babita