ਰੋਡ ਸ਼ੋਅ ਨੇ ਸਾਬਿਤ ਕਰ ਦਿੱਤਾ ਕਿ ਭਾਜਪਾ ਚੋਣ ਜਿੱਤ ਰਹੀ ਹੈ: ਜੀਵਨ ਗੁਪਤਾ

05/08/2023 12:01:40 PM

ਜਲੰਧਰ (ਗੁਲਸ਼ਨ)-ਭਾਜਪਾ ਦੇ ਸੀਨੀਅਰ ਆਗੂ ਅਤੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵੱਡੇ ਫਰਕ ਨਾਲ ਜਿੱਤੇਗੀ। ਉਨ੍ਹਾਂ ਕਿਹਾ ਕਿ ਪਿਛਲੇ ਇਕ ਹਫ਼ਤੇ ਤੋਂ ਭਾਜਪਾ ਦੇ ਹੱਕ ਵਿਚ ਹਵਾ ਚੱਲ ਰਹੀ ਹੈ। ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਸ਼ਨੀਵਾਰ ਨੂੰ ਸ਼ਹਿਰ ਵਿਚ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿਚ ਕੱਢੇ ਗਏ ਇਤਿਹਾਸਕ ਰੋਡ ਸ਼ੋਅ ਵਿਚ ਸ਼ਹਿਰ ਦੇ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਰੋਡ ਸ਼ੋਅ ਦੌਰਾਨ ਜਿਸ ਤਰ੍ਹਾਂ ਲੋਕਾਂ ਨੇ ਅਥਾਹ ਪਿਆਰ ਅਤੇ ਸਤਿਕਾਰ ਵਿਖਾਇਆ, ਉਸ ਨੇ ਸਾਬਿਤ ਕਰ ਦਿੱਤਾ ਹੈ ਕਿ ਭਾਜਪਾ ਚੋਣ ਜਿੱਤ ਰਹੀ ਹੈ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਜੀਵਨ ਗੁਪਤਾ ਨੇ ਕਈ ਹੋਰ ਮੁੱਦਿਆਂ ’ਤੇ ਵੀ ਸਪੱਸ਼ਟਤਾ ਨਾਲ ਗੱਲ ਕੀਤੀ, ਜਿਸ ਦੇ ਮੁੱਖ ਅੰਸ਼ ਹਨ ਇਸ ਤਰ੍ਹਾਂ ਹਨ :

ਭਾਜਪਾ ਕਿਹੜੇ ਮੁੱਦਿਆਂ ’ਤੇ ਚੋਣ ਲੜ ਰਹੀ ਹੈ?
ਭਾਜਪਾ ਵਿਕਾਸ ਅਤੇ ਸੁਸ਼ਾਸਨ ਦੇ ਮੁੱਦੇ ’ਤੇ ਚੋਣ ਲੜ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ 13 ਮਹੀਨਿਆਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਪੰਜਾਬ ਵਿਚ ਅਮਨ-ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ, ਭ੍ਰਿਸ਼ਟਾਚਾਰ ਸਿਖਰ ’ਤੇ ਹੈ, ਜਿਸ ਕਾਰਨ ਲੋਕ ਡਰੇ ਹੋਏ ਹਨ। ਦੂਜੇ ਪਾਸੇ ਜਲੰਧਰ ਲੋਕ ਸਭਾ ਸੀਟ ’ਤੇ 9 ਸਾਲ ਕਾਂਗਰਸ ਦਾ ਕਬਜ਼ਾ ਰਿਹਾ ਪਰ ਇਸ ਦੌਰਾਨ ਜਲੰਧਰ ਨੂੰ ਕੋਈ ਵਿਕਾਸ ਕਾਰਜ ਜਾਂ ਵੱਡਾ ਪ੍ਰਾਜੈਕਟ ਨਹੀਂ ਮਿਲਿਆ। ਇਸੇ ਕਰਕੇ ਲੋਕ ਹੁਣ ਭਾਜਪਾ ਨੂੰ ਬਦਲ ਵਜੋਂ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਸ਼ਾਸਿਤ ਸੂਬਿਆਂ ਨਾਲੋਂ ਬਹੁਤ ਪੱਛੜ ਗਿਆ ਹੈ। ਜਿਨ੍ਹਾਂ ਸੂਬਿਆਂ ਵਿਚ ਡਬਲ ਇੰਜਣ ਵਾਲੀ ਸਰਕਾਰ ਹੈ ਉਹ ਤਰੱਕੀ ਕਰ ਰਹੇ ਹਨ।

ਇਹ ਵੀ ਪੜ੍ਹੋ : ਸਿੱਖਾਂ ਨੂੰ ਕੇਂਦਰ ਸਰਕਾਰ ਨਾਲ ਤਕਰਾਰ ਨਹੀਂ, ਵਿਚਾਰ ਕਰਨ ਦੀ ਲੋੜ: ਬੀਬੀ ਜਗੀਰ ਕੌਰ

ਜਲੰਧਰ ਤੋਂ ਲੋਕ ਸਭਾ ਵਿਚ ਤੁਹਾਡਾ ਇਕ ਵੀ ਵਿਧਾਇਕ ਨਹੀਂ ਹੈ?
ਜੀਵਨ ਗੁਪਤਾ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਲੋਕਾਂ ਨੂੰ ਅਜ਼ਮਾਇਆ ਹੈ ਪਰ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਲੋਕਾਂ ਦਾ ਸਭ ਤੋਂ ਤੇਜ਼ੀ ਨਾਲ ਮੋਹ ਭੰਗ ਹੋ ਚੁੱਕਾ ਹੈ। ਸਰਕਾਰ ਬਣਨ ਦੇ 3 ਮਹੀਨੇ ਬਾਅਦ ਸੰਗਰੂਰ ਜ਼ਿਮਨੀ ਚੋਣ ਹਾਰਨਾ ਇਸ ਦੀ ਮਿਸਾਲ ਹੈ। ਝੂਠ ਦੀ ਨੀਂਹ ’ਤੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ 1 ਸਾਲ ਦਾ ਕਾਰਜਕਾਲ ਕਿਸੇ ਤੋਂ ਲੁਕਿਆ ਨਹੀਂ ਹੈ। ਲੋਕ 13 ਮਹੀਨੇ ਪਹਿਲਾਂ ਕੀਤੀ ਗਲਤੀ ਨੂੰ ਦੁਹਰਾਉਣਾ ਨਹੀਂ ਚਾਹੁੰਦੇ। ਸਰਕਾਰ ਆਪਣੀਆਂ ਸਾਰੀਆਂ ਗਾਰੰਟੀਆਂ ਤੋਂ ਮੁੱਕਰ ਗਈ ਹੈ। ਇਨ੍ਹਾਂ ਨੇ ਝੂਠ ਬੋਲ ਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਸਰਕਾਰ ਸਿਰਫ਼ ਇਸ਼ਤਿਹਾਰਾਂ ਅਤੇ ਬੋਰਡਾਂ ਤਕ ਹੀ ਸੀਮਤ ਹੈ। ਜਨਤਾ ਸਮਝ ਚੁੱਕੀ ਹੈ ਕਿ ਪੰਜਾਬ ਵਿਚ ਭਾਜਪਾ ਨੂੰ ਅੱਗੇ ਲਿਆਉਣ ਦੀ ਲੋੜ ਹੈ। ਭਾਜਪਾ ਹੀ ਪੰਜਾਬ ਦਾ ਵਿਕਾਸ ਕਰਵਾ ਸਕਦੀ ਹੈ।

ਕੀ ਪਿੰਡਾਂ ਦੇ ਲੋਕ ਤੁਹਾਨੂੰ ਸਵੀਕਾਰ ਕਰਨਗੇ?
ਭਾਜਪਾ ਨੂੰ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿਚ ਵੀ ਪੂਰਾ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਭਾਜਪਾ ਦੀ ਵਿਸ਼ਾਲ ਸੰਪਰਕ ਮੁਹਿੰਮ ਸੀ, ਜਿਸ ਤਹਿਤ 5000 ਭਾਜਪਾ ਵਰਕਰਾਂ ਨੇ ਘਰ-ਘਰ ਪ੍ਰਚਾਰ ਕੀਤਾ। ਜੀਵਨ ਗੁਪਤਾ ਨੇ ਦੱਸਿਆ ਕਿ ਉਹ ਖੁਦ ਇਕ ਪਿੰਡ ’ਚ ਚੋਣ ਪ੍ਰਚਾਰ ਕਰਨ ਗਏ ਸਨ। ਪਿੰਡਾਂ ਦੇ ਲੋਕ ਹੁਣ ਆਪਣੇ ਘਰਾਂ ਅੰਦਰ ਭਾਜਪਾ ਆਗੂਆਂ ਨੂੰ ਬਿਠਾ ਕੇ ਚਾਹ ਪਿਲਾ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਸ ਵਾਰ ਉਹ ਭਾਜਪਾ ਨੂੰ ਹੀ ਵੋਟ ਪਾਉਣਗੇ ਕਿਉਂਕਿ ਪਿੰਡਾਂ ਦੇ ਬਹੁਤ ਸਾਰੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਕੀਮਾਂ ਦਾ ਲਾਭ ਲੈ ਰਹੇ ਹਨ। ਕੇਂਦਰ ਸਰਕਾਰ ਦੀ 5 ਲੱਖ ਰੁਪਏ ਤਕ ਦਾ ਮੁਫਤ ਇਲਾਜ ਕਰਨ ਵਾਲੀ ਆਯੁਸ਼ਮਾਨ ਭਾਰਤ ਯੋਜਨਾ ਵਰਗੀਆਂ ਸਹੂਲਤਾਂ ਲੈਣ ਤੋਂ ਲੋਕ ਅਜੇ ਵੀ ਵਾਂਝੇ ਹਨ, ਕਿਉਂਕਿ ਪੰਜਾਬ ਸਰਕਾਰ ਇਸ ਨੂੰ ਲਾਗੂ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਜਲੰਧਰ ਤੋਂ ਭਾਜਪਾ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਹਰ ਪਾਰਟੀ ਲਈ ਵੱਕਾਰ ਦਾ ਸਵਾਲ ਬਣੀ ਜਲੰਧਰ ਲੋਕ ਸਭਾ ਸੀਟ, ਸਿਕੰਦਰ ਬਣਨ ਲਈ ਦੋ CM ਪੱਬਾਂ ਪਾਰ

ਸੀ. ਐੱਮ. ਕਹਿ ਰਹੇ ਹਨ ਕਿ ਆਰ. ਡੀ. ਐੱਫ਼. ਦੇ ਪੈਸੇ ਨਹੀਂ ਮਿਲ ਰਹੇ?
ਜੀਵਨ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਝੂਠ ਬੋਲ ਰਹੇ ਹਨ। ਪੇਂਡੂ ਵਿਕਾਸ ਫੰਡ (ਆਰ. ਡੀ. ਐੱਫ.) ਦਾ ਪੈਸਾ ਪਿੰਡਾਂ ਦੇ ਵਿਕਾਸ ’ਤੇ ਹੀ ਖ਼ਰਚ ਕੀਤਾ ਜਾਣਾ ਚਾਹੀਦਾ ਹੈ। ਪੈਸਾ ਖ਼ਰਚ ਹੋਣ ਤੋਂ ਬਾਅਦ ਵਰਤੋਂ ਸਰਟੀਫਿਕੇਟ ਕੇਂਦਰ ਸਰਕਾਰ ਨੂੰ ਭੇਜਣਾ ਪੈਂਦਾ ਹੈ ਪਰ ਸਰਕਾਰ ਨੇ ਇਸ ਦਾ ਵੇਰਵਾ ਕੇਂਦਰ ਸਰਕਾਰ ਨੂੰ ਨਹੀਂ ਭੇਜਿਆ। ਜੇਕਰ ਸੂਬਾ ਇਸ ਬਾਰੇ ਜਾਣਕਾਰੀ ਨਹੀਂ ਦੇਵੇਗਾ ਤਾਂ ਕੇਂਦਰ ਫਿਰ ਫੰਡ ਕਿਉਂ ਦੇਵੇਗਾ। ਕਸੂਰ ਸੂਬਾ ਸਰਕਾਰ ਦਾ ਹੈ ਅਤੇ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਜਲੰਧਰ ਸ਼ਹਿਰ ਨੂੰ ਸਮਾਰਟ ਸਿਟੀ ਐਲਾਨਿਆ ਹੋਇਆ ਹੈ। ਇਸ ਦੇ ਲਈ ਪੰਜਾਬ ਸਰਕਾਰ ਨੂੰ 900 ਕਰੋੜ ਰੁਪਏ ਦਾ ਫੰਡ ਭੇਜਿਆ ਗਿਆ ਸੀ ਪਰ ਇਹ ਪੈਸਾ ਕਿਤੇ ਨਜ਼ਰ ਨਹੀਂ ਆ ਰਿਹਾ। ਇਸ ’ਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿਸ ਦੀ ਜਾਂਚ ਕੀਤੀ ਜਾਵੇਗੀ।

ਜੰਤਰ-ਮੰਤਰ ’ਤੇ ਧਰਨਾ ਚੋਣ ਨੂੰ ਪ੍ਰਭਾਵਿਤ ਕਰੇਗਾ?
ਜੰਤਰ-ਮੰਤਰ ’ਤੇ ਦਿੱਤੇ ਧਰਨੇ ਦਾ ਜਲੰਧਰ ਲੋਕ ਸਭਾ ਜ਼ਿਮਨੀ ਚੋਣ ’ਤੇ ਕੋਈ ਅਸਰ ਨਹੀਂ ਹੈ ਕਿਉਂਕਿ ਇਹ ਜਾਂਚ ਦਾ ਵਿਸ਼ਾ ਹੈ। ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਵਿਚ ਵੀ ਅਜਿਹੇ ਕਈ ਮਾਮਲੇ ਹਨ, ਜਿਨ੍ਹਾਂ ਦੀ ਜਾਂਚ ਚੱਲ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਮੰਤਰੀ ਰਹਿ ਚੁੱਕੇ ਵਿਜੇ ਸਿੰਗਲਾ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ ਪਰ ਉਹ ਹਾਲੇ ਵੀ ਆਮ ਆਦਮੀ ਪਾਰਟੀ ਦੀਆਂ ਮੀਟਿੰਗਾਂ ਵਿਚ ਸ਼ਾਮਲ ਹੋ ਰਹੇ ਹਨ। ਲੋਕ ਸਭ ਕੁਝ ਜਾਣਦੇ ਹਨ।

10 ਮਹੀਨਿਆਂ ਦੇ ਕਾਰਜਕਾਲ ਵਿਚ ਕੀ ਕਰੋਗੇ?
ਭਾਜਪਾ 10 ਮਹੀਨਿਆਂ ਵਿਚ ਉਹ ਕੰਮ ਕਰਵਾ ਦੇਵੇਗੀ, ਜੋ ਕਾਂਗਰਸ ਪਿਛਲੇ 9 ਸਾਲਾਂ ਵਿਚ ਨਹੀਂ ਕਰਵਾ ਸਕੀ। ਉਨ੍ਹਾਂ ਕਿਹਾ ਕਿ ਜਲੰਧਰ ਵਿਕਾਸ ਪੱਖੋਂ ਕਾਫ਼ੀ ਪੱਛੜ ਗਿਆ ਹੈ। ਜਲੰਧਰ ਤੋਂ ਭਾਜਪਾ ਦਾ ਸੰਸਦ ਮੈਂਬਰ ਬਣਨ ਤੋਂ ਬਾਅਦ ਰਿਕਾਰਡਤੋੜ ਵਿਕਾਸ ਕਾਰਜ ਕਰਵਾਏ ਜਾਣਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਕੀਮਾਂ ਦਾ ਲਾਭ ਹਰ ਵਿਅਕਤੀ ਤੱਕ ਪਹੁੰਚਾਇਆ ਜਾਵੇਗਾ। ਅਗਲੇ ਸਾਲ ਫਿਰ ਲੋਕ ਸਭਾ ਚੋਣਾਂ ਆ ਰਹੀਆਂ ਹਨ। ਜੇਕਰ ਲੋਕਾਂ ਨੂੰ ਭਾਜਪਾ ਦਾ 10 ਮਹੀਨੇ ਦਾ ਕਾਰਜਕਾਲ ਪਸੰਦ ਨਾ ਆਇਆ ਤਾਂ ਜਨਤਾ ਆਪਣਾ ਫ਼ੈਸਲਾ 2024 ਵਿਚ ਸੁਣਾ ਸਕਦੀ ਹੈ।

ਇਹ ਵੀ ਪੜ੍ਹੋ : ਰੋਡ ਸ਼ੋਅ ਦੌਰਾਨ ਬੋਲੇ CM ਭਗਵੰਤ ਮਾਨ, ਕਿਹਾ-ਜਲੰਧਰ ਨੂੰ 'ਮੁੰਦਰੀ' ਦੇ ਨਗ ਵਾਂਗ ਚਮਕਾਵਾਂਗੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ

shivani attri

This news is Content Editor shivani attri