ਸਹਿਵਾਗ ਦੇ ਸ਼ੋਅ 'ਚ ਦਿਸੇਗਾ ਗੁਰਦਾਸਪੁਰ ਦਾ ਜੂਡੋਕਾ ਅਵਤਾਰ ਸਿੰਘ

07/19/2017 9:11:37 PM

ਜਲੰਧਰ— ਰੀਓ ਓਲੰਪਿਕ 2016 'ਚ ਜੂਡੋ 'ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲਾ ਜ਼ਿਲਾ ਗੁਰਦਾਸਪੁਰ (ਪੰਜਾਬ) ਨਾਲ ਸਬੰਧਤ ਜੂਡੋ ਖਿਡਾਰੀ ਅਵਤਾਰ ਸਿੰਘ ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਦੇ ਸ਼ੋਅ 'ਉਮੀਦ ਇੰਡੀਆ' 'ਚ ਅੱਜ ਦਿਖਾਈ ਦੇਵੇਗਾ। ਈਪਿਕ ਚੈਨਲ 'ਤੇ ਬਹੁਤ ਦੇਰ ਤੋਂ ਉਡੀਕੇ ਜਾ ਰਹੇ ਇਸ ਸ਼ੋਅ 'ਚ ਅਵਤਾਰ ਪਹਿਲਾ ਮਹਿਮਾਨ ਹੋਵੇਗਾ। ਅਵਤਾਰ ਸ਼ੋਅ ਦਾ ਪਹਿਲਾ ਮਹਿਮਾਨ ਬਣਨ 'ਤੇ ਆਪਣੇ ਆਪ ਤੇ ਮਾਣ ਮਹਿਸੂਸ ਕਰ ਰਿਹਾ ਹੈ। ਅਵਤਾਰ ਸਿੰਘ ਇਕਲੌਤਾ ਜੂਡੋਕਾ ਖਿਡਾਰੀ ਹੈ, ਜਿਸ ਨੇ ਰੀਓ ਓਲੰਪਿਕ 'ਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਇਸ ਸਮੇਂ ਪੰਜਾਬ ਪੁਲਸ 'ਚ ਏ. ਐੱਸ. ਆਈ. ਦੇ ਅਹੁਦੇ 'ਤੇ ਤਾਇਨਾਤ ਅਵਤਾਰ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ 'ਚ ਦੱਸਿਆ ਕਿ ਉਸ ਦਾ ਟੀਚਾ ਟੋਕੀਓ 2020 ਓਲੰਪਿਕ 'ਚ ਭਾਰਤ ਲਈ ਤਮਗਾ ਜਿੱਤਣਾ ਹੈ।