ਸਿਹਰਾ ਮਰਡਰ ਕੇਸ: ਪੁਲਸ ਦੇ ਹੱਥ ਲੱਗੀ ਹਮਲੇ ਦੇ ਪਲਾਨਿੰਗ ਦੀ ਵੀਡੀਓ ਫੁਟੇਜ!

02/12/2019 9:43:52 AM

ਜਲੰਧਰ (ਜ.ਬ.) - ਸਿਹਰਾ ਮਰਡਰ ਕੇਸ ਚ ਪੁਲਸ ਦੇ ਹੱਥ ਸਿਹਰਾ ਭਰਾਵਾਂ 'ਤੇ ਹੋਏ ਹਮਲੇ ਦੀ ਪਲਾਨਿੰਗ ਦੀ ਵੀਡੀਓ ਫੁਟੇਜ ਲੱਗ ਚੁੱਕੀ ਹੈ ਪਰ ਫਿਰ ਵੀ ਪੁਲਸ ਇਸ ਬਾਰੇ ਕੋਈ ਖੁਲਾਸਾ ਨਹੀਂ ਕਰ ਰਹੀ। ਸੂਤਰਾਂ ਅਨੁਸਾਰ ਸਿਹਰਾ ਬ੍ਰਦਰਜ਼ 'ਤੇ ਹਮਲੇ ਦੀ ਪਲਾਨਿੰਗ ਦਾਣਾ ਮੰਡੀ ਦੀ ਇਕ ਦੁਕਾਨ 'ਤੇ ਕੀਤੀ ਗਈ ਸੀ। ਹਮਲੇ ਦੀ ਪਲਾਨਿੰਗ ਐਤਵਾਰ ਨੂੰ ਹੋਈ ਸੀ ਤੇ ਮੰਗਲਵਾਰ ਨੂੰ ਸਿਹਰਾ ਭਰਾਵਾਂ 'ਤੇ ਹਮਲਾ ਕੀਤਾ ਗਿਆ। ਹਮਲੇ ਦੀ ਪਲਾਨਿੰਗ ਤੋਂ ਪਹਿਲਾਂ ਹੀ ਵਾਰਦਾਤ ਨੂੰ ਅੰਜਾਮ ਦੇਣ ਲਈ ਹਥਿਆਰ ਮੁਲਜ਼ਮਾਂ ਤੱਕ ਪਹੁੰਚ ਚੁੱਕੇ ਸਨ। ਪਲਾਨਿੰਗ ਵਿਚ  ਇਹ ਤੈਅ ਹੋਇਆ ਸੀ ਕਿ ਹਮਲਾ ਕਿਸ ਦਿਨ ਕਰਨਾ ਹੈ ਤੇ ਕਿੰਨੇ ਲੋਕ ਹਮਲਾ ਕਰਨਗੇ। ਪਲਾਨਿੰਗ 'ਚ ਬੈਕਅਪ ਨੂੰ ਵੀ ਪੁਖਤਾ ਕੀਤਾ ਗਿਆ ਸੀ ਤਾਂ ਜੋ ਜੇਕਰ ਵਿਰੋਧੀ ਧਿਰ ਭਾਰੀ ਪੈ ਜਾਂਦੀ  ਹੈ ਤਾਂ ਕਿਸ ਤਰ੍ਹਾਂ ਭੱਜਣਾ ਹੈ। ਦਿੱਲੀ ਦੇ ਰੋਹਿਨੀ ਵਿਖੇ ਫਲੈਟ 'ਚ ਰੇਡ ਕੀਤੀ ਸੀ, ਜਿੱਥੋਂ ਗੋਲਡੀ ਅਤੇ ਵਿਕਾਸ ਕਲਿਆਣ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕੇਸ 'ਚ ਅਜੇ ਵੀ ਕਈ ਮੁਲਜ਼ਮ ਫਰਾਰ ਹਨ।
ਕੇਸ 'ਚ ਨਾਮਜ਼ਦ ਇਕ ਮੁਲਜ਼ਮ ਕਬੂਲ ਚੁੱਕਾ ਹੈ ਕਿ 10 ਹਜ਼ਾਰ ਵਿਚ ਮੁਹੱਈਆ ਕਰਵਾਏ ਸਨ ਵਾਹਨ
ਸੂਤਰਾਂ  ਦੀ ਮੰਨੀਏ ਤਾਂ ਕੇਸ ਵਿਚ ਸ਼ਾਮਲ ਇਕ ਅਜਿਹਾ ਮੁਲਜ਼ਮ ਜਿਸ ਦੀ ਪੁਲਸ ਨੇ ਗ੍ਰਿਫਤਾਰੀ ਨਹੀਂ  ਵਿਖਾਈ ਹੈ ਪਰ ਇਨਵੈਸਟੀਗਸ਼ਨ ਵਿਚ ਮੁਲਜ਼ਮ ਇਹ ਮੰਨ ਚੁੱਕਾ ਹੈ ਕਿ ਸਿਹਰਾ ਭਰਾਵਾਂ 'ਤੇ  ਹਮਲੇ ਲਈ ਉਸ ਨੇ 10 ਹਜ਼ਾਰ ਰੁਪਏ 'ਚ ਮੋਟਰਸਾਈਕਲ ਤੇ ਐਕਟਿਵਾ ਮੁਹੱਈਆ ਕਰਵਾਏ ਸਨ।  ਜ਼ਿਕਰਯੋਗ ਹੈ ਕਿ ਮੁੱਖ ਮੁਲਜ਼ਮ ਗੋਪੀ ਬਾਜਵਾ ਨੇ ਸਰੰਡਰ ਕੀਤਾ ਸੀ, ਗੋਪੀ ਦੇ ਸਰੰਡਰ  ਤੋਂ ਪਹਿਲਾਂ ਹੀ ਪੁਲਸ ਨੇ ਕੇਸ ਵਿਚ ਨਾਮਜ਼ਦ ਡਿਪਟੀ, ਚਿੱਦੀ, ਨੋਨੀ ਨੂੰ ਚੁੱਕ ਲਿਆ ਸੀ।  

ਪੁਲਸ ਨੂੰ ਪਹਿਲਾਂ ਹੀ ਪਤਾ ਸੀ ਕਿ ਸ਼ਹਿਰ 'ਚ ਆ ਚੁੱਕੇ ਹਨ ਹਥਿਆਰ
ਮਹਾਨਗਰ  ਦੇ ਗਲਿਆਰਿਆਂ 'ਚ ਇਹ ਚਰਚਾ ਬਣੀ ਹੋਈ ਹੈ ਕਿ ਪੁਲਸ ਨੂੰ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ  ਕਿ ਸ਼ਹਿਰ 'ਚ ਨਾਜਾਇਜ਼ ਹਥਿਆਰ ਆ ਚੁੱਕੇ ਹਨ ਪਰ ਫਿਰ ਵੀ ਪੁਲਸ ਨੇ ਕੋਈ ਕਾਰਵਾਈ ਨਹੀਂ  ਕੀਤੀ ਅਤੇ ਜਿਸ  ਕਾਰਨ ਬਾਬਾ ਨੂੰ ਗੋਲੀਕਾਂਡ  'ਚ ਆਪਣੀ ਜਾਨ ਤੋਂ ਹੱਥ ਧੋਣਾ ਪਿਆ।

ਪੁਲਸ ਕੋਲ ਨਹੀਂ ਹੈ ਪਲਾਨਿੰਗ ਦੀ ਫੁਟੇਜ : ਡੀ. ਸੀ. ਪੀ . ਗੁਰਮੀਤ
ਇਸ  ਮਾਮਲੇ 'ਚ ਜਦੋਂ ਡੀ. ਸੀ. ਪੀ.  ਗੁਰਮੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ  ਪੁਲਸ ਦੇ ਹੱਥ ਹਮਲੇ ਦੀ ਪਲਾਨਿੰਗ ਸਬੰਧੀ ਕੋਈ ਫੁਟੇਜ ਹੱਥ ਨਹੀਂ ਲੱਗੀ ਹੈ। ਉਨ੍ਹਾਂ ਕਿਹਾ  ਕਿ ਕੇਸ 'ਚ ਕਿਸੇ ਨੂੰ ਵੀ ਅਜੇ ਕਲੀਨ ਚਿੱਟ ਨਹੀਂ ਦਿੱਤੀ ਗਈ। ਡਿਪਟੀ ਨੂੰ ਪੈਰੋਲ ਖਤਮ  ਹੋਣ 'ਤੇ ਜੇਲ ਜ਼ਰੂਰ ਭੇਜ ਦਿੱਤਾ ਗਿਆ ਹੈ ਪਰ ਕੇਸ 'ਚ ਹਾਲੇ ਇਨਵੈਸਟੀਗੇਸ਼ਨ ਜਾਰੀ ਹੈ।

ਪਲਾਨਿੰਗ 'ਚ 3 ਟਾਰਗੈੱਟਾਂ 'ਤੇ ਹਮਲਾ ਕਰਨਾ ਹੋਇਆ ਸੀ ਤੈਅ
ਦਾਣਾ  ਮੰਡੀ ਦੀ ਦੁਕਾਨ 'ਚ ਹੋਈ ਪਲਾਨਿੰਗ 'ਚ 3 ਟਾਰਗੈੱਟ 'ਤੇ ਹਮਲਾ ਕਰਨਾ ਤੈਅ ਹੋਇਆ ਸੀ ਜਿਸ 'ਚ ਸਿਹਰਾ ਭਰਾਵਾਂ ਤੋਂ ਇਲਾਵਾ 2 ਹੋਰ ਟਾਰਗੈੱਟ ਸਨ ਅਤੇ ਇਹ ਦੋਵੇਂ ਹੀ ਟਾਰਗੈੱਟ ਮੈਚਾਂ 'ਚ ਬੁੱਕੀ ਲਾਉਣ ਦਾ ਕੰਮ ਕਰਦੇ ਹਨ।  ਹਮਲਾ ਕਰਨ ਲਈ ਸਭ ਤੋਂ ਪਹਿਲਾਂ ਸਿਹਰਾ ਭਰਾਵਾਂ ਨੂੰ ਚੁਣਿਆ ਗਿਆ ਸੀ। ਮੁਲਜ਼ਮਾਂ ਨੇ ਆਪਣੇ  ਵੱਲੋਂ ਸਿਹਰਾ ਭਰਾਵਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ ਅਤੇ ਉਨ੍ਹਾਂ ਨੂੰ  ਲੱਗਾ ਸੀ  ਕਿ ਦੋਵੇਂ ਸਿਹਰਾ  ਢੇਰ  ਹੋ ਗਏ ਹਨ, ਬਾਬਾ ਦੀ ਤਾਂ ਮੌਕੇ 'ਤੇ ਮੌਤ ਹੋ ਗਈ ਪਰ  ਕਮਲਪ੍ਰੀਤ 'ਤੇ ਜ਼ਿੰਦਗੀ ਮਿਹਰਬਾਨ ਹੋ ਗਈ ਅਤੇ ਉਹ ਬਚ ਗਿਆ ਅਤੇ ਉਸ ਦੇ ਉੱਪਰ ਹੋਏ ਹਮਲੇ  ਦੀ ਪੋਲ ਖੋਲ੍ਹ ਦਿੱਤੀ। ਮੁਲਜ਼ਮ ਜੇਕਰ ਫੜੇ ਨਾ ਜਾਂਦੇ ਤਾਂ ਉਨ੍ਹਾਂ ਦੀ ਪਲਾਨਿੰਗ ਸੀ ਕਿ 5  ਦਿਨ ਅੰਡਰਗਰਾਊਂਡ ਹੋ ਕੇ ਅਗਲੇ ਟਾਰਗੈੱਟ ਨੂੰ ਖਤਮ ਕਰਨਗੇ। ਮੁਲਜ਼ਮ ਸ਼ਹਿਰ 'ਚ ਸਿਲਸਿਲੇਵਾਰ  ਵਾਰਦਾਤਾਂ ਨੂੰ ਅੰਜਾਮ ਦੇ ਕੇ ਆਪਣਾ ਦਬਦਬਾ ਕਾਇਮ ਕਰਨਾ ਚਾਹੁੰਦੇ ਸਨ ਪਰ ਉਹ ਆਪਣੀ ਇਸ  ਪਲਾਨਿੰਗ 'ਚ ਕਾਮਯਾਬ ਹੁੰਦੇ ਇਸ ਤੋਂ ਪਹਿਲਾਂ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ  ਪਰ ਕੇਸ 'ਚ ਸ਼ਾਮਲ ਕੁੱਝ ਮੁਲਜ਼ਮ ਹਾਲੇ ਵੀ ਪੁਲਸ ਦੀ ਪਕੜ ਤੋਂ ਬਾਹਰ ਹਨ।

ਮੁਲਜ਼ਮ ਹਿਰਾਸਤ 'ਚ ਫਿਰ ਗ੍ਰਿਫਤਾਰੀ ਕਿਉਂ ਨਹੀਂ ਦਿਖਾ ਰਹੀ ਪੁਲਸ?
ਸਿਹਰਾ  ਕਤਲ ਕੇਸ 'ਚ ਪੁਲਸ ਕੇਸ 'ਚ ਨਾਮਜ਼ਦ ਕੁੱਝ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਦਿਖਾ ਰਹੀ ਹੈ।  ਪੁਲਸ ਕਮਿਸ਼ਨਰ ਨੇ ਪ੍ਰੈੱਸ ਕਾਨਫਰੰਸ ਕਰ ਕੇ ਮੰਨਿਆ ਸੀ ਕਿ ਕੇਸ 'ਚ ਨਾਮਜ਼ਦ ਕੁੱਝ ਮੁਲਜ਼ਮਾਂ  ਨੂੰ ਇਨਵੈਸਟੀਗੇਸ਼ਨ 'ਚ ਸ਼ਾਮਲ ਕਰ ਲਿਆ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਮੁਲਜ਼ਮਾਂ ਤੋਂ  ਸੀ. ਆਈ. ਏ. ਅਤੇ ਥਾਣਾ ਸਦਰ 'ਚ ਬਿਠਾ ਕੇ ਇਨਵੈਸਟੀਗੇਸ਼ਨ ਵੀ ਕੀਤੀ ਗਈ ਪਰ ਕਿਸੇ ਦੀ  ਗ੍ਰਿਫਤਾਰੀ ਨਹੀਂ ਦਿਖਾਈ ਗਈ। ਕੇਸ 'ਚ ਡਿਪਟੀ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ ਪਰ ਡਿਪਟੀ  ਦੇ ਪੈਰੋਲ ਖਤਮ ਹੋਣ 'ਤੇ ਉਸ ਨੂੰ ਜੇਲ ਭੇਜ ਦਿੱਤਾ ਗਿਆ, ਜੇਲ ਜਾਣ ਤੱਕ ਡਿਪਟੀ ਨੂੰ ਵੀ  ਪੁਲਸ ਨੇ ਪੁੱਛਗਿੱਛ ਲਈ ਥਾਣੇ 'ਚ ਹੀ ਰੱਖਿਆ ਹੋਇਆ ਹੈ। ਪੁਲਸ ਨੇ ਇਹ ਵੀ ਸਾਫ ਨਹੀਂ ਕੀਤਾ  ਕਿ ਡਿਪਟੀ  ਦੀ ਵੀ ਇਸ ਮਾਮਲੇ 'ਚ ਕੋਈ ਭੂਮਿਕਾ ਹੈ ਜਾਂ ਨਹੀਂ। ਸੂਤਰਾਂ ਅਨੁਸਾਰ ਕੁੱਝ  ਮੁਲਜ਼ਮਾਂ ਨੂੰ ਕਲੀਨ ਚਿੱਟ ਦੇਣ ਦੀ ਤਿਆਰੀ ਚੱਲ ਰਹੀ ਹੈ।

rajwinder kaur

This news is Content Editor rajwinder kaur