ਗੈਂਗਸਟਰਾਂ ਦੀਆਂ ਵਧਦੀਆਂ ਗਤੀਵਿਧੀਆਂ ਨੂੰ ਵੇਖਦੇ ਹੋਏ ਸੂਬੇ ਭਰ ''ਚ ਜਾਰੀ ਅਲਰਟ

11/01/2017 10:00:01 PM

ਕਪੂਰਥਲਾ (ਭੂਸ਼ਣ)- ਸੂਬੇ ਭਰ 'ਚ ਗੈਂਗਸਟਰਾਂ ਦੀਆਂ ਵਧਦੀਆਂ ਗਤੀਵਿਧੀਆਂ ਨੂੰ ਵੇਖਦੇ ਹੋਏ ਜਿਥੇ ਸਾਰੇ ਥਾਣਾ ਖੇਤਰਾਂ ਦੀ ਪੁਲਸ ਨੂੰ ਅਲਰਟ ਕੀਤਾ ਗਿਆ ਹੈ, ਉਥੇ ਹੀ ਸੂਬੇ ਦੇ ਦੋਆਬਾ, ਮਾਝਾ ਅਤੇ ਮਾਲਵਾ ਨੂੰ ਆਪਸ 'ਚ ਜੋੜਨ ਵਾਲੇ ਬਿਆਸ ਨਦੀ ਦੇ ਦੋਵੇਂ ਪੁਲਾਂ 'ਤੇ ਹਾਈਟੈੱਕ ਨਾਕਿਆਂ 'ਤੇ ਵੱਡੀ ਗਿਣਤੀ 'ਚ ਪੁਲਸ ਟੀਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ, ਜਿਸ ਦੀ ਲੜੀ 'ਚ ਆਈ. ਜੀ. ਜਲੰਧਰ ਜ਼ੋਨ ਅਰਪਿਤ ਸ਼ੁਕਲਾ ਨੇ ਬੁੱਧਵਾਰ ਨੂੰ ਕਪੂਰਥਲਾ ਜ਼ਿਲੇ ਨੂੰ ਤਰਨਤਾਰਨ ਤੇ ਅੰਮ੍ਰਿਤਸਰ ਨਾਲ ਜੋੜਨ ਵਾਲੇ ਬਿਆਸ ਨਦੀ ਦੇ ਪੁਲ 'ਤੇ ਲੱਗਣ ਵਾਲੇ ਹਾਈਟੈੱਕ ਨਾਕੇ ਦਾ ਮੁਆਇਨਾ ਕੀਤਾ। 
ਨਦੀਆਂ ਦੇ ਪੁਲਾਂ 'ਤੇ ਨਾਕਾਬੰਦੀ ਸਖ਼ਤ ਕਰਨ ਦੇ ਦਿੱਤੇ ਹੁਕਮ  
ਸੂਬੇ 'ਚ ਗੈਂਗਸਟਰਾਂ ਦੀਆਂ ਲਗਾਤਾਰ ਵਧ ਰਹੀਆਂ ਗਤੀਵਿਧੀਆਂ ਅਤੇ ਉਨ੍ਹਾਂ ਨੂੰ ਨਾਕਾਬੰਦੀ ਦੌਰਾਨ ਫੜਨ ਲਈ ਚੱਲ ਰਹੀ ਮੁਹਿੰਮ ਦੇ ਤਹਿਤ ਹੁਣ ਉਨ੍ਹਾਂ ਦੇ ਭੱਜਣ ਦੇ ਸਾਰੇ ਮਾਰਗਾਂ ਨੂੰ ਬੰਦ ਕਰਨ ਲਈ ਜਿਥੇ ਸਾਰੇ ਸੰਵੇਦਨਸ਼ੀਲ ਮਾਰਗਾਂ 'ਤੇ ਨਾਕਾਬੰਦੀ ਤੇਜ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ, ਉਥੇ ਹੀ ਬਿਆਸ ਅਤੇ ਸਤਲੁਜ ਨਦੀਆਂ ਦੇ ਪੁਲਾਂ 'ਤੇ ਹਾਈਟੈੱਕ ਨਾਕਿਆਂ ਦਾ ਦਾਇਰਾ ਹੋਰ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਦੇ ਤਹਿਤ ਬੁੱਧਵਾਰ ਨੂੰ ਜਲੰਧਰ ਜ਼ੋਨ ਦੇ ਆਈ. ਜੀ. ਅਰਪਿਤ ਸ਼ੁਕਲਾ ਨੇ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਦੇ ਨਾਲ ਦੋਆਬਾ ਤੇ ਮਾਲਵਾ ਖੇਤਰਾਂ ਨੂੰ ਮਾਝੇ ਨਾਲ ਜੋੜਨ ਵਾਲੇ ਬਿਆਸ ਨਦੀ ਦੇ ਸ੍ਰੀ ਗੋਇੰਦਵਾਲ ਸਾਹਿਬ ਦੇ ਨਜ਼ਦੀਕ ਪੈਂਦੇ ਹਾਈਟੈੱਕ ਨਾਕੇ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਹਾਈਟੈੱਕ ਨਾਕੇ 'ਤੇ ਤਾਇਨਾਤ ਸਾਰੇ ਪੁਲਸ ਕਰਮਚਾਰੀਆਂ ਨੂੰ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕਰਨ ਦੇ ਹੁਕਮ ਦਿੱਤੇ ਅਤੇ ਸ਼ੱਕੀ ਵਾਹਨਾਂ ਦੀ ਜਾਂਚ ਲਈ ਵਾਹਨ ਐਪ ਦੀ ਮਦਦ ਲੈਣ ਨੂੰ ਕਿਹਾ। ਉਨ੍ਹਾਂ ਹਾਈਟੈੱਕ ਨਾਕੇ ਦੇ ਦੋਵਾਂ ਪਾਸੇ ਸਥਾਈ ਬੈਰੀਕੇਡਸ ਲਾਉਣ ਨੂੰ ਕਿਹਾ ਤਾਂ ਕਿ ਕਿਸੇ ਵੀ ਅਪਰਾਧੀ ਨੂੰ ਤੁਰੰਤ ਫੜਿਆ ਜਾ ਸਕੇ। ਇਸ ਮੌਕੇ ਉਨ੍ਹਾਂ ਢਿੱਲਵਾਂ ਦੇ ਨਜ਼ਦੀਕ ਲੱਗਦੇ ਬਿਆਸ ਨਦੀ ਦੇ ਪੁਲ 'ਤੇ ਲੱਗਣ ਵਾਲੇ ਨਾਕਿਆਂ ਨੂੰ ਹੋਰ ਸਖ਼ਤ ਕਰਨ ਦੇ ਹੁਕਮ ਦਿੱਤੇ ।
ਪੁਲਸ ਅਫਸਰਾਂ ਦੀ ਲਈ ਗਈ ਵਿਸ਼ੇਸ਼ ਮੀਟਿੰਗ
ਮੀਟਿੰਗ ਦੌਰਾਨ ਆਈ. ਜੀ. ਜ਼ੋਨਲ ਅਰਪਿਤ ਸ਼ੁਕਲਾ ਨੇ ਮੌਕੇ 'ਤੇ ਮੌਜੂਦ ਪੁਲਸ ਅਫਸਰਾਂ ਨੂੰ ਕਈ ਨਵੇਂ ਦਿਸ਼ਾ-ਨਿਰਦੇਸ਼ ਦਿੱਤੇ, ਜਿਸ ਦੌਰਾਨ ਉਨ੍ਹਾਂ ਪੁਲਸ ਅਫਸਰਾਂ ਨੂੰ ਆਪਣੇ-ਆਪਣੇ ਖੇਤਰਾਂ 'ਚ ਅਪਰਾਧ ਵਿਰੋਧੀ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਹੁਕਮ ਦਿੱਤੇ ਅਤੇ ਨਾਈਟ ਡੋਮੀਨੇਸ਼ਨ ਮੁਹਿੰਮ ਨੂੰ ਲਗਾਤਾਰ ਚਲਾਉਣ ਨੂੰ ਕਿਹਾ।
ਇਸ ਮੀਟਿੰਗ 'ਚ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਵਰਿਆਮ ਸਿੰਘ, ਐੱਸ. ਐੱਚ. ਓ. ਤਲਵੰਡੀ ਚੌਧਰੀਆਂ ਜੋਗਿੰਦਰਪਾਲ ਤੇ ਐੱਸ. ਐੱਚ. ਓ. ਫੱਤੂਢੀਂਗਾ ਪਰਮਿੰਦਰ ਸਿੰਘ ਬਾਜਵਾ ਵੀ ਮੌਜੂਦ ਸਨ।   
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸਬੰਧ 'ਚ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਆਈ. ਜੀ. ਜ਼ੋਨਲ ਨੇ ਬਿਆਸ ਨਦੀ ਦੇ ਹਾਈਟੈੱਕ ਪੁਲ 'ਤੇ ਲੱਗਣ ਵਾਲੇ ਨਾਕੇ ਦਾ ਮੁਆਇਨਾ ਕੀਤਾ ਹੈ ਤੇ ਦੋਵੇਂ ਪੁਲਾਂ 'ਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕੀਤਾ ਜਾਵੇਗਾ।