ਨਿਗਮ ਚੋਣਾਂ ਨੂੰ ਲੈ ਕੇ ਪੁਲਸ ਨੇ ਬਣਾਈ ਸੁਰੱਖਿਆ ਰਣਨੀਤੀ

12/10/2017 3:18:46 AM

ਅੰਮ੍ਰਿਤਸਰ,   (ਸੰਜੀਵ)-  ਇਕ ਪਾਸੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਜਿਥੇ ਰਾਜਨੀਤਕ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ, ਉਥੇ ਹੀ ਦੂਜੇ ਪਾਸੇ ਇਨ੍ਹਾਂ ਚੋਣਾਂ ਨੂੰ ਸ਼ਾਂਤਮਈ ਢੰਗ ਅਤੇ ਪਾਰਦਰਸ਼ਿਤਾ ਨਾਲ ਕਰਵਾਉਣ ਲਈ ਜ਼ਿਲਾ ਪੁਲਸ ਨੇ ਵੀ ਆਪਣੀ ਰਣਨੀਤੀ ਤਿਆਰ ਕਰ ਲਈ ਹੈ। ਪੁਲਸ 14 ਦਸੰਬਰ ਤੱਕ ਸ਼ਹਿਰ ਵਿਚ ਸਪੈਸ਼ਲ ਨਾਕੇ ਲਾ ਕੇ ਹਰ ਆਉਣ-ਜਾਣ ਵਾਲੇ ਵਾਹਨ ਦੀ ਜਾਂਚ ਦੇ ਨਾਲ-ਨਾਲ ਸ਼ੱਕੀ ਵਿਅਕਤੀਆਂ 'ਤੇ ਆਪਣੀ ਨਜ਼ਰ ਟਿਕਾਈ ਬੈਠੀ ਹੈ। ਪੁਲਸ ਵੱਲੋਂ ਸ਼ਹਿਰ 'ਚ 40 ਅਜਿਹੇ ਪੁਆਇੰਟ ਬਣਾਏ ਗਏ ਹਨ, ਜਿਥੇ ਦੇਰ ਰਾਤ ਤੱਕ ਨਾਕੇ ਲੱਗ ਰਹੇ ਹਨ।  ਇਸੇ ਤਰ੍ਹਾਂ 15 ਤੋਂ 17 ਦਸੰਬਰ ਚੋਣਾਂ ਵਾਲੇ ਦਿਨ ਤੱਕ ਨਿਗਮ ਦੇ 85 ਵਾਰਡਾਂ ਵਿਚ ਬਣੇ ਬੂਥਾਂ 'ਤੇ ਭਾਰੀ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਜਾਵੇਗਾ, ਜਿਸ ਵਿਚ ਪੰਜਾਬ ਸਰਕਾਰ ਵੱਲੋਂ ਭੇਜੇ ਗਏ 15 ਸੁਰੱਖਿਆ ਕਰਮਚਾਰੀਆਂ ਦੇ ਨਾਲ 3500 ਤੋਂ ਵੱਧ ਜ਼ਿਲਾ ਫੋਰਸ ਲਾਈ ਜਾ ਰਹੀ ਹੈ। ਇਹ ਜਾਣਕਾਰੀ ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਨੇ ਜਗ ਬਾਣੀ ਨਾਲ ਇਕ ਵਿਸ਼ੇਸ਼ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਕਿਸੇ ਨੂੰ ਵੀ ਗੁੰਡਾਗਰਦੀ ਨਹੀਂ ਕਰਨ ਦਿੱਤੀ ਜਾਵੇਗੀ। ਹਰ ਬੂਥ 'ਤੇ ਆਉਣ ਵਾਲੇ ਵੋਟਰਾਂ ਨੂੰ ਨਿਰਪੱਖਤਾ ਨਾਲ ਆਪਣੀ ਵੋਟ ਪਾਉਣ ਦਾ ਅਧਿਕਾਰ ਮਿਲੇਗਾ ਤਾਂ ਕਿ ਚੋਣ ਪ੍ਰਕਿਰਿਆ ਨੂੰ ਪਾਰਦਰਸ਼ਿਤਾ ਨਾਲ ਕਰਵਾਇਆ ਜਾ ਸਕੇ।
ਸੰਵੇਦਨਸ਼ੀਲ ਬੂਥਾਂ ਦੀਆਂ ਬਣ ਰਹੀਆਂ ਲਿਸਟਾਂ : ਨਗਰ ਨਿਗਮ ਚੋਣਾਂ ਦੌਰਾਨ ਨਿਗਮ ਦੇ 85 ਵਾਰਡਾਂ ਵਿਚ ਸੰਵੇਦਨਸ਼ੀਲ ਬੂਥਾਂ ਦੀਆਂ ਲਿਸਟਾਂ ਬਣਾਈਆਂ ਜਾ ਰਹੀਆਂ ਹਨ, ਜਿਥੇ ਭਾਰੀ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਜਾਵੇਗਾ ਤਾਂ ਕਿ ਕੋਈ ਵੀ ਆਪਣੀ ਵੋਟ ਦਾ ਅਧਿਕਾਰ ਲੈਣ ਆਏ ਵਿਅਕਤੀ ਨਾਲ ਕਿਸੇ ਤਰ੍ਹਾਂ ਦੀ ਗੁੰਡਾਗਰਦੀ ਨਾ ਕਰ ਸਕੇ। ਜ਼ਿਲਾ ਪੁਲਸ ਵੱਲੋਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਤੇ ਚੋਣਾਂ ਦੌਰਾਨ ਕੋਈ ਵੀ ਗੁੰਡਾ ਅਨਸਰ ਕਿਸੇ ਨੂੰ ਨੁਕਸਾਨ ਨਾ ਪਹੁੰਚਾ ਸਕੇ।
ਬੂਥਾਂ ਤੋਂ 100 ਮੀਟਰ ਦੇ ਦਾਇਰੇ 'ਚ ਰਹੇਗਾ ਸੁਰੱਖਿਆ ਘੇਰਾ : ਨਗਰ ਨਿਗਮ ਚੋਣਾਂ ਦੇ ਸਮੇਂ ਬੂਥਾਂ ਤੋਂ 100 ਮੀਟਰ ਦੇ ਦਾਇਰੇ ਵਿਚ ਪੁਲਸ ਵੱਲੋਂ ਸੁਰੱਖਿਆ ਘੇਰਾ ਬਣਾਇਆ ਜਾ ਰਿਹਾ ਹੈ ਤਾਂ ਕਿ ਕੋਈ ਵੀ ਅਜਿਹਾ ਵਿਅਕਤੀ ਇਸ ਘੇਰੇ ਨੂੰ ਤੋੜ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਜਾ ਰਹੇ ਸ਼ਹਿਰੀ ਨੂੰ ਪ੍ਰੇਸ਼ਾਨ ਨਾ ਕਰ ਸਕੇ, ਜਿਸ ਦੇ ਲਈ ਪੁਲਸ ਵੱਲੋਂ ਏ. ਡੀ. ਸੀ. ਪੀ. ਅਤੇ ਏ. ਸੀ. ਪੀ. ਰੈਂਕ ਦੇ ਅਧਿਕਾਰੀ ਨਾਲ ਭਾਰੀ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਕਿਸੇ ਵੀ ਗੜਬੜੀ ਦੇ ਖਦਸ਼ੇ ਨੂੰ ਦੇਖਦੇ ਹੀ ਪੁਲਸ ਨੂੰ ਤੁਰੰਤ ਮੌਕੇ 'ਤੇ ਪਹੁੰਚ ਕੇ ਅਜਿਹੇ ਆਦਮੀਆਂ ਨੂੰ ਹਿਰਾਸਤ ਵਿਚ ਲੈਣ ਦੇ ਨਿਰਦੇਸ਼ ਹਨ ਜੋ ਚੋਣ ਪ੍ਰਕਿਰਿਆ ਵਿਚ ਖਲਲ ਪਾ ਰਹੇ ਹੋਣ।
ਹਿਸਟਰੀਸ਼ੀਟਰਾਂ ਦੀਆਂ ਬਣ ਰਹੀਆਂ ਲਿਸਟਾਂ : ਜ਼ਿਲਾ ਪੁਲਸ ਵੱਲੋਂ ਇਕ ਵਿਸ਼ੇਸ਼ ਸੈੱਲ ਦਾ ਗਠਨ ਕਰ ਕੇ ਹਿਸਟਰੀਸ਼ੀਟਰਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਅਪਰਾਧਿਕ ਬਿਰਤੀ ਰੱਖਣ ਵਾਲਾ ਕੋਈ ਵੀ ਵਿਅਕਤੀ ਚੋਣ ਪ੍ਰਕਿਰਿਆ ਨੂੰ ਵਿਗਾੜਨ ਦੀ ਕੋਸ਼ਿਸ਼ ਨਾ ਕਰ ਸਕੇ। ਪੁਲਸ ਦਾ ਇਹ ਵਿਸ਼ੇਸ਼ ਸੈੱਲ ਚੋਣਾਂ ਤੋਂ 3 ਦਿਨ ਪਹਿਲਾਂ ਹਿਸਟਰੀਸ਼ੀਟਰਾਂ ਦੀ ਨਿਸ਼ਾਨਦੇਹੀ ਕਰ ਲਵੇਗਾ। ਪੁਲਸ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਜੇਕਰ ਕੋਈ ਵੀ ਅਜਿਹਾ ਵਿਅਕਤੀ ਆਪਣਾ ਵਾਰਡ ਛੱਡ ਕੇ ਦੂਜੇ ਵਾਰਡ ਵਿਚ ਜਾ ਕੇ ਗੜਬੜੀ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਉਸੇ ਸਮੇਂ ਹਿਰਾਸਤ ਵਿਚ ਲੈ ਲਿਆ ਜਾਵੇ। 
ਪੁਲਸ ਕਿਸੇ ਰਾਜਨੀਤਕ ਪਾਰਟੀ ਤੇ ਉਮੀਦਵਾਰ ਦਾ ਸਮਰਥਨ ਨਾ ਕਰੇ 
ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਨੇ ਸਾਰੇ ਪੁਲਸ ਕਰਮਚਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਕੋਈ ਵੀ ਰਾਜਨੀਤਕ ਪਾਰਟੀ ਅਤੇ ਉਮੀਦਵਾਰ ਦਾ ਸਮਰਥਨ ਨਾ ਕਰੇ ਤੇ ਨਾ ਹੀ ਆਪਣੇ-ਆਪ ਨੂੰ ਚੋਣ ਪ੍ਰਕਿਰਿਆ ਵਿਚ ਸ਼ਾਮਲ ਕਰੇ। ਕਿਸੇ ਵੀ ਵਿਅਕਤੀ ਬਾਰੇ ਕੋਈ ਵੀ ਸ਼ਿਕਾਇਤ ਮਿਲਣ 'ਤੇ ਪਾਰਦਰਸ਼ਿਤਾ ਨਾਲ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪੁਲਸ ਵੱਲੋਂ ਕਾਇਮ ਕੀਤਾ ਗਿਆ ਸਪੈਸ਼ਲ ਚੋਣ ਸੈੱਲ 
ਜ਼ਿਲਾ ਪੁਲਸ ਵੱਲੋਂ ਸਪੈਸ਼ਲ ਚੋਣ ਸੈੱਲ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਏ. ਸੀ. ਪੀ. ਅਤੇ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਟੀਮਾਂ ਲਾਈਆਂ ਗਈਆਂ ਹਨ, ਜੋ ਚੋਣ ਸਬੰਧੀ ਮਿਲਣ ਵਾਲੀਆਂ ਸ਼ਿਕਾਇਤਾਂ ਦੇ ਨਾਲ-ਨਾਲ ਹਰ ਉਸ ਹਰਕਤ 'ਤੇ ਵੀ ਆਪਣੀ ਨਜ਼ਰ ਰੱਖਣਗੀਆਂ ਜੋ ਚੋਣ ਦੌਰਾਨ ਸ਼ੱਕੀ ਦਿਖਾਈ ਦੇਵੇ।
ਪੁਲਸ ਲਾਈਨ 'ਚ ਰੱਖੀ ਗਈ ਰੈਪਿਡ ਐਕਸ਼ਨ ਫੋਰਸ 
ਕਿਸੇ ਵੀ ਅਣਸੁਖਾਵੀਂ ਘਟਨਾ ਦੇ ਖਦਸ਼ੇ ਨੂੰ ਲੈ ਕੇ ਪੁਲਸ ਵੱਲੋਂ ਬਣਾਇਆ ਗਿਆ ਚੋਣ ਕੰਟਰੋਲ ਰੂਮ ਤੁਰੰਤ ਰੈਪਿਡ ਐਕਸ਼ਨ ਫੋਰਸ ਨੂੰ ਮੌਕੇ 'ਤੇ ਭੇਜ ਕੇ ਹਾਲਾਤ 'ਤੇ ਕਾਬੂ ਪਾਵੇਗਾ। 15 ਤੋਂ 17 ਦਸੰਬਰ ਤੱਕ ਪੁਲਸ ਦਾ ਇਹ ਕੰਟਰੋਲ ਰੂਮ 24 ਘੰਟੇ ਕੰਮ ਕਰੇਗਾ। ਪੁਲਸ ਕਮਿਸ਼ਨਰ ਨੇ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਸ਼ੱਕੀ ਚੀਜ਼ ਅਤੇ ਵਿਅਕਤੀ ਨੂੰ ਦੇਖਦੇ ਹੀ ਤੁਰੰਤ ਪੁਲਸ ਨੂੰ ਸੂਚਿਤ ਕਰਨ ਤਾਂ ਕਿ ਪੁਲਸ ਫੋਰਸ ਮੌਕੇ 'ਤੇ ਪਹੁੰਚ ਕੇ ਉਸ 'ਤੇ ਕਾਬੂ ਪਾ ਸਕੇ।