ਸੰਗਰੂਰ : ਸਕਿਓਰਿਟੀ ਗਾਰਡ ਨੂੰ ਗੋਲੀ ਮਾਰ ਕੇ ਲੁੱਟੇ 9 ਲੱਖ ਰੁਪਏ

05/14/2018 1:01:01 PM

ਸੰਗਰੂਰ (ਵਿਵੇਕ ਸਿੰਧਵਾਨੀ) : ਏ. ਟੀ. ਐੱਮ. ਵਿਚ ਕੈਸ਼ ਪਾਉਣ ਆਏ ਬੈਂਕ ਮੁਲਾਜ਼ਮਾਂ 'ਤੇ ਗੋਲੀਆਂ ਚਲਾ ਕੇ ਤਿੰਨ ਨਾਕਾਬਪੋਸ਼ 9 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਇਸ ਗੋਲੀਬਾਰੀ ਦੌਰਾਨ ਇਕ ਸਕਿਓਰਿਟੀ ਗਾਰਡ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਬੈਂਕ ਦੇ ਤਿੰਨ ਮੁਲਾਜ਼ਮ ਕਾਰ 'ਚ ਸਵਾਰ ਹੋ ਕੇ ਸਥਾਨਕ ਸੀ. ਐੱਲ. ਟਾਵਰ 'ਚ ਲੱਗੇ ਏ. ਟੀ. ਐੱਮ. ਵਿਚ ਕੈਸ਼ ਪਾਉਣ ਆਏ ਸਨ। 

ਇਸ ਦੌਰਾਨ ਜਿਵੇਂ ਹੀ ਮੁਲਾਜ਼ਮ ਏ. ਟੀ. ਐੱਮ. ਵਿਚ ਕੈਸ਼ ਪਾਉਣ ਲਈ ਕਾਰ 'ਚੋਂ ਹੇਠਾਂ ਉਤਰੇ ਤਾਂ ਤਿੰਨ ਨਾਕਾਬਪੋਸ਼ ਲੁਟੇਰਿਆਂ ਨੇ ਸਕਿਓਰਿਟੀ ਗਾਰਡ ਨੂੰ ਗੋਲੀ ਮਾਰ ਦਿੱਤੀ ਅਤੇ ਪੈਸਿਆਂ ਵਾਲਾ ਬੈਗ ਲੈ ਕੇ ਫਰਾਰ ਹੋ ਗਏ। ਇਸ ਦੌਰਾਨ ਲੁਟੇਰੇ ਜਾਂਦੇ ਹੋਏ ਸਕਿਓਰਿਟੀ ਗਾਰਡ ਦੀ ਦੋਨਾਲੀ ਵੀ ਨਾਲ ਲੈ ਗਏ। ਵਾਰਦਾਤ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।