ਸਕੱਤਰੇਤ ਮੁਲਾਜ਼ਮਾਂ ਨੇ ਰੋਸ ਵਜੋਂ ਕਾਂਗਰਸ ਦੇ ਚੋਣ ਮਨੋਰਥ ਪੱਤਰ ''ਤੇ ਪਕੌੜੇ ਰੱਖ ਕੇ ਖਾਧੇ

09/05/2018 3:01:15 AM

ਚੰਡੀਗੜ੍ਹ— ਪੰਜਾਬ ਸਕੱਤਰੇਤ 'ਚ ਅੱਜ ਸਵੇਰੇ ਮੁਲਾਜ਼ਮਾਂ ਨੇ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਆਗੂਆਂ ਤੋਂ 25-25 ਪੈਸੇ 'ਚ ਪੰਜਾਬ ਕਾਂਗਰਸ ਦਾ ਵਿਧਾਨ ਸਭਾ ਚੋਣਾਂ ਵਾਲਾ ਚੋਣ ਮਨੋਰਥ ਪੱਤਰ ਖ਼ਰੀਦਿਆ ਤੇ ਪੰਜਾਬ ਸਰਕਾਰ 'ਤੇ ਗੁਮਰਾਹ ਕਰਨ ਦੇ ਦੋਸ਼ ਲਾਏ। ਰੋਸ ਵਜੋਂ ਮੁਲਾਜ਼ਮਾਂ ਨੇ ਚੋਣ ਮਨੋਰਥ ਪੱਤਰ ਦੀਆਂ ਕਾਪੀਆਂ 'ਤੇ ਪਕੌੜੇ ਰੱਖ ਕੇ ਖਾਧੇ।

ਮੁਲਾਜ਼ਮਾਂ ਦਾ ਕਹਿਣਾ ਸੀ ਕਿ ਸਰਕਾਰ ਦਾ ਇਹ ਮੈਨੀਫੈਸਟੋ ਹੁਣ ਰੱਦੀ ਦਾ ਟੁਕੜਾ ਬਣ ਗਿਆ ਹੈ, ਕਿਉਂਕਿ ਇਸ 'ਚ ਮੁਲਾਜ਼ਮਾਂ ਨਾਲ ਜੋ ਵਾਅਦੇ ਕੀਤੇ ਗਏ ਸਨ, ਸਰਕਾਰ ਨੇ ਉਨ੍ਹਾਂ 'ਚੋਂ ਇਕ ਵੀ ਵਫ਼ਾ ਨਹੀਂ ਕੀਤਾ ਹੈ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂਟੀ ਦੇ ਮੁੱਖ ਕਨਵੀਨਰ ਸੁਖਚੈਨ ਸਿੰਘ ਖਹਿਰਾ ਅਤੇ ਹੋਰ ਆਗੂਆਂ ਗੁਰਪ੍ਰੀਤ ਸਿੰਘ, ਭਗਵੰਤ ਸਿੰਘ ਬਦੇਸ਼ਾ, ਸਤਵਿੰਦਰ ਸਿੰਘ, ਮਨਜਿੰਦਰ ਕੌਰ, ਜਸਵੀਰ ਸਿੰਘ ਆਦਿ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਫੌਰੀ ਪੂਰੀਆਂ ਕਰੇ।

ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਚੋਣ ਮਨੋਰਥ ਪੱਤਰ 'ਚ ਕੀਤੇ ਵਾਅਦਿਆਂ ਨੂੰ ਲਾਗੂ ਕਰਨ ਲਈ ਸੰਜੀਦਾ ਨਹੀਂ ਹੈ। ਡੀ.ਸੀ. ਦਫ਼ਤਰਾਂ ਦੇ ਮੁਲਾਜ਼ਮ ਸਰਕਾਰ ਤੋਂ ਤੰਗ ਆ ਕੇ ਕਲਮਛੋੜ ਹੜਤਾਲ 'ਤੇ ਹਨ। ਸ੍ਰੀ ਖਹਿਰਾ ਨੇ ਕਿਹਾ ਕਿ ਇਸ ਮੰਚ 'ਚ ਪੈਨਸ਼ਨਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 6 ਸਤੰਬਰ ਨੂੰ ਚੰਡੀਗੜ੍ਹ 'ਚ ਮੁਲਾਜ਼ਮਾਂ ਵੱਲੋਂ ਚੇਤਨਾ ਮਾਰਚ ਕੱਢਿਆ ਜਾਵੇਗਾ।