ਮੇਅਰ ਨੂੰ ਸੀਲਬੰਦ ਲਿਫਾਫੇ ’ਚ ਮਿਲੀ ਸਵੀਪਿੰਗ ਮਸ਼ੀਨ ਦੀ ਰਿਪੋਰਟ

08/21/2018 6:18:15 AM

ਜਲੰਧਰ,  (ਖੁਰਾਣਾ)—  ਨਗਰ ਨਿਗਮ ਪ੍ਰਸ਼ਾਸਨ ਨੇ ਅੱਜ ਮੇਅਰ ਜਗਦੀਸ਼ ਰਾਜਾ ਨੂੰ ਸੀਲਬੰਦ  ਲਿਫਾਫੇ ਵਿਚ ਸਵੀਪਿੰਗ ਮਸ਼ੀਨ ਪ੍ਰਾਜੈਕਟ ਬਾਰੇ ਰਿਪੋਰਟ ਸੌਂਪੀ। ਰਿਪੋਰਟ ਮਿਲਦਿਆਂ ਹੀ  ਮੇਅਰ ਦੀ ਪ੍ਰਤੀਕਿਰਿਆ ਸੀ ਕਿ ਇਸ ਰਿਪੋਰਟ ਨੂੰ ਹੁਣ ਕੌਂਸਲਰ ਹਾਊਸ ਦੀ ਬੈਠਕ ਵਿਚ ਹੀ  ਖੋਲ੍ਹਿਆ ਜਾਵੇਗਾ। ਜ਼ਿਕਰਯੋਗ ਹੈ ਕਿ ਅੱਜ ਤੋਂ ਡੇਢ ਮਹੀਨਾ ਪਹਿਲਾਂ ਮੇਅਰ ਜਗਦੀਸ਼  ਰਾਜਾ ਨੇ ਨਿਗਮ ਅਧਿਕਾਰੀਆਂ ਕੋਲੋਂ ਸਵੀਪਿੰਗ ਮਸ਼ੀਨ ਪ੍ਰਾਜੈਕਟ ਬਾਰੇ ਰਿਪੋਰਟ 15 ਦਿਨਾਂ  ਵਿਚ ਤਲਬ ਕੀਤੀ ਸੀ ਅਤੇ ਕਈ ਮੁੱਦਿਆਂ ’ਤੇ ਸਪੱਸ਼ਟੀਕਰਨ ਮੰਗਿਆ ਸੀ। ਇਸ ਸਬੰਧੀ ਬਣੀ ਟੀਮ  ਵਿਚ ਨਿਗਮ ਦੇ ਦੋਵੇਂ ਜੁਆਇੰਟ ਕਮਿਸ਼ਨਰ , ਡੀ. ਸੀ. ਐੱਫ. ਏ. ਅਤੇ ਡੀ. ਸੀ.ਐੱਲ. ਏ.  ਸ਼ਾਮਲ ਸਨ। ਨਿਗਮ ਅਧਿਕਾਰੀਆਂ ਨੇ 15 ਦਿਨਾਂ ਦੀ ਬਜਾਏ ਡੇਢ ਮਹੀਨੇ ਵਿਚ ਮੇਅਰ ਨੂੰ  ਰਿਪੋਰਟ ਭੇਜੀ, ਜਿਸ ਕਾਰਨ ਮੇਅਰ ਕਾਫੀ ਨਾਰਾਜ਼ ਨਜ਼ਰ ਆਏ।

ਸਵੀਪਿੰਗ ਮਸ਼ੀਨ ਤੇ ਐੱਲ. ਈ. ਡੀ. ਦੇ ਤਾਰ ਚੰਡੀਗੜ੍ਹ ਨਾਲ ਜੁੜੇ
ਇਸ  ਦੌਰਾਨ ਬੇਹੱਦ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਲੰਧਰ ਨਿਗਮ ਦੇ ਸਵੀਪਿੰਗ ਮਸ਼ੀਨ ਅਤੇ ਐੱਲ. ਈ.ਡੀ. ਪ੍ਰਾਜੈਕਟ ਦੇ ਤਾਰ  ਚੰਡੀਗੜ੍ਹ ਨਾਲ ਜੁੜੇ ਹਨ ਜਿਥੇ ਉੱਚ  ਪੱਧਰ  ਦੇ ਅਧਿਕਾਰੀਆਂ ਦਾ ਇਨ੍ਹਾਂ ਦੋਵਾਂ ਪ੍ਰਾਜੈਕਟਾਂ ਨੂੰ ਪੂਰਾ ਆਸ਼ੀਰਵਾਦ ਹੈ। ਜ਼ਿਕਰਯੋਗ ਹੈ  ਕਿ ਦੋਵੇਂ ਪ੍ਰਾਜੈਕਟ ਸਾਬਕਾ ਅਕਾਲੀ-ਭਾਜਪਾ ਸਰਕਾਰ ਦੌਰਾਨ ਤਤਕਾਲੀਨ ਉਪ ਮੁੱਖ ਮੰਤਰੀ  ਸੁਖਬੀਰ ਸਿੰਘ ਦੇ ਨਿਰਦੇਸ਼ਾਂ ’ਤੇ ਜਲਦਬਾਜ਼ੀ ਵਿਚ ਤਿਆਰ ਹੋਏ ਅਤੇ ਉਨ੍ਹਾਂ ਦੇ ਕਹਿਣ ’ਤੇ  ਹੀ ਮਕੈਨੀਕਲ ਸਵੀਪਿੰਗ ਅਤੇ ਐੱਲ. ਈ. ਡੀ. ਸਟਰੀਟ ਲਾਈਟਾਂ ਸ਼ਹਿਰਾਂ ਵਿਚ ਸ਼ੁਰੂ ਹੋਈਆਂ। ਉਸ  ਸਮੇਂ ਵਿਰੋਧੀ ਧਿਰ ਵਿਚ ਬੈਠੀ ਕਾਂਗਰਸ ਅਤੇ ਕੌਂਸਲਰ ਟੀਮ  ਦੇ ਆਗੂ ਜਗਦੀਸ਼ ਰਾਜਾ ਜੋ  ਹੁਣ ਸ਼ਹਿਰ ਦੇ ਮੇਅਰ ਹਨ, ਨੇ ਇਨ੍ਹਾਂ ਦੋਵਾਂ ਪ੍ਰਾਜੈਕਟਾਂ ਦਾ ਜ਼ੋਰਦਾਰ ਵਿਰੋਧ ਕੀਤਾ ਸੀ,  ਉਸ ਸਮੇਂ ਜਗਦੀਸ਼ ਰਾਜਾ ਨੇ ਸਵੀਪਿੰਗ ਮਸ਼ੀਨ ਪ੍ਰਾਜੈਕਟ ਵਿਚ 25 ਕਰੋੜ ਰੁਪਏ ਦੀ ਘਪਲੇਬਾਜ਼ੀ ਦਾ ਦੋਸ਼ ਲਾਇਆ ਅਤੇ ਇਸ ਮਾਮਲੇ ਨੂੰ ਲੈ ਕੇ ਉਹ ਅਦਾਲਤ ਵੀ ਗਏ ਸਨ। ਇਸੇ  ਤਰ੍ਹਾਂ ਉਨ੍ਹਾਂ ਐੱਲ. ਈ. ਡੀ. ਪ੍ਰਾਜੈਕਟ ਵਿਚ ਵੀ ਭ੍ਰਿਸ਼ਟਾਚਾਰ ਦਾ ਦੋਸ਼ ਲਾਉਂਦਿਆਂ ਇਸ ਦਾ  ਵਿਰੋਧ ਕੀਤਾ ਸੀ। ਹੁਣ ਨਿਗਮ ਦੀ ਆਰਥਿਕ ਤੰਗੀ ਕਾਰਨ ਸਵੀਪਿੰਗ ਮਸ਼ੀਨ ਪ੍ਰਾਜੈਕਟ ਬੰਦ ਹੋ  ਚੁੱਕਾ ਹੈ ਅਤੇ ਕੌਂਸਲਰ ਰੋਹਣ ਸਹਿਗਲ ਵਲੋਂ ਉਠਾਏ ਗਏ ਮੁੱਦਿਆਂ ਤੋਂ ਬਾਅਦ ਐੱਲ. ਈ. ਡੀ.  ਪ੍ਰਾਜੈਕਟ ਦੀ ਵੀ ਵਿਜੀਲੈਂਸ ਜਾਂਚ ਸ਼ੁਰੂ ਹੋ ਗਈ ਹੈ। ਇਕ ਪਾਸੇ ਜਿਥੇ ਸੱਤਾ ਧਿਰ  ਕਾਂਗਰਸ ਦੇ ਆਗੂ ਇਨ੍ਹਾਂ ਦੋਵਾਂ ਪ੍ਰਾਜੈਕਟਾਂ ਦੇ ਖਿਲਾਫ ਨਜ਼ਰ ਆ ਰਹੇ ਹਨ, ਉਥੇ ਜਲੰਧਰ  ਨਿਗਮ ਦੇ ਕਈ ਵੱਡੇ ਅਧਿਕਾਰੀ ਅਤੇ ਚੰਡੀਗੜ੍ਹ ਵਿਚ ਬੈਠੇ ਲੋਕਲ ਬਾਡੀਜ਼ ਦੇ ਵੱਡੇ ਅਧਿਕਾਰੀ  ਇਨ੍ਹਾਂ ਦੋਵਾਂ ਪ੍ਰਾਜੈਕਟਾਂ ਨੂੰ ਸਹੀ ਕਰਾਰ ਦੇਣ ’ਚ ਲੱਗੇ ਹੋਏ ਹਨ। ਇਹ ਵੀ ਪਤਾ ਲੱਗਾ ਹੈ ਕਿ ਅਧਿਕਾਰੀਆਂ ਵਲੋਂ ਕਾਂਗਰਸੀ ਆਗੂਆਂ ’ਤੇ ਦਬਾਅ ਪਾ ਕੇ ਇਨ੍ਹਾਂ ਪ੍ਰਾਜੈਕਟਾਂ ਨੂੰ  ਦੁਬਾਰਾ ਸ਼ੁਰੂ ਕਰਵਾਉਣ ਦੀ ਚਾਲ ਚੱਲੀ ਜਾ ਰਹੀ ਹੈ। ਹੁਣ ਵੇਖਣਾ ਹੈ ਕਿ ਆਉਣ ਵਾਲੇ ਸਮੇਂ  ਵਿਚ ਸਵੀਪਿੰਗ ਮਸ਼ੀਨ ਪ੍ਰਾਜੈਕਟ ਅਤੇ ਐੱਲ. ਈ. ਡੀ. ਪ੍ਰਾਜੈਕਟ ਵਿਚ ਕੀ ਨਿਕਲ ਕੇ  ਸਾਹਮਣੇ ਆਉਂਦਾ ਹੈ।