ਲੌਂਗੋਵਾਲ ਸਕੂਲ ਵੈਨ ਹਾਦਸਾ: ਕੈਪਟਨ ਤੋਂ ਸ਼ਾਬਾਸ਼ੀ ਲੈਣ ਵਾਲੀ ਅਮਨਦੀਪ ਕੌਰ ਦੀ ਬਹਾਦਰੀ 'ਤੇ ਉੱਠੇ ਸਵਾਲ

02/20/2020 7:16:16 PM

ਲੌਂਗੋਵਾਲ (ਵਸ਼ਿਸ਼ਟ)— ਲੌਂਗੋਵਾਲ ਸਕੂਲ ਵੈਨ ਅਗਨੀ ਕਾਂਡ ਦੌਰਾਨ 4 ਬੱਚਿਆਂ ਨੂੰ ਜਿਊਂਦਾ ਬਾਹਰ ਕੱਢਣ ਵਾਲੀ ਅਮਨਦੀਪ ਕੌਰ ਦੀ ਬਹਾਰਦੀ 'ਤੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ। ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਮਨਦੀਪ ਕੌਰ ਨੂੰ ਸ਼ਾਬਾਸ਼ੀ ਦੇਣ ਤੋਂ ਇਲਾਵਾ ਐਵਾਰਡ ਦੇਣ ਦਾ ਐਲਾਨ ਕੀਤਾ ਹੈ। ਘਟਨਾ ਦੇ ਚਸ਼ਮਦੀਦਾਂ ਦੀਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਓਜ਼ ਅਨੁਸਾਰ ਸਕੂਲ ਵੈਨ 'ਚੋਂ 4 ਬੱਚਿਆਂ ਨੂੰ ਬਚਾਉਣ ਚ ਅਮਨਦੀਪ ਕੌਰ ਦਾ ਕੋਈ ਰੋਲ ਨਹੀਂ ਸੀ ਸਗੋਂ ਉਹ ਤਾਂ ਖੁਦ ਘਬਰਾਈ ਹੋਈ ਸੀ। ਇਸ ਮੰਦਭਾਗੀ ਵੈਨ 'ਚ ਕੁਲ 12 ਬੱਚੇ ਸਵਾਰ ਸਨ, ਜਿਨ੍ਹਾਂ 'ਚੋਂ 8 ਬੱਚਿਆਂ ਨੂੰ ਜਿਊਂਦਾ ਕੱਢ ਲਿਆ ਗਿਆ ਸੀ ਅਤੇ ਇਹ ਦਾਅਵਾ ਸਾਹਮਣੇ ਆਇਆ ਸੀ ਕਿ 4 ਬੱਚੇ ਇਸੇ ਵੈਨ 'ਚ ਸਵਾਰ ਅਮਨਦੀਪ ਕੌਰ ਨਾਂ ਦੀ ਲੜਕੀ ਨੇ ਸ਼ੀਸ਼ਾ ਤੋੜ ਕੇ ਪੂਰੀ ਬਹਾਦਰੀ ਨਾਲ ਬਾਹਰ ਕੱਢੇ ਹਨ।ਇਸ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਟਵੀਟ ਕਰਕੇ ਇਸ ਲੜਕੀ ਦੀ ਸ਼ਲਾਘਾ ਕੀਤੀ ਸੀ ਅਤੇ ਜਦੋਂ ਅਗਲੇ ਦਿਨ ਇਹ ਲੜਕੀ ਮੁੱਖ ਮੰਤਰੀ ਨੂੰ ਚੰਡੀਗੜ੍ਹ ਮਿਲਣ ਗਈ ਤਾਂ ਮੁੱਖ ਮੰਤਰੀ ਨੇ ਜਿੱਥੇ ਇਸ ਲੜਕੀ ਦੀ ਪੜ੍ਹਾਈ ਮੁਫਤ ਕਰਨ ਦਾ ਐਲਾਨ ਕੀਤਾ ਸੀ ਉੱਥੇ ਹੀ ਇਸ ਨੂੰ ਐਵਾਰਡ ਦੇਣ ਦੀ ਵੀ ਘੋਸ਼ਣਾ ਕੀਤੀ ਸੀ। 

PunjabKesari

ਹੁਣ ਵਾਇਰਲ ਹੋਈਆਂ ਵੀਡੀਓਜ਼ ਅਤੇ ਉਸ ਦੀ ਕੀਤੀ ਪੁਸ਼ਟੀ ਤੋਂ ਬਾਅਦ ਇਹ ਸਭ ਕੁਝ ਸ਼ੱਕ ਦੇ ਘੇਰੇ 'ਚ ਆ ਗਿਆ ਹੈ। ਪਿੰਡੀ ਕਿਹਰ ਸਿੰਘ ਵਾਲੀ ਲੌਂਗੋਵਾਲ ਦੇ ਵਾਸੀ ਕੇਸਰ ਸਿੰਘ ਔਜਲਾ ਪੁੱਤਰ ਮੁਖਤਿਆਰ ਸਿੰਘ, ਗੁਰਦੀਪ ਸਿੰਘ ਫੌਜੀ ਅਤੇ ਗੁਰਮਖ ਸਿੰਘ ਪੁੱਤਰਾਨ ਗੁਰਜੰਟ ਸਿੰਘ, ਸੁਰਜੀਤ ਸਿੰਘ ਪੁੱਤਰ ਚਮਕੌਰ ਸਿੰਘ ਅਤੇ ਸ਼ਿੰਦਰਪਾਲ ਸਿੰਘ ਪੁੱਤਰ ਗੁਰੰਜਟ ਸਿੰਘ ਨੇ ਦੱਸਿਆ ਕਿ ਸਾਨੂੰ ਅਮਨਦੀਪ ਕੌਰ ਦੇ ਸਨਮਾਨ 'ਤੇ ਕੋਈ ਇਤਰਾਜ਼ ਨਹੀਂ ਹੈ ਪਰ ਅਸਲ ਸੱਚਾਈ ਲੋਕਾਂ ਦੇ ਸਾਹਮਣੇ ਜ਼ਰੂਰ ਆਉਣੀ ਚਾਹੀਦੀ ਹੈ। ਕੇਸਰ ਸਿੰਘ ਨੇ ਇਸ ਵੀਡੀਓ ਰਾਹੀਂ ਘਟਨਾ ਦਾ ਵੇਰਵਾ ਦੱਸਦੇ ਕਿਹਾ ਕਿ ਉਹ ਦੁਪਹਿਰ 1.55 'ਤੇ ਬੋਰ ਦਾ ਸਮਾਨ ਲੈ ਕੇ ਆ ਰਹੇ ਸਨ ਅਤੇ ਹਾਦਸੇ ਵਾਲੀ ਥਾਂ 'ਤੇ ਅਸੀਂ ਸਭ ਤੋਂ ਪਹਿਲਾਂ ਪੁੱਜੇ ਸਨ। ਵੈਨ ਨੂੰ ਅੱਗ ਲੱਗੀ ਵੇਖ ਕੇ ਸਭ ਤੋਂ ਪਹਿਲਾਂ ਅਸੀਂ ਹੀ ਰੌਲਾ ਪਾਇਆ ਸੀ ਅਤੇ 8 ਬੱਚਿਆਂ ਨੂੰ ਜਿਊਂਦਾ ਬਾਹਰ ਕੱਢਿਆ। ਅਸੀਂ ਐੱਸ. ਡੀ. ਐੱਮ. ਸੰਗਰੂਰ, ਇੰਟੈਂਲੀਜੈਂਸੀ ਵਿੰਗ ਅਤੇ ਅਤੇ ਆਈ. ਜੀ. ਚੰਡੀਗੜ੍ਹ ਨੂੰ ਇਸ ਦੀ ਸੂਚਨਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਸਿਆਸੀ ਰੰਗਤ ਦੇ ਕੇ ਅਮਨਦੀਪ ਕੌਰ ਨੂੰ ਉਭਾਰਿਆ ਜਾ ਰਿਹਾ ਹੈ ਜਦਕਿ ਹਾਦਸੇ ਮੌਕੇ ਉਹ ਖੁਦ ਸਦਮੇ 'ਚ ਸੀ ਅਤੇ ਉਸ ਤੋਂ ਆਪਣੇ ਆਪ ਨੂੰ ਵੀ ਨਹੀਂ ਸੀ ਸੰਭਾਲਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਰੇ ਜਾਣ ਵਾਲੇ ਬੱਚਿਆਂ ਨੂੰ ਨਾ ਬਚਾਏ ਜਾਣ ਦਾ ਅਫਸੋਸ ਰਹੇਗਾ। 

ਗੱਡੀ ’ਚ ਨਹੀਂ ਸੀ ਕੋਈ ਵੀ ਲੋਹੇ ਵਾਲੀ ਚੀਜ਼

ਗੁਰਦੀਪ ਸਿੰਘ ਨੇ ਦੱਸਿਆ ਕਿ ਜਿਵੇਂ ਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਕਤ ਬੱਚੀ ਨੇ ਕਿਸੇ ਲੋਹੇ ਦੀ ਚੀਜ਼ ਨਾਲ ਸ਼ੀਸ਼ਾ ਭੰਨ ਕੇ ਬੱਚਿਆਂ ਦੀ ਜਾਨ ਬਚਾਈ ਹੈ ਪਰ ਉਸ ਗੱਡੀ 'ਚ ਤਾਂ ਅਜਿਹੀ ਕੋਈ ਚੀਜ਼ ਹੀ ਨਹੀਂ ਸੀ ਸ਼ੀਸ਼ੇ ਤਾਂ ਅਸੀਂ ਆ ਕੇ ਭੰਨੇ ਹਨ। ਸੁਰਜੀਤ ਸਿੰਘ ਨੇ ਦੱਸਿਆ ਕਿ ਅਸੀਂ ਪਿੱਛੇ ਹੀ ਆ ਰਹੇ ਸੀ ਕਿ ਵੈਨ ਨੂੰ ਥੱਲੋਂ ਅੱਗ ਲੱਗੀ ਹੋਈ ਸੀ ਸਾਡੇ ਰੌਲਾ ਪਾਉਣ ਦੇ ਬਾਵਜੂਦ ਵੈਨ 100 ਮੀਟਰ ਅੱਗੇ ਲੰਘ ਗਈ ਸੀ। ਅਸੀਂ ਤੇਜ਼ੀ ਨਾਲ ਅੱਗੇ ਲੱਗ ਕੇ ਵੈਨ ਨੂੰ ਰੋਕਿਆ ਤਾਂ ਸਿਰਫ ਡਰਾਈਵਰ ਵਾਲੀ ਤਾਕੀ ਹੀ ਖੁੱਲ੍ਹ ਸਕੀ, ਜਿਸ ਦੇ ਰਾਹੀਂ ਅਸੀਂ 8 ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਸ ਦੌਰਾਨ ਹੀ ਪਿੰਡ ਭੂਰੇ ਦਾ ਇਕ ਵਿਅਕਤੀ ਚੈਨਲ ਲੈ ਕੇ ਆ ਗਿਆ ਤਾਂ ਅਸੀਂ ਚੈਨਰ ਨਾਲ ਸ਼ੀਸ਼ੇ ਭੰਨਣ ਦੀ ਕੋਸ਼ਿਸ਼ ਕੀਤੀ ਪਰ ਜ਼ਿਆਦਾ ਭੜਕੀ ਅੱਗ ਕਾਰਨ ਕੁਝ ਨਹੀਂ ਕਰ ਸਕੇ। 

ਉਸ ਨੇ ਕਿਹਾ ਕਿ ਅਮਨਦੀਪ ਕੌਰ ਖੁਦ ਬਹੁਤ ਘਬਰਾਈ ਹੋਈ ਸੀ ਕਿ ਜੋ ਅੰਦਰੋਂ ਤਾਕੀ ਵੀ ਨਹੀਂ ਖੋਲ੍ਹ ਸਕੀ, ਸ਼ੀਸ਼ੇ ਭੰਨਣਾ ਤਾਂ ਦੂਰ ਦੀ ਗੱਲ ਹੈ। ਗੁਰਮੁਖ ਸਿੰਘ ਅਤੇ ਸ਼ਿੰਦਰਪਾਲ ਸਿੰਘ ਨੇ ਸਮਾਜਿਕ ਸੰਸਥਾਵਾਂ ਅਤੇ ਸਰਕਾਰ ਨੂੰ ਸਹਾਇਤਾ ਰਾਸ਼ੀ ਸਿਰਫ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹੀ ਦੇਣ ਦੀ ਅਪੀਲ ਕੀਤੀ ਹੈ। ਸਾਰਿਆਂ ਨੇ ਕਿਹਾ ਕਿ ਅਸੀਂ ਇਸ ਮਾਮਲੇ 'ਤੇ ਰਾਜਨੀਤੀ ਨਹੀਂ ਚਾਹੁੰਦੇ ਅਤੇ ਨਾ ਹੀ ਸਾਨੂੰ ਅਮਨਦੀਪ ਕੌਰ ਦੇ ਸਨਮਾਨ 'ਤੇ ਕੋਈ ਇਤਰਾਜ਼ ਹੈ। ਮ੍ਰਿਤਕ ਬੱਚੀਆਂ ਨਵਜੋਤ ਕੌਰ ਅਤੇ ਸੁਖਜੀਤ ਕੌਰ ਦੀ ਦਾਦੀ ਮੁਖ਼ਤਿਆਰ ਕੌਰ ਦਾ ਕਹਿਣਾ ਹੈ ਕਿ ਘਰ ਸਾਡਾ ਪੱਟਿਆ ਗਿਆ ਹੈ ਸਾਡੇ ਘਰ ਦੇ ਦੋ ਜੁਆਕ ਚਲੇ ਗਏ ਹਨ ਅਤੇ ਲੋਕ ਮਾਮਲੇ ਨੂੰ ਝੂਠੀ ਰੰਗਤ ਦੇ ਕੇ ਸਰਕਾਰੀ ਲਾਭ ਹਾਸਲ ਕਰਨ 'ਤੇ ਲੱਗੇ ਹੋਏ ਹਨ। ਕਸਬੇ ਦੇ ਹੋਰ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਸਨਮਾਨ ਅਸਲੀ ਮੱਦਦਗਾਰਾਂ ਦਾ ਹੋਣਾ ਚਾਹੀਦਾ ਹੈ, ਜਿਨ੍ਹਾਂ ਨੇ ਨੰਨ੍ਹੀਆਂ ਮੁੰਨਿਆਂ ਜਾਨਾਂ ਬਚਾਈਆਂ।


shivani attri

Content Editor

Related News