ਸਕੂਲੀ ਵਿਦਿਆਰਥੀਆਂ ਨੂੰ ਬਸਤੇ ਦੇ ਬੋਝ ਤੋਂ ਮਿਲੇਗੀ ਨਿਜਾਤ

11/27/2018 11:48:33 AM

ਚੰਡੀਗੜ੍ਹ (ਭੁੱਲਰ) : ਕੇਂਦਰ ਸਰਕਾਰ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਭਾਰੀ ਬਸਤੇ ਦੇ ਬੋਝ ਤੋਂ ਨਿਜਾਤ ਦਿਵਾਏਗੀ। ਇਸ ਸਬੰਧੀ ਕੇਂਦਰ ਸਰਕਾਰ ਦੇ ਮਨੁੱਖੀ ਸਰੋਤ ਮੰਤਰਾਲੇ ਨਾਲ ਸਬੰਧਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਰਾਜਾਂ ਨੂੰ ਬਸਤੇ ਦਾ ਬੋਝ  ਤੈਅ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਛੋਟੇ ਬੱਚਿਆਂ ਨੂੰ ਹੋਮ ਵਰਕ ਦੇਣ 'ਤੇ ਵੀ ਰੋਕ ਲਾਈ ਗਈ ਹੈ। ਜ਼ਿਕਰਯੋਗ ਹੈ ਕਿ ਅੱਜ ਕੱਲ ਸਕੂਲੀ ਵਿਦਿਆਰਥੀਆਂ ਦੀਆਂ ਕਿਤਾਬਾਂ-ਕਾਪੀਆਂ ਹੀ ਇੰਨੀਆਂ ਜ਼ਿਆਦਾ  ਹੁੰਦੀਆਂ ਹਨ ਕਿ ਛੋਟੇ ਬੱਚਿਆਂ ਲਈ ਇਨ੍ਹਾਂ ਨਾਲ ਭਰੇ ਬਸਤੇ ਚੁੱਕਣੇ ਵੀ ਮੁਸ਼ਕਿਲ ਹਨ ਅਤੇ ਬਸਤੇ ਦਾ ਭਾਰ ਘਟਾਉਣ ਲਈ ਪਿਛਲੇ ਸਮੇਂ ਤੋਂ ਸਿੱਖਿਆ ਮਾਹਿਰਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ। 
ਹੋਮ ਵਰਕ ਤੇ ਵਾਧੂ ਕਿਤਾਬਾਂ ਦਾ ਬੋਝ ਵੀ ਘਟੇਗਾ  
ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਵੱਖ-ਵੱਖ ਰਾਜਾਂ ਨੂੰ ਲਿਖਤੀ ਸਰਕੂਲਰ 'ਚ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਇਸ ਸਬੰਧੀ ਕਾਰਵਾਈ ਲਈ ਕਿਹਾ ਗਿਆ ਹੈ। ਕੇਂਦਰ ਵੱਲੋਂ ਬਸਤੇ ਦੇ ਭਾਰ ਦੇ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਹਦਾਇਤ ਵੀ ਦਿੱਤੀ ਗਈ ਹੈ। ਇਨ੍ਹਾਂ ਜਾਰੀ ਦਿਸ਼ਾ ਨਿਰਦੇਸ਼ਾਂ 'ਚ ਵਿਦਿਆਰਥੀਆਂ 'ਤੇ ਬੇਲੋੜਾ ਬੋਝ ਘਟਾਉਣ ਲਈ ਜਿਹੜੀਆਂ ਹੋਰ ਹਦਾਇਤਾਂ ਦਿੱਤੀਆਂ ਗਈਆਂ ਹਨ, ਉਨ੍ਹਾਂ 'ਚ ਪਹਿਲੀ ਤੇ ਦੂਜੀ ਕਲਾਸ ਦੇ ਵਿਦਿਆਰਥੀਆਂ ਨੂੰ ਹੋਮਵਰਕ ਨਾ ਦੇਣ ਲਈ ਕਿਹਾ ਗਿਆ ਹੈ। ਗਣਿਤ ਤੇ ਭਾਸ਼ਾ ਤੋਂ ਇਲਾਵਾ ਹੋਰ ਵਾਧੂ ਪੁਸਤਕਾਂ ਅਤੇ ਲਿਖਣ ਸਮੱਗਰੀ ਦਾ ਬੋਝ ਨਾ ਪਾਉਣ ਦੀ ਹਦਾਇਤ ਵੀ ਦਿੱਤੀ ਗਈ ਹੈ। ਐੱਨ. ਸੀ. ਈ. ਆਰ. ਟੀ. ਅਨੁਸਾਰ ਹੀ ਅਧਿਕਾਰਤ ਪਾਠ ਪੁਸਤਕਾਂ ਬੱਚਿਆਂ ਨੂੰ ਪੜ੍ਹਾਉਣ ਲਈ ਕਿਹਾ ਗਿਆ ਹੈ।

Babita

This news is Content Editor Babita