ਅਧਿਆਪਕਾਂ ਦੀ ਗਲਤੀ ਦੇ ਗਈ ਜ਼ਿੰਦਗੀ ਭਰ ਦਾ ਜ਼ਖਮ, ਕੱਢਣੀ ਪਈ ਵਿਦਿਆਰਥੀ ਦੀ ਕਿਡਨੀ (ਵੀਡੀਓ)

06/13/2018 2:49:24 PM

ਲੁਧਿਆਣਾ (ਨਰਿੰਦਰ)— ਸਕੂਲੀ ਸਟਾਫ ਅਤੇ ਬੱਚਿਆਂ ਦੇ ਨਾਲ ਟਰਿੱਪ 'ਤੇ ਜਾਣਾ ਲੁਧਿਆਣਾ ਦੇ ਰਹਿਣ ਵਾਲੇ 9ਵੀਂ ਕਲਾਸ ਦੇ ਵਿਦਿਆਰਥੀ ਜਸਕਰਨ ਸਿੰਘ ਨੂੰ ਜ਼ਿੰਦਗੀ ਭਰ ਦਾ ਜ਼ਖਮ ਦੇ ਗਿਆ। ਦੱਸਣਯੋਗ ਹੈ ਕਿ ਜਸਕਰਨ ਸਿੰਘ ਧਾਲੀਵਾਲ 31 ਤਰੀਕ ਨੂੰ ਮੁੱਲਾਪੁਰ ਦੇ ਸਕੂਲ ਗੁਰੂ ਨਾਨਕ ਪਬਲਿਕ ਸਕੂਲ ਵੱਲੋਂ ਪਟਿਆਲਾ ਦੇ ਢਿੱਲੋਂ ਫਨ ਵਰਲਡ ਵਾਟਰ ਪਾਰਕ ਗਿਆ ਸੀ, ਜਿੱਥੇ ਵਾਟਰ ਪਾਰਕ 'ਚ ਸਲਾਈਡ ਦੌਰਾਨ ਜਸਕਰਨ ਦੇ ਸੱਟ ਲੱਗ ਗਈ। ਸੱਟ ਲੱਗਣ ਦੇ ਬਾਵਜੂਦ ਸਕੂਲ ਦਾ ਸਟਾਫ ਬਾਕੀ ਬੱਚਿਆਂ ਨਾਲ ਜਸਕਰਨ ਨੂੰ ਵੀ ਲੈ ਕੇ ਘੁੰਮਦਾ ਰਿਹਾ ਅਤੇ ਪਿਕਨਿਕ ਮਨਾਉਂਦਾ ਰਿਹਾ। ਸੱਟ ਨੂੰ ਜ਼ਿਆਦਾ ਸਮਾਂ ਬੀਤ ਜਾਣ ਕਾਰਨ ਜਦੋਂ ਉਸ ਨੂੰ ਹਸਪਤਾਲ ਲਿਜਾਂਦਾ ਗਿਆ ਤਾਂ ਉਸ ਦੀ ਕਿਡਨੀ ਰਿਮੂਵ ਕਰਨੀ ਪਈ। ਅਧਿਆਪਕਾਂ ਦੀ ਗਲਤੀ ਕਾਰਨ ਜਸਕਰਨ ਦਾ ਭਵਿੱਖ ਦਾਅ 'ਤੇ ਲੱਗ ਗਿਆ ਹੈ। ਉਸ ਦੀ ਜਾਨ ਤਾਂ ਬੱਚ ਗਈ ਪਰ ਖੇਡਾਂ ਅਤੇ ਗੱਤਕਾ ਖੇਡਣ ਦਾ ਸ਼ੌਕੀਨ ਜਸਕਰਨ ਹੁਣ ਖੇਡ ਦੇ ਮੈਦਾਨ 'ਚ ਕਦੋਂ ਪਰਤੇਗਾ ਕਿਸੇ ਨੂੰ ਨਹੀਂ ਪਤਾ। ਕਈ ਮੈਡਲ ਜਿੱਤ ਚੁੱਕੇ ਜਸਕਰਨ ਨੂੰ ਇਸ ਦਾ ਬੇਹੱਦ ਅਫਸੋਸ ਹੈ।
ਆਪਣੇ ਹੋਣਹਾਰ ਬੱਚੇ ਨੂੰ ਮੰਜੇ ਨਾਲ ਲੱਗਿਆ ਦੇਖ ਕੇ ਮਾਂ ਦੇ ਦਿਲ ਨੂੰ ਵੀ ਹੌਲ ਪੈ ਰਹੇ ਹਨ। ਜਸਕਰਨ ਦੀ ਮਾਂ ਸਿਮਰਨਜੀਤ ਕੌਰ ਦਾ ਕਹਿਣਾ ਹੈ ਕਿ ਸਕੂਲ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਹੀ ਬੱਚੇ ਦਾ ਇਹ ਹਾਲ ਹੋਇਆ ਹੈ ਅਤੇ ਉਸ ਦੇ ਸੁਪਨੇ ਟੁੱਟ ਗਏ ਹਨ। 


ਇਸ ਮਾਮਲੇ 'ਚ ਪੁਲਸ ਦੀ ਕਾਰਵਾਈ 'ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਵਾਰ-ਵਾਰ ਕਹੇ ਜਾਣ 'ਤੇ ਪੁਲਸ ਵੱਲੋਂ ਮਾਮਲਾ ਦਰਜ ਨਹੀਂ ਕੀਤਾ ਗਿਆ। ਫਿਲਹਾਲ ਮੀਡੀਆ ਵੱਲੋਂ ਪੁੱਛੇ ਜਾਣ 'ਤੇ ਮੁੱਲਾਂਪੁਰ ਦਾਖਾ ਦੇ ਐੱਸ. ਐੱਚ. ਓ. ਨੇ ਭਰੋਸਾ ਦਿੱਤਾ ਹੈ ਕਿ ਦੋਹਾਂ ਪੱਖਾਂ ਨੂੰ ਸੁਣ ਕੇ ਕਾਰਵਾਈ ਕੀਤੀ ਜਾਵੇਗੀ। 
ਜ਼ਿਕਰਯੋਗ ਹੈ ਕਿ ਜਸਕਰਨ ਦੇ ਪਿਤਾ ਗੁਰਮੀਤ ਸਿੰਘ ਇਕ ਪ੍ਰਾਈਵੇਟ ਕੰਪਨੀ 'ਚ ਕੰਮ ਕਰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਆਪਣੀ ਪਹੁੰਚ ਤੋਂ ਬਾਹਰ ਜਾ ਕੇ ਹਜ਼ਾਰਾਂ ਰੁਪਏ ਫੀਸਾਂ ਦੇ ਕੇ ਉਹ ਬੱਚਿਆਂ ਨੂੰ ਵਧੀਆ ਸਕੂਲਾਂ 'ਚ ਪਾਉਂਦੇ ਹਨ ਪਰ ਉਥੇ ਉਨ੍ਹਾਂ ਨੂੰ ਕੋਈ ਕੇਅਰ ਨਹੀਂ ਕੀਤੀ ਜਾਂਦੀ ਸਗੋਂ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾਂਦਾ ਹੈ। ਹੁਣ ਤੱਕ ਬੇਟੇ ਦੇ ਇਲਾਜ 'ਤੇ 3 ਲੱਖ ਰੁਪਏ ਖਰਚ ਹੋ ਚੁੱਕੇ ਹਨ ਪਰ ਫੀਸ ਦੇ ਨਾਂ 'ਤੇ ਹਜ਼ਾਰਾ ਰੁਪਏ ਵਸੂਲਣ ਵਾਲੇ ਸਕੂਲ ਵੱਲੋਂ ਮਦਦ ਦੀ ਕੋਈ ਗੱਲ ਨਹੀਂ ਕੀਤੀ ਗਈ। ਸਗੋਂ ਸਕੂਲ ਵਾਲੇ ਪੁੱਛੇ ਜਾਣ 'ਤੇ ਬੇਤੁਕਾ ਜਵਾਬ ਦਿੰਦੇ ਹਨ ਕਿ ਇਕ ਕਿਡਨੀ ਖਰਾਬ ਹੋ ਗਈ ਤਾਂ ਕੀ ਹੋਇਆ, ਇਕ ਕਿਡਨੀ ਨਾਲ ਪੂਰੀ ਜ਼ਿੰਦਗੀ ਕੱਢੀ ਜਾ ਸਕਦੀ ਹੈ।