ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸਕੂਲੀ ਵਿਦਿਆਰਥਣ ਨੇ ਨਹਿਰ 'ਚ ਮਾਰੀ ਛਾਲ

02/23/2018 8:58:20 PM

ਗਿੱਦੜਬਾਹਾ (ਕੁਲਭੂਸ਼ਨ)— ਮਾਨਸਿਕ ਤੌਰ 'ਤੇ ਪ੍ਰੇਸ਼ਾਨ ਇਕ ਸਕੂਲੀ ਵਿਦਿਆਰਥਣ ਨੇ ਅੱਜ ਦੇਰ ਸ਼ਾਮ ਗਿੱਦੜਬਾਹਾ-ਮਲੋਟ ਰੋਡ 'ਤੇ ਸਥਿਤ ਸਰਹਿੰਦ ਨਹਿਰ ਵਿਚ ਛਾਲ ਮਾਰ ਦਿੱਤੀ। ਜਦੋਂ ਕਿ ਲੜਕੀ ਨੂੰ ਫੜ੍ਹਨ ਦੀ ਕੋਸ਼ਿਸ਼ ਵਿਚ ਮੋਟਰਸਾਈਕਲ ਰਾਹੀਂ ਉਸਦੇ ਪਿੱਛੇ ਆ ਰਹੇ ਲੜਕੀ ਦੇ ਤਾਏ ਦੇ ਲੜਕੇ ਨੇ ਨਹਿਰ ਵਿਚ ਛਾਲ ਮਾਰ ਕੇ ਲੜਕੀ ਨੂੰ ਡੁੱਬਣ ਤੋਂ ਬਚਾ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਕਤ ਲੜਕੀ ਸੁਮਨਦੀਪ ਕੌਰ (14) ਦੀ ਮਾਤਾ ਕਰਮਜੀਤ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਥੇੜੀ ਨੇ ਦੱਸਿਆ ਕਿ ਸੁਮਨਦੀਪ ਕੌਰ ਮੌਜੂਦਾ ਸਮੇਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਫਕਰਸਰ ਵਿਖੇ 8ਵੀਂ ਜਮਾਤ ਵਿਚ ਪੜ੍ਹਾਈ ਕਰ ਰਹੀ ਹੈ। ਇਸ ਤੋਂ ਪਹਿਲਾਂ ਉਹ ਪਿੰਡ ਆਲਮ ਵਾਲਾ ਵਿਖੇ ਪੜ੍ਹਾਈ ਦੌਰਾਨ ਖੇਡਾਂ ਵਿਚ ਵੀ ਭਾਗ ਲੈਂਦੀ ਸੀ ਅਤੇ ਇਸੇ ਦੌਰਾਨ ਉਸਦੇ ਪੇਟ ਵਿਚ ਦਰਦ ਰਹਿਣ ਲੱਗ ਪਿਆ, ਜਿਸ ਕਾਰਨ ਸੁਮਨਦੀਪ ਕੌਰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗ ਪਈ।

ਉਨ੍ਹਾਂ ਦੱਸਿਆ ਕਿ ਪ੍ਰੇਸ਼ਾਨੀ ਦੇ ਇਸੇ ਆਲਮ ਵਿਚ ਸੁਮਨਦੀਪ ਕਈ ਵਾਰ ਘਰੋਂ ਬਾਹਰ ਚਲੀ ਜਾਂਦੀ ਅਤੇ ਬਿਨਾਂ ਕਿਸੇ ਗੱਲ ਤੋਂ ਹਰ ਇਕ ਨਾਲ ਝਗੜਾ ਆਦਿ ਕਰਨ ਲੱਗ ਪਈ। ਉਨ੍ਹਾਂ ਦੱਸਿਆ ਕਿ ਅੱਜ ਦੇਰ ਸ਼ਾਮ ਸੁਮਨਦੀਪ ਕੌਰ ਆਪਣੀਆਂ ਸਹੇਲੀਆਂ ਨਾਲ ਗੁਰਦੁਆਰਾ ਸਾਹਿਬ ਵਿਖੇ ਗਈ ਸੀ ਜਿੱਥੇ ਉਹ ਸਹੇਲੀਆ ਤੋਂ ਅੱਖ ਬਚਾ ਕੇ ਗਿੱਦੜਬਾਹਾ ਮਲੋਟ ਰੋਡ 'ਤੇ ਸਥਿਤ ਜੁੜਵਾਂ ਨਹਿਰਾਂ ਵੱਲ ਦੌੜ ਪਈ, ਜਿਸ ਤੇ ਸਹੇਲੀਆਂ ਵੱਲੋਂ ਸਾਨੂੰ ਸੂਚਿਤ ਕਰਨ ਤੇ ਮੈਂ ਆਪਣੀ ਨੂੰਹ ਹੈਪੀ ਕੌਰ ਅਤੇ ਆਪਣੇ ਜੇਠ ਦੇ ਲੜਕੇ ਲੋਜਾ ਸਿੰਘ ਨਾਲ ਸੁਮਨਦੀਪ ਨੂੰ ਫੜ੍ਹਣ ਲਈ ਉਸਦੇ ਪਿੱਛੇ ਨਹਿਰ ਵੱਲ ਚੱਲ ਪਏ। ਉਨ੍ਹਾਂ ਦੱਸਿਆ ਕਿ ਸਾਨੂੰ ਦੇਖ ਕੇ ਸੁਮਨਦੀਪ ਨੇ ਜੋ ਉਸ ਸਮੇਂ ਸਰਹਿੰਦ ਫੀਡਰ 'ਦੇ ਕੰਡੇ ਦੇ ਖੜੀ ਸੀ, ਨੇ ਤੁਰੰਤ ਨਹਿਰ ਵਿਚ ਛਾਲ ਮਾਰ ਦਿੱਤੀ।
ਜਿਸ ਨੂੰ ਬਚਾਉਣ ਲਈ ਲੋਜਾ ਸਿੰਘ ਨੇ ਉਸਦੇ ਪਿੱਛੇ ਨਹਿਰ ਵਿਚ ਛਾਲ ਮਾਰ ਦਿੱਤੀ ਅਤੇ ਸੁਮਨਦੀਪ ਨੂੰ ਫੜ੍ਹ ਲਿਆ। ਇਸੇ ਦੌਰਾਨ ਹੈਪੀ ਕੌਰ ਅਤੇ ਕਰਮਜੀਤ ਕੌਰ ਵੱਲੋਂ ਰੌਲਾ ਪਾਉਣ ਤੇ ਨਜ਼ਦੀਕ ਸਥਿਤ ਹਾਈਵੇ ਹਾਈਟੈਕ ਤੇ ਤਾਇਨਾਤ ਪੁਲਸ ਕਰਮਚਾਰੀਆਂ ਨਗਿੰਦਰ ਸਿੰਘ ਅਤੇ ਬੂਟਾ ਸਿੰਘ ਨੇ ਰੱਸਾ ਆਦਿ ਨਹਿਰ ਵਿਚ ਸੁੱਟ ਕੇ ਦੋਵਾਂ ਨੂੰ ਨਹਿਰ ਵਿਚੋਂ ਬਾਹਰ ਕੱਢਿਆ ਅਤੇ ਮੁਢਲੇ ਇਲਾਜ ਲਈ ਸੁਮਨਦੀਪ ਕੌਰ ਨੂੰ ਇਲਾਜ ਲਈ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਜਿੱਥੇ ਡਾ. ਨਿਤੇਸ਼ ਗੋਇਲ ਨੇ ਸੁਮਨਦੀਪ ਕੌਰ ਨੂੰ ਮੁਢਲੀ ਸਹਾਇਤਾ ਦਿੱਤੀ। ਡਾ. ਨਿਤੇਸ਼ ਗੋਇਲ ਨੇ ਦੱਸਿਆ ਕਿ ਫਿਲਹਾਲ ਲੜਕੀ ਖਤਰੇ ਤੋਂ ਬਾਹਰ ਹੈ ਪਰੰਤੂ ਉਸਨੂੰ ਅਜੇ ਡਾਕਟਰੀ ਦੇਖ ਰੇਖ ਹੇਠ ਰੱਖਿਆ ਜਾਵੇਗਾ।