5.51 ਕਰੋੜ ਨਾਲ 1343 ਸਕੂਲਾਂ ਦੀ ਸਕੂਲ ਸਿੱਖਿਆ ਵਿਭਾਗ ਪੰਜਾਬ ਬਦਲੇਗੀ ਨੁਹਾਰ, ਬਣਨਗੇ ਸਮਾਰਟ

01/24/2021 10:11:59 AM

ਲੁਧਿਆਣਾ (ਵਿੱਕੀ) - ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਬਦਲਣ ਅਤੇ ਗੁਣਕਾਰੀ ਸਿੱਖਿਆ ਲਈ ਵੱਖ-ਵੱਖ ਸਹੂਲਤਾਂ ਮੁਹੱਈਆ ਕਰਵਾਉਣ ਲਈ ਖ਼ਾਸ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਸਿੱਖਿਆ ਵਿਭਾਗ ਵਲੋਂ ਸੂਬੇ ਦੇ 1343 ਸਕੂਲਾਂ ਨੂੰ 5.51 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਦੇ ਹੋਏ ਇਨ੍ਹਾਂ ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਬਦਲਣ ਦੀ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਇਸ ਗ੍ਰਾਂਟ ਦੇ ਤਹਿਤ ਸਕੂਲ ਵਿਚ ਜ਼ਰੂਰੀ ਢਾਂਚਾ ਅਤੇ ਆਧੁਨਿਕ ਤਕਨੀਕੀ ਸਾਜੋ-ਸਾਮਾਨ ਮੁਹੱਈਆ ਕਰਵਾਇਆ ਜਾਵੇਗਾ। ਇਨ੍ਹਾਂ ਸਕੂਲਾਂ ਵਿਚ 680 ਪ੍ਰਾਇਮਰੀ ਸਕੂਲ, 216 ਮਿਡਲ ਸਕੂਲ, 224 ਹਾਈ ਸਕੂਲ ਅਤੇ 223 ਸੀਨੀਅਰ ਸੈਕੰਡਰੀ ਸਕੂਲ ਸ਼ਾਮਲ ਹਨ। 
ਇਸ ਤੋਂ ਇਲਾਵਾ ਹਰ ਪ੍ਰਾਇਮਰੀ ਅਤੇ ਮਿਡਲ ਸਕੂਲ ਨੂੰ ਐਂਟ੍ਰੈਂਸ ਗੇਟ ਦੀ ਸੁੰਦਰਤਾ ਲਈ 15 ਹਜ਼ਾਰ, ਕਲਰ ਕੋਡਿੰਗ ਲਈ 25 ਹਜ਼ਾਰ ਅਤੇ ਐਜੂਕੇਸ਼ਨਲ ਪਾਰਕ ਲਈ 10 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਹਰ ਹਾਈ ਸਕੂਲ ਨੂੰ ਦਾਖਲੇ ਗੇਟ ਦੀ ਸੁੰਦਰਤਾ ਲਈ 18 ਹਜ਼ਾਰ, ਕਲਰ ਕੋਡਿੰਗ ਲਈ 50 ਹਜ਼ਾਰ ਅਤੇ ਐਜੂਕੇਸ਼ਨਲ ਪਾਰਕ ਲਈ 20 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸੇ ਤਰ੍ਹਾਂ ਹਰ ਸੀਨੀਅਰ ਸੈਕੰਡਰੀ ਸਕੂਲ ਨੂੰ ਐਂਟ੍ਰੈਂਸ ਗੇਟ ਦੀ ਸੁੰਦਰਤਾ ਲਈ 18 ਹਜ਼ਾਰ, ਕਲਰ ਕੋਡਿੰਗ ਲਈ 75 ਹਜ਼ਾਰ ਅਤੇ ਐਜੂਕੇਸ਼ਨਲ ਪਾਰਕ ਲਈ 20 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।

ਦੱਸ ਦੇਈਏ ਕਿ ਵਿਭਾਗ ਵੱਲੋਂ ਇਸ ਗ੍ਰਾਂਟ ਦੇ ਲਈ ਸਭ ਤੋਂ ਜ਼ਿਆਦਾ ਜ਼ਿਲ੍ਹਾ ਅੰਮ੍ਰਿਤਸਰ ਦੇ 169 ਸਕੂਲਾਂ ਦੀ ਚੋਣ ਕੀਤੀ ਗਈ ਹੈ, ਜਦੋਂਕਿ ਦੂਜਾ ਨੰਬਰ ਸਿੱਖਿਆ ਮੰਤਰੀ ਦੇ ਆਪਣੇ ਜ਼ਿਲ੍ਹੇ ਸੰਗਰੂਰ ਦਾ ਹੈ, ਜਿੱਥੇ ਸਕੂਲਾਂ ਦੀ ਗਿਣਤੀ 165 ਹੈ। ਸਭ ਤੋਂ ਘੱਟ ਗਿਣਤੀ ਜ਼ਿਲ੍ਹਾ ਮਾਨਸਾ ਦੇ ਸਕੂਲਾਂ ਦੀ ਹੈ, ਜਿੱਥੇ ਸਿਰਫ਼ 15 ਸਕੂਲਾਂ ਨੂੰ ਹੀ ਇਸ ਗ੍ਰਾਂਟ ਦਾ ਲਾਭ ਮਿਲੇਗਾ।

ਗ੍ਰਾਂਟ ਖ਼ਰਚਣ ਸਬੰਧੀ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ
. ਸਕੂਲ ਵਿਚ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਜ਼ਿਲ੍ਹੇ ਦੇ ਸਬੰਧਤ ਜੇ. ਈ. ਨਾਲ ਸੰਪਰਕ ਕਰਨਾ ਹੋਵੇਗਾ। ਇਹ ਸੰਪਰਕ ਫੋਨ ’ਤੇ ਵੀ ਕੀਤਾ ਜਾ ਸਕਦਾ ਹੈ।

. ਸਕੂਲ ਵਲੋਂ ਉਕਤ ਗ੍ਰਾਂਟ ਸਕੂਲ ਮੈਨੇਜਮੈਂਟ ਕਮੇਟੀ ਵਿਚ ਪ੍ਰਸਤਾਵ ਪਾਸ ਕਰਦੇ ਹੋਏ ਸਹੀ ਸਹੀ ਢੰਗ ਨਾਲ ਅਤੇ ਵਿੱਤੀ ਨਿਯਮਾਂ ਦਾ ਪਾਲਣ ਕਰਦੇ ਹੋਏ ਖ਼ਰਚ ਕੀਤੀ ਜਾਵੇਗੀ।

. ਸਮਾਰਟ ਸਕੂਲ ਡਿਵੈਲਪਮੈਂਟ ਫੰਡ ਦੇ ਸਟਾਕ ਰਜਿਸਟਰ ਵਿਚ ਸਾਰੇ ਸਮਾਨ ਦੇ ਰਿਕਾਰਡ ਦੀ ਐਂਟਰੀ ਕਰਨਾ ਯਕੀਨੀ ਬਣਾਇਆ ਜਾਵੇਗਾ ਅਤੇ ਕੀਤੇ ਗਏ ਖ਼ਰਚ ਦਾ ਪੂਰਾ ਰਿਕਾਰਡ ਮੇਨਟੇਨ ਕੀਤਾ ਜਾਵੇਗਾ।

. ਸਮਾਰਟ ਸਕੂਲਾਂ ਦੇ ਤਹਿਤ ਖ਼ਰਚ ਕੀਤੀ ਜਾਂਦੀ ਰਾਸ਼ੀ ਲਈ ਵੱਖਰੇ ਤੌਰ ’ਤੇ ਕੈਸ਼ ਬੁੱਕ ਅਤੇ ਵਾਊਚਰ ਮੇਨਟੇਨ ਕੀਤੇ ਜਾਣਗੇ।

. ਰਾਸ਼ੀ ਖ਼ਰਚ ਕਰਨ ਉਪਰੰਤ ਯੂਟੀਲਾਈਜ਼ੇਸ਼ਨ ਸਰਟੀਫਿਕੇਟ, ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸਿੱਖਿਆ ਜ਼ਰੀਏ ਮੁੱਖ ਦਫ਼ਤਰ ਨੂੰ ਭੇਜਣਾ ਯਕੀਨੀ ਕੀਤਾ ਜਾਵੇਗਾ।

. ਵਿਭਾਗ ਵੱਲੋਂ ਜਾਰੀ ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਾਰੇ ਡੀ. ਐੱਸ. ਐੱਮ., ਏ. ਸੀਜ਼ ਅਤੇ ਜੇ. ਈਜ਼ ਵਲੋਂ ਸਕੂਲਾਂ ਵਿਚ ਕੀਤੇ ਜਾ ਰਹੇ ਕੰਮਾਂ ਦਾ ਸਮੇਂ-ਸਮੇਂ ’ਤੇ ਨਿਰੀਖਣ ਕੀਤਾ ਜਾਵੇ ਅਤੇ ਉਸ ਦੀ ਹਫ਼ਤਾਵਾਰੀ ਰਿਪੋਰਟ ਮੁੱਖ ਦਫ਼ਤਰ ਨੂੰ ਭੇਜੀ ਜਾਵੇ।

. ਮਿਊਂਸੀਪਲ ਕਾਰਪੋਰੇਸ਼ਨ ਦੇ ਸਬੰਧ ਵਿਚ ਲਾਗੂ ਮਾਡਲ ਕੋਡ ਆਫ਼ ਕੰਡਕਟ ਦੀ ਪਾਲਣਾ ਕਰਨਾ ਯਕੀਨੀ ਕੀਤਾ ਜਾਵੇ।

ਕਿਸ ਜ਼ਿਲ੍ਹੇ ਨੂੰ ਮਿਲੀ ਕਿੰਨੀ ਗ੍ਰਾਂਟ :

ਜ਼ਿਲ੍ਹਾ ਸਕੂਲਾਂ ਦੀ ਗਿਣਤੀ ਗ੍ਰਾਂਟ (ਲੱਖਾਂ ਵਿਚ)

ਅੰਮ੍ਰਿਤਸਰ - 16973.24
ਬਰਨਾਲਾ - 5717.58
ਬਠਿੰਡਾ - 6233.74
ਫਤਹਿਗੜ੍ਹ ਸਾਹਿਬ - 6518.64
ਫਾਜ਼ਿਲਕਾ - 3110.58
ਫਿਰੋਜ਼ਪੁਰ - 5522
ਗੁਰਦਾਸਪੁਰ - 5925.03
ਹੁਸ਼ਿਆਰਪੁਰ - 7148.21
ਜਲੰਧਰ - 6942.43
ਕਪੂਰਥਲਾ - 6432.39
ਲੁਧਿਆਣਾ - 10843.43
ਮਾਨਸਾ - 156.32
ਮੋਗਾ - 3614.54
ਮੋਹਾਲੀ - 4222.33
ਸ੍ਰੀ ਮੁਕਤਸਰ ਸਾਹਿਬ - 3922.16
ਪਠਾਨਕੋਟ - 4622.6
ਪਟਿਆਲਾ - 4623.76
ਰੂਪਨਗਰ - 5520.99
ਸੰਗਰੂਰ - 16512.11
ਐੱਸ.ਬੀ.ਐੱਸ. ਨਗਰ - 4917.07
ਤਰਨਤਾਰਨ - 4021.85
ਕੁਲ - 1343551

rajwinder kaur

This news is Content Editor rajwinder kaur