ਡਿਪਟੀ ਡਾਇਰੈਕਟਰ ਸਿੱਖਿਆ ਵੱਲੋਂ ਸਕੂਲਾਂ ਦੀ ਚੈਕਿੰਗ

07/13/2017 3:54:41 AM

ਬਾਬਾ ਬਕਾਲਾ ਸਾਹਿਬ,   (ਰਾਕੇਸ਼)- ਡਿਪਟੀ ਡਾਇਰੈਕਟਰ ਸਿੱਖਿਆ-ਕਮ-ਮੰਡਲ ਸਿੱਖਿਆ ਅਧਿਕਾਰੀ ਜਸਪਾਲ ਸਿੰਘ ਵੱਲੋਂ ਅੱਜ ਤਹਿਸੀਲ ਬਾਬਾ ਬਕਾਲਾ ਸਾਹਿਬ ਅਧੀਨ ਆਉਂਦੇ ਕਈ ਸਰਕਾਰੀ ਹਾਈ ਤੇ ਐਲੀਮੈਂਟਰੀ ਸਕੂਲਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਵੀ ਪਾਈਆਂ ਗਈਆਂ।
ਜਗ ਬਾਣੀ ਨਾਲ ਗੱਲਬਾਤ ਕਰਦਿਆਂ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਲੜਕੇ ਅਤੇ ਲੜਕੀਆਂ ਬਾਬਾ ਬਕਾਲਾ ਦੀ ਚੈਕਿੰਗ ਕੀਤੀ ਗਈ, ਜਿਥੇ ਲੜਕਿਆਂ ਦੇ ਸਕੂਲ 'ਚ ਬੱਚਿਆਂ ਦੀ ਗਿਣਤੀ 85 ਹੈ ਪਰ ਅਧਿਆਪਕ 7 ਹਨ। ਸਿੱਖਿਆ ਅਧਿਕਾਰ ਐਕਟ ਅਧੀਨ 30 ਬੱਚਿਆਂ ਪਿੱਛੇ 1 ਅਧਿਆਪਕ ਜ਼ਰੂਰੀ ਹੁੰਦਾ ਹੈ। ਇਸੇ ਤਰ੍ਹਾਂ ਲੜਕੀਆਂ ਦੇ ਸਕੂਲ ਵਿਚ 82 ਬੱਚਿਆਂ ਲਈ 2 ਅਧਿਆਪਕ ਸਨ, ਜਿਸ 'ਤੇ ਜ਼ਿਲਾ ਸਿੱਖਿਆ ਅਧਿਕਾਰੀ ਅੰਮ੍ਰਿਤਸਰ ਤੇ ਬੀ. ਈ. ਓ. ਰਈਆ ਨੂੰ ਹਦਾਇਤ ਕੀਤੀ ਗਈ ਕਿ ਦੋਵਾਂ ਸਕੂਲਾਂ ਦਾ ਆਪਸੀ ਸਮਤੋਲ ਬਣਾਇਆ ਜਾਵੇ। ਇਸ ਤੋਂ ਇਲਾਵਾ ਲੜਕੀਆਂ ਦੀ ਪੜ੍ਹਾਈ ਦਾ ਪੱਧਰ ਨੀਵਾਂ ਪਾਇਆ ਗਿਆ। ਸਕੂਲ ਦੀ ਮੁੱਖ ਅਧਿਆਪਕਾ ਨੂੰ ਮੌਕੇ 'ਤੇ ਬੱਚਿਆਂ ਦੇ ਮਿਡ-ਡੇ ਮੀਲ, ਪੜ੍ਹਾਈ ਤੇ ਸਫਾਈ ਵੱਲ ਖਾਸ ਧਿਆਨ ਦੇਣ ਦੀ ਹਦਾਇਤ ਕੀਤੀ ਗਈ।
ਸਰਕਾਰੀ ਸੀਨੀ. ਸੈਕੰ. ਸਕੂਲ ਸਠਿਆਲਾ 'ਚ ਸਟਾਫ ਤੇ ਪ੍ਰਿੰਸੀਪਲ ਦੇ ਆਪਸੀ ਤਾਲਮੇਲ ਨਾਲ ਪੜ੍ਹਾਈ, ਸਫਾਈ ਤੇ ਅਨੁਸ਼ਾਸਨ ਸਹੀ ਪਾਇਆ ਗਿਆ। ਇਸ ਤੋਂ ਇਲਾਵਾ ਸ਼ਹੀਦ ਅਮਰਜੀਤ ਸਿੰਘ ਸਰਕਾਰੀ ਹਾਈ ਸਕੂਲ ਬਾਬਾ ਬਕਾਲਾ ਸਾਹਿਬ ਦੀ ਚੈਕਿੰਗ ਦੌਰਾਨ ਪ੍ਰਿੰਸੀਪਲ ਦੀ ਗੈਰ-ਹਾਜ਼ਰੀ ਵਿਚ ਬਾਕੀ ਸਟਾਫ ਵੱਲੋਂ ਸਹਿਯੋਗ ਨਹੀਂ ਦਿੱਤਾ ਗਿਆ ਅਤੇ ਰਿਕਾਰਡ ਚੈੱਕ ਕਰਵਾਉਣ ਤੋਂ ਵੀ ਆਨਾਕਾਨੀ ਕੀਤੀ ਗਈ, ਜਿਸ 'ਤੇ ਛੁੱਟੀ 'ਤੇ ਗਏ ਮੁੱਖ ਅਧਿਆਪਕ ਤੋਂ ਟੈਲੀਫੋਨ 'ਤੇ ਰਿਕਾਰਡ ਸਬੰਧੀ ਜਾਣਕਾਰੀ ਲਈ ਅਤੇ ਉਨ੍ਹਾਂ ਕਿਹਾ ਕਿ ਰਿਕਾਰਡ ਮੇਰੇ ਕਬਜ਼ੇ ਵਿਚ ਹੈ ਅਤੇ ਮੇਰੇ ਕਿਧਰੇ ਜਾਣ ਦੀ ਸੂਰਤ 'ਚ ਬਾਕੀ ਸਟਾਫ ਚਾਬੀਆਂ ਤੇ ਹੋਰ ਰਿਕਾਰਡ ਲੈਣ ਤੋਂ ਆਨਾਕਾਨੀ ਕਰਦਾ ਹੈ।