ਮਾਸੂਮਾਂ ਦਾ ਰੱਬ ਰਾਖਾ, ਸਕੂਲ ਬੱਸ ਹਾਦਸਾਗ੍ਰਸਤ ਹੋ ਕੇ ਖੇਤਾਂ 'ਚ ਪਲਟੀ (ਵੀਡੀਓ)

02/19/2020 1:02:54 PM

ਨਕੋਦਰ (ਪਾਲੀ)— ਲੌਂਗੋਵਾਲ ਵਿਖੇ ਵਾਪਰੇ ਭਿਆਨਕ ਹਾਦਸੇ ਦੀਆਂ ਖਬਰਾਂ ਦੀ ਸਿਆਹੀ ਸੁੱਕੀ ਵੀ ਨਹੀਂ ਸੀ ਕਿ ਬੀਤੇ ਦਿਨ ਥਾਣਾ ਸਦਰ ਅਧੀਨ ਆਉਂਦੇ ਪਿੰਡ ਚਾਨੀਆ ਨਜ਼ਦੀਕ ਇਕ ਪ੍ਰਾਈਵੇਟ ਸਕੂਲ ਦੀ ਬੱਸ ਹਾਦਸਾਗ੍ਰਸਤ ਹੋ ਕੇ ਖੇਤ 'ਚ ਪਲਟ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਏ. ਐੱਸ. ਪੀ. ਵਤਸਲਾ ਗੁਪਤਾ, ਸਦਰ ਥਾਣਾ ਮੁਖੀ ਐੱਸ. ਆਈ. ਸਿਕੰਦਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਹਾਦਸੇ ਦੀ ਜਾਂਚ ਕੀਤੀ। ਬੱਸ 'ਚ ਸਵਾਰ 7 ਮਾਸੂਮ ਬੱਚੇ ਵਾਲ-ਵਾਲ ਬਚ ਗਏ ਪਰ ਇਕ ਬੱਚੀ ਦੇ ਮਾਮੂਲੀ ਜ਼ਖਮੀ ਹੋਣ ਦੀ ਖਬਰ ਹੈ। ਉਕਤ ਹਾਦਸੇ ਦੀ ਖਬਰ ਇਲਾਕੇ 'ਚ ਫੈਲੀ ਤਾਂ ਪ੍ਰਸ਼ਾਸਨ ਅਤੇ ਬੱਚਿਆਂ ਦੇ ਪਰਿਵਾਰਕ ਮੈਂਬਰ ਖੌਫ 'ਚ ਆ ਗਏ। ਆਪਣੇ ਜਿਗਰ ਦੇ ਟੁਕੜਿਆਂ ਨੂੰ ਸਹੀ-ਸਲਾਮਤ ਵੇਖ ਕੇ ਪਰਿਵਾਰਕ ਮੈਂਬਰਾਂ ਨੂੰ ਚੈਨ ਆਇਆ। ਹਾਦਸੇ ਉਪਰੰਤ ਡਰਾਈਵਰ ਬੱਸ ਛੱਡ ਕੇ ਫਰਾਰ ਹੋ ਗਿਆ।

ਸਦਰ ਥਾਣਾ ਮੁਖੀ ਐੱਸ. ਆਈ. ਸਿਕੰਦਰ ਸਿੰਘ ਨੇ ਦੱਸਿਆ ਕਿ ਇਕ ਪ੍ਰਾਈਵੇਟ ਸਕੂਲ ਦੀ ਬੱਸ ਬੀਤੇ ਦਿਨ ਸਵੇਰੇ ਬੱਚਿਆਂ ਨੂੰ ਪਿੰਡ ਬਜੂਹਾ ਤੋਂ ਲੈ ਕੇ ਜਾ ਰਹੀ ਸੀ ਕਿ ਪਿੰਡ ਚਾਨੀਆ ਨੇੜੇ ਨਹਿਰ ਦੇ ਪੁਲ ਕੋਲ ਹਾਦਸਾਗ੍ਰਸਤ ਹੋ ਕੇ ਪਲਟ ਕੇ ਖੇਤ 'ਚ ਜਾ ਡਿੱਗੀ। ਉਕਤ ਹਾਦਸਾ ਦੇਖ ਕੇ ਰਾਹਗੀਰਾਂ ਨੇ ਬੱਸ 'ਚ ਸਵਾਰ 7 ਮਾਸੂਮ ਬੱਚਿਆਂ ਨੂੰ ਬਾਹਰ ਕੱਢਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਕੇ ਬੱਚਿਆਂ ਨੂੰ ਉਨ੍ਹਾਂ ਦੇ ਹਵਾਲੇ ਕੀਤਾ। ਸਦਰ ਥਾਣਾ ਮੁਖੀ ਐੱਸ. ਆਈ ਸਿਕੰਦਰ ਸਿੰਘ ਨੇ ਦੱਸਿਆ ਕਿ ਬੱਸ ਦੇ ਡਰਾਈਵਰ, ਕੰਡਕਟਰ ਅਤੇ ਸਕੂਲ ਪ੍ਰਬੰਧਕਾਂ ਨੂੰ ਬੁਲਾ ਕੇ ਬੱਸ ਦੇ ਕਾਗਜ਼ਾਤ ਦੀ ਜਾਂਚ ਅਤੇ ਹਾਦਸੇ ਸਬੰਧੀ ਪੁੱਛਗਿੱਛ ਕੀਤੀ। ਪਤਾ ਲੱਗਾ ਹੈ ਕਿ ਬੱਸ ਦਾ ਸਟੇਅਰਿੰਗ ਫ੍ਰੀ ਹੋਣ ਕਾਰਨ ਇਹ ਹਾਦਸਾ ਵਾਪਰਿਆ।

shivani attri

This news is Content Editor shivani attri