ਸੰਗਰੂਰ : ਭਵਾਨੀਗੜ੍ਹ ਨੇੜੇ ਸਕੂਲ ਬੱਸ ਪਲਟੀ, 20 ਦੇ ਕਰੀਬ ਬੱਚੇ ਜ਼ਖਮੀ

04/16/2018 4:24:21 PM

ਭਵਾਨੀਗੜ (ਬੇਦੀ/ਵਿਕਾਸ/ਅੱਤਰੀ)—ਪਿੰਡ ਕਾਲਾਝਾੜ ਨੇੜੇ ਮੁਨਸ਼ੀਵਾਲਾ ਲਿੰਕ ਰੋਡ 'ਤੇ ਸੋਮਵਾਰ ਸਵੇਰੇ ਸਟੀਲਮੈਨ ਪਬਲਿਕ ਸਕੂਲ ਦੀ ਬੱਚਿਆਂ ਦੀ ਭਰੀ ਇਕ ਬੱਸ ਦਰੱਖਤ ਨਾਲ ਟਕਰਾ ਕੇ ਖੇਤਾਂ 'ਚ ਜਾ ਪਲਟੀ । ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੌਰਾਨ ਬੱਸ 'ਚ ਕਰੀਬ ਤਿੰਨ ਦਰਜਨ ਵਿਦਿਆਰਥੀ ਸਵਾਰ ਸਨ, ਹਾਦਸੇ 'ਚ ਸਾਰੇ ਵਿਦਿਆਰਥੀ ਵਾਲ-ਵਾਲ ਬੱਚ ਗਏ, ਜਿੰਨਾਂ ਨੂੰ ਬੱਸ ਦੇ ਸ਼ੀਸ਼ੇ ਤੋੜ ਕੇ ਲੋਕਾਂ ਨੇ ਬਾਹਰ ਕੱਢਿਆ । ਇਥੇ ਜ਼ਿਕਰਯੋਗ ਹੈ ਕਿ 6 ਮਹੀਨਿਆਂ ਦਰਮਿਆਨ ਦੂਜੀ ਵਾਰ ਇਸ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ । ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਮਹੀਨੇ 'ਚ ਸਕੂਲ ਦੀ ਬੱਸ ਦੀ ਇੱਟਾਂ ਦੇ ਭਰੇ ਟਰੱਕ ਨਾਲ ਭਿਆਨਕ ਟੱਕਰ ਹੋ ਗਈ ਸੀ, ਜਿਸ 'ਚ ਇੱਕ ਦਰਜਨ ਵਿਦਿਆਰਥੀ ਜ਼ਖਮੀ ਅਤੇ ਇਕ ਮਾਸੂਮ ਬੱਚੇ ਦੀ ਮੌਤ ਹੋ ਗਈ ਸੀ । ਅੱਜ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਇਕੱਤਰ ਹੋਏ ਵਿਦਿਆਰਥੀਆਂ ਦੇ ਭੜਕੇ ਮਾਪਿਆਂ ਤੇ ਲੋਕਾਂ ਨੇ ਸਕੂਲ ਪ੍ਰਬੰਧਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਿਆਂ ਕਾਲਾਝਾੜ ਟੋਲ ਪਲਾਜ਼ਾ ਨੇੜੇ ਜ਼ੀਰਕਪੁਰ ਬਠਿੰਡਾ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਅਤੇ ਇਸ ਮੌਕੇ ਰੋਸ ਜ਼ਾਹਿਰ ਕਰ ਰਹੇ ਲੋਕਾਂ ਦਾ ਕਹਿਣਾ ਸੀ ਕਿ ਅਜਿਹੇ ਹਾਦਸਿਆਂ ਲਈ ਸਕੂਲ ਪ੍ਰਬੰਧਕ ਹੀ ਸਿੱਧੇ ਰੂਪ 'ਚ ਜ਼ਿੰਮੇਵਾਰ ਹੋਣੇ ਚਾਹੀਂਦੇ ਹਨ। ਇਸ ਲਈ ਉਕਤ ਹਾਦਸੇ 'ਚ ਵੀ ਜ਼ਿੰਮੇਵਾਰ ਸਕੂਲ ਪ੍ਰਬੰਧਕਾਂ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ । ਨੈਸ਼ਨਲ ਹਾਈਵੇ ਜਾਮ ਹੋ ਜਾਣ ਕਾਰਨ ਪ੍ਰਸ਼ਾਸਨ ਦੇ ਹੱਥ ਪੈਰ ਫੁੱਲ ਗਏ ਅਤੇ ਮੌਕੇ 'ਤੇ ਪਹੁੰਚੇ ਐੱਸ.ਐੱਚ.ਓ. ਭਵਾਨੀਗੜ੍ਹ ਚਰਨਜੀਵ ਲਾਂਬਾ ਅਤੇ ਤਹਿਸੀਲਦਾਰ ਮਨਜੀਤ ਸਿੰਘ ਨੇ ਸਕੁਲ ਖਿਲਾਫ ਭੜਕੇ ਮਾਪਿਆਂ ਅਤੇ ਲੋਕਾਂ ਨੂੰ ਸਖਤ ਕਾਰਵਾਈ ਕਰਨ ਦੇ ਭਰੋਸੇ ਦੇ ਬਾਵਜੂਦ ਵੀ ਲੋਕ ਹਾਈਵੇ ਤੋਂ ਨਹੀਂ ਹਟੇ, ਜਿਸ ਕਾਰਨ ਹਾਈਵੇ ਦੇ ਦੋਵਾਂ ਪਾਸੇ ਕਾਫੀ ਦੇਰ ਆਵਾਜਾਈ ਠੱਪ ਹੋਣ ਕਾਰਨ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ । ਕਾਫੀ ਦੇਰ ਬਾਅਦ ਪ੍ਰਸ਼ਾਸਨ ਨੇ ਸਕੂਲ ਪ੍ਰਬੰਧਕਾਂ ਖਿਲਾਫ ਬਣਦੀ ਕਾਰਵਾਈ ਕਰਨ ਲਈ ਕਾਲਾਝਾੜ ਚੰਨੋਂ ਪੁਲਸ ਚੌਂਕੀ ਵਿਖੇ ਮੁਜਾਹਰਾ ਕਾਰੀਆਂ ਨੂੰ ਬੁਲਾ ਕੇ ਸ਼ਾਂਤ ਕੀਤਾ ਗਿਆ ।