ਹੁਣ ਸਕੂਲ ਦੀ ਹਦੂਦ ''ਚੋਂ ਡਿਪਟੀ ਡੀ. ਈ. ਓ. ਨੂੰ ਮਿਲੀਆਂ ਸ਼ਰਾਬ ਦੀਆਂ ਖਾਲੀ ਬੋਤਲਾਂ

02/14/2018 6:35:47 AM

ਨੱਥੋਵਾਲ ਸਕੂਲ ਦਾ ਪਿੱਛਾ ਨਹੀਂ ਛੱਡ ਰਹੇ ਵਿਵਾਦ
ਲੁਧਿਆਣਾ(ਵਿੱਕੀ)-3 ਅਧਿਆਪਕਾਂ ਦੀਆਂ ਕਰਤੂਤਾਂ ਕਾਰਨ ਪਿਛਲੇ ਇਕ ਹਫਤੇ ਤੋਂ ਚਰਚਾ ਵਿਚ ਆਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੱਥੋਵਾਲ ਦਾ ਵਿਵਾਦ ਪਿੱਛਾ ਨਹੀਂ ਛੱਡ ਰਹੇ। ਸਕੂਲ ਦੀ ਵਿਦਿਆਰਥਣ ਨਾਲ ਅਧਿਆਪਕ ਵੱਲੋਂ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਦਾ ਗਰਭਪਾਤ ਕਰਵਾਉਣ ਦਾ ਸਨਸਨੀਖੇਜ਼ ਮਾਮਲਾ ਅਜੇ ਖਤਮ ਨਹੀਂ ਹੋਇਆ ਕਿ ਫਿਰ ਇਕ ਨਵੇਂ ਵਿਵਾਦ ਨਾਲ ਸਕੂਲ ਦਾ ਨਾਮ ਜੁੜ ਗਿਆ। ਮੰਗਲਵਾਰ ਨੂੰ ਕਿਸੇ ਸ਼ਿਕਾਇਤ ਦੀ ਜਾਂਚ ਲਈ ਸਕੂਲ ਪੁੱਜੇ ਡਿਪਟੀ ਡੀ. ਈ. ਓ. ਡਾ. ਚਰਨਜੀਤ ਸਿੰਘ ਨੂੰ ਸਕੂਲ ਦੀ ਹਦੂਦ ਵਿਚ ਸ਼ਰਾਬ ਦੀਆਂ 4 ਖਾਲੀ ਬੋਤਲਾਂ ਤੋਂ ਇਲਾਵਾ ਸਿਗਰਟ ਦੀ ਡੱਬੀ ਮਿਲੀ ਹੈ। ਸਿੱਖਿਆ ਵਿਭਾਗ ਦੇ ਕੋਲ ਪੁੱਜੀ ਸ਼ਿਕਾਇਤ ਦੇ ਆਧਾਰ 'ਤੇ ਡਿਪਟੀ ਡੀ. ਈ. ਓ. ਡਾ. ਚਰਨਜੀਤ ਸਿੰਘ ਨੇ ਜਦੋਂ ਸਕੂਲ ਪੁੱਜ ਕੇ ਰਾਊਂਡ ਲਾਉਣਾ ਸ਼ੁਰੂ ਕੀਤਾ ਤਾਂ ਮਿਡ-ਡੇ ਮੀਲ ਦੀ ਰਸੋਈ ਦੇ ਪਿਛਲੇ ਪਾਸੇ ਸ਼ਰਾਬ ਦੀਆਂ ਖਾਲੀ ਪਈਆਂ 3 ਬੋਤਲਾਂ ਦੇਖ ਕੇ ਉਹ ਦੰਗ ਰਹਿ ਗਏ। ਇਥੇ ਹੀ ਬੱਸ ਨਹੀਂ, ਉਨ੍ਹਾਂ ਨੂੰ ਸਕੂਲ 'ਚ ਇਕ ਉਸਾਰੀ ਅਧੀਨ ਕਮਰੇ 'ਚੋਂ ਵੀ ਸ਼ਰਾਬ ਦੀ ਇਕ ਖਾਲੀ ਬੋਤਲ ਮਿਲੀ ਹੈ।
ਕੀ ਕਹਿੰਦੇ ਹਨ ਪ੍ਰਿੰਸੀਪਲ? 
ਗੱਲ ਕਰਨ 'ਤੇ ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਦੀ ਬਾਊਂਡਰੀ ਵਾਲ ਕਾਫੀ ਛੋਟੀ ਹੈ। ਇਸ ਲਈ ਹੋ ਸਕਦਾ ਹੈ ਕਿ ਸਕੂਲ 'ਚ ਛੁੱਟੀ ਤੋਂ ਬਾਅਦ ਕਿਸੇ ਸ਼ਰਾਰਤੀ ਤੱਤ ਨੇ ਬਾਊਂਡਰੀ ਕ੍ਰਾਸ ਕਰ ਕੇ ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਸਿਗਰਟ ਦੀ ਡੱਬੀ ਸੁੱਟੀ ਹੋਵੇ। ਦਸਤਾਵੇਜ਼ੀ ਕੰਮ ਜ਼ਿਆਦਾ ਹੋਣ ਕਾਰਨ ਉਹ ਅੱਜ ਸਵੇਰ ਸਕੂਲ ਦਾ ਗੇੜਾ ਨਹੀਂ ਲਾ ਸਕੇ, ਜਿਸ ਕਾਰਨ ਉਨ੍ਹਾਂ ਦੇ ਧਿਆਨ ਵਿਚ ਇਹ ਕੇਸ ਨਹੀਂ ਆਇਆ। ਵਿਭਾਗ ਨੂੰ ਪੱਤਰ ਲਿਖ ਕੇ ਸਕੂਲ ਦੀ ਬਾਊਂਡਰੀ-ਵਾਲ ਉੱਚੀ ਕਰਵਾਉਣ ਲਈ ਫੰਡ ਮੰਗਵਾਏ ਜਾਣਗੇ। ਸਕੂਲ 'ਚ ਸਥਾਈ ਸਵੀਪਰ ਦੀ ਪੋਸਟ ਲਈ ਵੀ ਲਿਖਿਆ ਜਾਵੇਗਾ।
ਮੇਰੇ ਸ਼ਹੀਦ ਬੇਟੇ ਦੇ ਨਾਂ ਵਾਲੇ ਸਕੂਲ ਦਾ ਪੂਰਾ ਸਟਾਫ ਬਦਲਿਆ ਜਾਵੇ
ਦੱਸ ਦੇਈਏ ਕਿ ਨੱਥੋਵਾਲ ਦੇ ਇਸ ਸਕੂਲ ਦਾ ਨਾਂ ਸਰਕਾਰ ਵੱਲੋਂ ਸ਼ਹੀਦ ਕੁਲਦੀਪ ਸਿੰਘ ਦੇ ਨਾਂ 'ਤੇ ਰੱਖਿਆ ਗਿਆ ਹੈ ਅਤੇ ਇਸੇ ਕਾਰਨ ਸ਼ਹੀਦ ਦੇ ਪਿਤਾ ਪ੍ਰੀਤਮ ਸਿੰਘ (75) ਤਿੰਨਾਂ ਅਧਿਆਪਕਾਂ ਦੇ ਉਕਤ ਕਾਰਨਾਮੇ ਤੋਂ ਬੇਹੱਦ ਦੁਖੀ ਹੋਏ ਹਨ। ਇਸ ਕਾਰਨ ਪ੍ਰੀਤਮ ਸਿੰਘ ਨੇ ਜ਼ਿਲਾ ਸਿੱਖਿਆ ਅਧਿਕਾਰੀ ਨੂੰ ਲਿਖਤੀ ਪੱਤਰ ਵਿਚ ਬੇਨਤੀ ਕੀਤੀ ਹੈ ਕਿ ਸਕੂਲ ਦੇ ਸਮੂਹ ਸਟਾਫ ਦੀ ਬਦਲੀ ਕਰ ਕੇ ਇਸ ਦੀ ਜਗ੍ਹਾ ਨਵਾਂ ਸਟਾਫ ਲਾਇਆ ਜਾਵੇ।  ਮੰਗਲਵਾਰ ਨੂੰ ਸਕੂਲ ਵਿਚ ਪੁੱਜੇ ਡਿਪਟੀ ਡੀ. ਈ. ਓ. ਡਾ. ਚਰਨਜੀਤ ਸਿੰਘ ਨੂੰ ਲਿਖਤੀ ਬੇਨਤੀ ਕਰਦੇ ਹੋਏ ਸ਼ਹੀਦ ਕੁਲਦੀਪ ਸਿੰਘ ਦੇ ਪਿਤਾ ਪ੍ਰੀਤਮ ਸਿੰਘ ਨੇ ਕਿਹਾ ਕਿ ਉਕਤ ਅਧਿਆਪਕਾਂ ਦੀ ਕਰਤੂਤ ਤੋਂ ਬਾਅਦ ਸਕੂਲ ਸਬੰਧੀ ਉੱਠੇ ਵਿਵਾਦ ਤੋਂ ਉਹ ਅਤੇ ਉਨ੍ਹਾਂ ਦੇ ਪਰਿਵਾਰ ਆਪਣੇ-ਆਪ ਨੂੰ ਬੇਇੱਜ਼ਤ ਮਹਿਸੂਸ ਕਰ ਰਿਹਾ ਹੈ।
ਗੱਲਬਾਤ ਕਰਨ 'ਤੇ ਡਿਪਟੀ ਡੀ. ਈ. ਓ. ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਸ਼ਹੀਦ ਕੁਲਦੀਪ ਸਿੰਘ ਦੇ ਪਿਤਾ ਤੋਂ ਇਲਾਵਾ ਪਿੰਡ ਦੇ ਨੌਜਵਾਨਾਂ ਨੇ ਸਕੂਲ ਦਾ ਸਟਾਫ ਬਦਲਣ ਦੀ ਬੇਨਤੀ ਲਿਖਤੀ ਤੌਰ 'ਤੇ ਕੀਤੀ ਹੈ। ਇਸ ਸਬੰਧੀ ਅਗਲੀ ਕਾਰਵਾਈ ਹਿੱਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਿਆ ਜਾਵੇਗਾ।