ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਜਾਂਚ ''ਚ 56 ਕਰੋੜ ਦਾ ਘਪਲਾ ਸਾਹਮਣੇ ਆਇਆ, ਦਸੰਬਰ ''ਚ ਜਾਂਚ ਪੂਰੀ ਹੋਵੇਗੀ

11/20/2017 3:08:09 AM

ਜਲੰਧਰ  (ਚੋਪੜਾ) - ਪਿਛਲੇ 10 ਸਾਲਾਂ 'ਚ ਅਕਾਲੀਆਂ ਤੇ ਉਨ੍ਹਾਂ ਦੇ ਸਮਰਥਕ ਦਬੰਗਾਂ ਵਲੋਂ ਕਬਜ਼ੇ 'ਚ ਲਈ ਜੰਗਲਾਤ ਵਿਭਾਗ ਦੀ 5000 ਏਕੜ ਜ਼ਮੀਨ ਨੂੰ ਮੁਕਤ ਕਰਵਾਇਆ ਜਾਵੇਗਾ, ਜਿਸ ਦੀ ਸ਼ੁਰੂਆਤ 2 ਦਿਨ ਪਹਿਲਾਂ ਲੁਧਿਆਣਾ 'ਚ ਕਰੋੜਾਂ ਦੀ 325 ਏਕੜ ਤੇ ਮੱਤੇਵਾਲ 'ਚ 85 ਏਕੜ ਜ਼ਮੀਨ ਨੂੰ ਛੁਡਵਾ ਕੇ ਕਰ ਦਿੱਤਾ ਗਿਆ ਹੈ। ਇਹ ਸ਼ਬਦ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਸਥਾਨਕ ਸਰਕਟ ਹਾਊਸ 'ਚ ਇਕ ਪੱਤਰਕਾਰ ਸੰਮੇਲਨ ਦੌਰਾਨ ਕਹੇ।  ਧਰਮਸੌਤ ਨੇ ਦੱਸਿਆ ਕਿ ਬਾਦਲ ਸਰਕਾਰ ਦੇ ਕਾਰਜਕਾਲ 'ਚ ਹੋਏ ਪੋਸਟ ਮੈਟ੍ਰਿਕ ਘਪਲੇ ਦੀ ਜਾਂਚ 31 ਦਸੰਬਰ ਤਕ ਪੂਰੀ ਹੋ ਜਾਵੇਗੀ। ਹੁਣ ਤਕ 249 ਸਿੱਖਿਅਕ ਸੰਸਥਾਵਾਂ ਦਾ ਆਡਿਟ ਹੋ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਸਕੀਮ ਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਜਦਕਿ ਪੰਜਾਬ ਸਰਕਾਰ ਦੇ ਕੋਲ ਸਕੀਮ ਦੇ 115 ਕਰੋੜ ਰੁਪਏ ਆ ਚੁੱਕੇ ਹਨ ਅਤੇ ਆਡਿਟ ਦਾ ਕੰਮ ਪੂਰਾ ਹੁੰਦੇ ਸਾਰ ਹੀ, ਜੋ ਕਾਲਜ ਤੇ ਯੂਨੀਵਰਸਿਟੀਆਂ ਸਹੀ ਪਾਏ ਗਏ, ਨੂੰ ਇਹ ਪੈਸਾ ਵੰਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਦੀ ਜਾਂਚ 'ਚ 56 ਕਰੋੜ ਦੇ ਗਬਨ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ ਜਿਸ ਨੂੰ ਲੈ ਕੇ 2 ਵਿਭਾਗੀ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਹੈ ਤੇ 3 ਉੱਚ ਅਧਿਕਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਕਾਲਰਸ਼ਿਪ ਕਾਰਨ ਜੋ ਕਾਲਜ ਦਲਿਤ ਬੱਚਿਆਂ ਨੂੰ ਐਡਮਿਸ਼ਨ ਨਹੀਂ ਦੇਵੇਗਾ ਜਾਂ ਉਨ੍ਹਾਂ ਨੂੰ ਤੰਗ ਕਰੇਗਾ, ਵਿਰੁੱਧ ਸਖਤ ਕਾਰਵਾਈ ਹੋਵੇਗੀ।
ਉਨ੍ਹਾਂ ਕਿਹਾ ਕਿ ਵਿਭਾਗ ਨੇ ਇਸ ਸਾਲ 2 ਕਰੋੜ ਬੂਟੇ ਲਾਏ ਹਨ। ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ 'ਤੇ ਹੁਸ਼ਿਆਰਪੁਰ ਹਾਈਵੇ 'ਤੇ ਵੀ ਬੂਟੇ ਲਾਉਣ ਦਾ ਕੰਮ ਚੱਲ ਰਿਹਾ ਹੈ। ਸੁਖਪਾਲ ਖਹਿਰਾ ਵਲੋਂ ਸਿਰਫ 3 ਵਿਧਾਇਕਾਂ ਨਾਲ ਸਪੀਕਰ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਲਾਈਵ ਦਿਖਾਉਣ ਦੀ ਮੰਗ 'ਤੇ ਧਰਮਸੌਤ ਨੇ ਕਿਹਾ ਕਿ ਤੁਹਾਡੀ ਪਾਰਟੀ ਦਾ ਲਾਈਵ ਸ਼ੋਅ ਤਾਂ ਸ਼ਰੇਆਮ ਸਾਰਿਆਂ ਨੂੰ ਦਿਖਾਈ ਦੇ ਰਿਹਾ ਹੈ, ਫਿਰ ਸੈਸ਼ਨ ਦੇ ਲਾਈਵ ਦੀ ਉਨ੍ਹਾਂ ਨੂੰ ਕੀ ਲੋੜ ਹੈ। ਉਨ੍ਹਾਂ ਕੈ. ਅਮਰਿੰਦਰ ਦੀ 2022 ਦੀ ਸਿਆਸੀ ਪਾਰੀ ਦੇ ਬਿਆਨ 'ਤੇ ਕਿਹਾ ਕਿ ਕੈ. ਅਮਰਿੰਦਰ ਦੇ ਫੈਸਲਿਆਂ ਨੇ ਕਿਸਾਨਾਂ, ਇੰਡਸਟਰੀਲਿਸਟਾਂ, ਕਾਰੋਬਾਰੀਆਂ ਸਮੇਤ ਹਰੇਕ ਵਰਗ 'ਚ ਨਵੀਂ ਜਾਨ ਫੂਕੀ ਹੈ। ਉਨ੍ਹਾਂ ਦੇ ਇਨ੍ਹਾਂ ਫੈਸਲਿਆਂ ਦਾ ਸਮੁੱਚਾ ਪੰਜਾਬ ਅਤੇ ਕਾਂਗਰਸ ਜ਼ੋਰਦਾਰ ਸੁਆਗਤ ਕਰਦੀ ਹੈ। ਇਸ ਮੌਕੇ ਸੂਬਾ ਕਾਂਗਰਸ ਦੇ ਜਨਰਲ ਸਕੱਤਰ ਅਰੁਣ ਵਾਲੀਆ, ਸੂਬਾ ਸਕੱਤਰ ਯਸ਼ਪਾਲ ਧੀਮਾਨ, ਅਸ਼ੋਕ ਗੁਪਤਾ ਤੇ ਕੇ. ਕੇ. ਬਾਂਸਲ, ਜ਼ਿਲਾ ਕਲਿਆਣ ਅਧਿਕਾਰੀ ਲਖਵਿੰਦਰ ਸਿੰਘ ਅਤੇ ਤਹਿਸੀਲ ਕਲਿਆਣਕਾਰੀ ਅਧਿਕਾਰੀ ਸਰਬਜੀਤ ਕੌਰ ਤੇ ਹੋਰ ਵੀ ਮੌਜੂਦ ਸਨ।