ਸਾਊਦੀ ਅਰਬ ’ਚ ਫਸੇ ਨੌਜਵਾਨਾਂ ਦੀ ਵੀਡੀਓ ਵਾਇਰਲ, ਹੱਡਬੀਤੀ ਦੱਸ CM ਮਾਨ ਤੋਂ ਲਾਈ ਮਦਦ ਦੀ ਗੁਹਾਰ

05/25/2022 5:49:12 PM

ਨੰਗਲ (ਗੁਰਭਾਗ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਦੇਸ਼ਾਂ ’ਚ ਫਸੇ ਨੌਜਵਾਨਾਂ ਨੂੰ ਮੁੜ ਪੰਜਾਬ ’ਚ ਲਿਆਉਣ ਦੀਆਂ ਖ਼ਬਰਾਂ ਆਮ ਸੁਣਨ ਨੂੰ ਮਿਲ ਰਹੀਆਂ ਹਨ। ਜੇ ਗੱਲ ਕਰੀਏ ਤਾਂ ਜਿਨ੍ਹਾਂ ਟਰੈਵਲ ਏਜੰਟਾਂ ਵੱਲੋਂ ਇਹ ਨਾਦਰਸ਼ਾਹੀ ਲੁੱਟ ਕੀਤੀ ਜਾਂਦੀ ਹੈ, ਮੁੱਖ ਮੰਤਰੀ ਵੱਲੋਂ ਉਨ੍ਹਾਂ ਖ਼ਿਲਾਫ਼ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਪਰ ਹਾਲੇ ਵੀ ਵਿਦੇਸ਼ਾਂ ’ਚ ਫਸੇ ਪੀੜਤ ਨੌਜਵਾਨਾਂ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਬੀਤੇ ਦਿਨ ਨੰਗਲ ਦੇ ਇਕ ਟਰੈਵਲ ਏਜੰਟ ਖ਼ਿਲਾਫ਼ ਸਾਊਦੀ ’ਚ ਫਸੇ ਨੌਜਵਾਨਾਂ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮਦਦ ਦੀ ਗੁਹਾਰ ਲਗਾਈ ਹੈ। ਆਪਣੀ ਹੱਡਬੀਤੀ ਸੁਣਾਉਂਦਿਆਂ ਨੌਜਵਾਨਾਂ ਨੇ ਕਿਹਾ ਕਿ ਨੰਗਲ ਦੇ ਇਕ ਏਜੰਟ ਨੇ ਉਨ੍ਹਾਂ ਨੂੰ ਝਾਂਸਾ ਦੇ ਕੇ ਜਿੱਥੇ ਭੇਜਿਆ ਹੈ, ਉੱਥੇ ਉਨ੍ਹਾਂ ਦੀ ਬਹੁਤ ਬੁਰੀ ਹਾਲਤ ਹੈ।

ਦੂਜੇ ਪਾਸੇ ਟਰੈਵਲ ਏਜੰਟ ਨੇ ਨੰਗਲ ਚੀਫ਼ ਰੈਸਟੋਰੈਂਟ ਵਿਚ ਪ੍ਰੈੱਸ ਵਾਰਤਾ ਦੌਰਾਨ ਆਪਣਾ ਪੱਖ ਦਿੰਦੇ ਕਿਹਾ ਕਿ ਮੇਰੇ ’ਤੇ ਲਗਾਏ ਗਏ ਸਾਰੇ ਦੋਸ਼ ਝੂਠੇ ਹਨ ਕਿਉਂਕਿ ਜੋ ਨੌਜਵਾਨ ਵੀਡੀਓ ’ਚ ਨਜ਼ਰ ਆ ਰਹੇ ਹਨ, ਉਨ੍ਹਾਂ ’ਚੋਂ ਮਹਿਜ਼ 10-12 ਨੌਜਵਾਨ ਉਨ੍ਹਾਂ ਵੱਲੋਂ ਭੇਜੇ ਗਏ ਹਨ। ਉਸ ਨੇ ਕਿਹਾ ਕਿ ਨੌਜਵਾਨਾਂ ਤੋਂ ਤਿੰਨ ਮਹੀਨੇ ਦਾ ਐਫ਼ੀਡੇਵਿਟ ਵੀ ਲਿਆ ਗਿਆ ਹੈ। ਤਿੰਨ ਮਹੀਨੇ ਬਾਅਦ ਉਨ੍ਹਾਂ ਨੂੰ ਉੱਥੇ ਯੋਗ ਨੌਕਰੀ ਮਿਲ ਜਾਵੇਗੀ ਕਿਉਂਕਿ ਉਕਤ ਕਾਗਜ਼ੀ ਕਾਰਵਾਈ ਲਈ 3 ਕੁ ਮਹੀਨੇ ਦਾ ਸਮਾਂ ਲੱਗ ਹੀ ਜਾਂਦਾ ਹੈ। ਜੋ ਨੌਜਵਾਨ ਮੁੜ ਵਾਪਸ ਆਉਣਾ ਚਾਹੁੰਦੇ ਹਨ, ਉਨ੍ਹਾਂ ਦੇ ਪਰਿਵਾਰਕ ਮੈਂਬਰ ਮੈਨੂੰ ਹਾਲੇ ਤੱਕ ਮਿਲੇ ਵੀ ਨਹੀਂ। ਮੇਰੇ ਕੁਝ ਵਿਰੋਧੀਆਂ ਵੱਲੋਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ’ਤੇ ੳਕਤ ਏਜੰਟ ਨੇ ਕਿਹਾ ਕਿ ਨੰਗਲ ’ਚ 30 ਤੋਂ 40 ਤੱਕ ਹੀ ਟਰੈਵਲ ਏਜੰਟ ਮੰਨਜ਼ੂਰਸ਼ੁਦਾ ਹਨ। ਬਾਕੀ ਇਕ ਦੂਜੇ ਨਾਲ ਮਿਲ ਕੇ ਇਹ ਕੰਮ ਕਰ ਰਹੇ ਹਨ। 

ਇਹ ਵੀ ਪੜ੍ਹੋ: ਨਕੋਦਰ 'ਚ ਸ਼ਰਮਨਾਕ ਕਾਰਾ, 10ਵੀਂ ਜਮਾਤ ’ਚ ਪੜ੍ਹਦੀ ਕੁੜੀ ਨੂੰ ਹੋਟਲ 'ਚ ਲਿਜਾ ਕੇ ਕੀਤਾ ਜਬਰ-ਜ਼ਿਨਾਹ

ਇਥੇ ਆਮ ਚਰਚਾ ਹੈ ਕਿ ਨੰਗਲ ’ਚ 100 ਤੋਂ ਵੱਧ ਟਰੈਵਲ ਏਜੰਟ ਇਸ ਗੋਰਖ ਧੰਦੇ ’ਚ ਲਿਪਤ ਹਨ ਅਤੇ ਨੌਜਵਾਨਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾ ਰਹੇ ਹਨ। ਜਿਸ ਨਾਲ ਮਨਜ਼ੂਰਸ਼ੁਦਾ ਏਜੰਟਾਂ ਦਾ ਅਕਸ ਵੀ ਖ਼ਰਾਬ ਹੋ ਰਿਹਾ ਹੈ। ਪ੍ਰੈੱਸ ਵਾਰਤਾ ਦੌਰਾਨ ਹੀ ਪੱਤਰਕਾਰਾਂ ਵੱਲੋਂ ਵਿਦੇਸ਼ ’ਚ ਫਸੇ ਨੌਜਵਾਨਾਂ ਨਾਲ ਉਕਤ ਏਜੰਟ ਦੀ ਵੀਡੀਓ ਕਾਲਿੰਗ ’ਤੇ ਵੀ ਗੱਲ ਕਰਵਾਈ ਗਈ ਅਤੇ ਨੌਜਵਾਨਾਂ ਨੇ ਪੱਤਰਕਾਰਾਂ ਦੇ ਸਾਹਮਣੇ ਆਪਣੇ ਦੁੱਖ਼ੜੇ ਦੱਸੇ। ਹੁਣ ਵੇਖਣਾ ਇਹ ਹੈ ਕਿ ਵਿਦੇਸ਼ ’ਚ ਫਸੇ ਨੌਜਵਾਨਾਂ ਨੂੰ ਸਰਕਾਰ ਇਨਸਾਫ਼ ਦੁਆ ਪਾਏਗੀ ਜਾਂ ਫਿਰ ਮਾਮਲਾ ਪਹਿਲਾਂ ਦੀ ਤਰ੍ਹਾਂ ਮੁੜ ਠੰਢੇ ਬਸਤੇ ’ਚ ਪੈ ਜਾਵੇਗਾ। ਤਲਖ਼ ਹਕੀਕਤ ਇਹ ਹੈ ਕਿ ਸਥਾਨਕ ਪੁਲਸ ਨੇ ਵੀ ਕਦੇ ਯੋਗ ਜਾਂ ਅਯੋਗ ਏਜੰਟਾਂ ਦੀ ਪੜਤਾਲ ਕਰਨੀ ਮੁਨਾਸਫ਼ ਨਹੀਂ ਸਮਝੀ।

ਸ਼ਿਕਾਇਤ ਆਉਣ ’ਤੇ ਹੋਵੇਗੀ ਬਣਦੀ ਕਾਰਵਾਈ : ਥਾਣਾ ਮੁਖੀ
ਜਦੋਂ ਇਸ ਮਾਮਲੇ ਨੂੰ ਲੈ ਕੇ ਨੰਗਲ ਥਾਣਾ ਮੁਖੀ ਦਾਨਿਸ਼ਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਉਕਤ ਮਾਮਲੇ ਸਬੰਧੀ ਸਾਡੇ ਕੋਲ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਜ਼ਰੂਰ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:  ਦੇਸ਼ ’ਚ ਹਥਿਆਰਾਂ ਦੀ ਦੂਜੀ ਸਭ ਤੋਂ ਵੱਡੀ ਮੰਡੀ ਹੈ ਪੰਜਾਬ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਬਿਆਨ ’ਤੇ ਨਜ਼ਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News