ਜਾਖੜ ਦੇ ਨਾਂ ''ਤੇ ਵਰਕਰਾਂ ਤੋਂ ਰੁਪਏ ਇਕੱਠੇ ਕਰਨ ''ਤੇ ਵਿਵਾਦਾਂ ''ਚ ਘਿਰੀ ਸਤਵਿੰਦਰ ਬਿੱਟੀ

10/16/2017 6:07:10 AM

ਜਲੰਧਰ, (ਰਵਿੰਦਰ ਸ਼ਰਮਾ)- ਕਾਂਗਰਸ ਦੇ ਅੰਦਰ ਹੀ ਆਪਣੇ ਵਰਕਰਾਂ ਨੂੰ ਠੱਗਣ ਦਾ ਅਜੀਬ ਖੇਲ ਚੱਲ ਰਿਹਾ ਹੈ। ਤਾਜ਼ਾ ਦੋਸ਼ ਸਾਹਨੇਵਾਲ ਤੋਂ ਕਾਂਗਰਸੀ ਨੇਤਰੀ ਅਤੇ ਪੰਜਾਬੀ ਸਿੰਗਰ ਸਤਵਿੰਦਰ ਬਿੱਟੀ 'ਤੇ ਲੱਗਿਆ ਹੈ। ਬਿੱਟੀ 'ਤੇ ਦੋਸ਼ ਹੈ ਕਿ ਉਸ ਨੇ ਗੁਰਦਾਸਪੁਰ ਉਪ ਚੋਣ ਲਈ ਸੁਨੀਲ ਜਾਖੜ ਦੇ ਨਾਂ 'ਤੇ ਹਲਕੇ ਦੇ ਹਰੇਕ ਵਰਕਰ ਤੋਂ 20-20 ਹਜ਼ਾਰ ਰੁਪਏ ਇਕੱਠੇ ਕੀਤੇ ਹਨ। ਇਸ ਸੰਬੰਧ ਵਿਚ ਸੋਸ਼ਲ ਐਕਟੀਵਿਸਟ ਹਰਜਿੰਦਰ ਕੌਰ ਨਿਵਾਸੀ ਪਿੰਡ ਹਵਾਸ (ਸਾਹਨੇਵਾਲ) ਨੇ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ, ਡੀ. ਸੀ. ਪ੍ਰਦੀਪ ਅਗਰਵਾਲ ਕੋਲ ਸ਼ਿਕਾਇਤ ਦਰਜ ਕਰਵਾਈ ਹੈ।  ਹਰਜਿੰਦਰ ਕੌਰ ਨੇ ਬਿੱਟੀ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਨਾਲ ਹੀ ਹਰਜਿੰਦਰ ਕੌਰ ਨੇ ਪਾਰਟੀ ਹਾਈ ਕਮਾਨ ਨੂੰ ਵੀ ਲਿਖਿਆ ਹੈ ਕਿ ਬਿੱਟੀ ਤੋਂ ਪੁੱਛਗਿਛ ਕੀਤੀ ਜਾਵੇ ਕਿ ਉਹ ਵਰਕਰਾਂ ਤੋਂ ਪੈਸੇ ਕਿਵੇਂ ਵਸੂਲ ਕਰ ਰਹੀ ਸੀ।
ਵਰਣਨਯੋਗ ਹੈ ਕਿ ਸਤਿੰਦਰ ਬਿੱਟੀ ਨੇ ਸਾਹਨੇਵਾਲ ਵਿਧਾਨ ਸਭਾ ਹਲਕੇ ਤੋਂ ਇਸ ਵਰ੍ਹੇ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਸੀ ਅਤੇ ਬਿੱਟੀ ਇਸ ਚੋਣ ਵਿਚ ਹਾਰ ਗਈ ਸੀ। ਹੁਣ ਬਤੌਰ ਹਲਕਾ ਇੰਚਾਰਜ ਬਿੱਟੀ ਇਲਾਕੇ ਵਿਚ ਵਰਕਰਾਂ ਉਤੇ ਆਪਣਾ ਦਬਦਬਾ ਬਣਾ ਰਹੀ ਹੈ। ਹੁਣ ਤਾਜ਼ਾ ਦੋਸ਼ ਬਿੱਟੀ 'ਤੇ ਬੇਹੱਦ ਗੰਭੀਰ ਹੈ। ਹਰਜਿੰਦਰ ਕੌਰ ਨੇ ਦੋਸ਼ ਲਾਇਆ ਕਿ ਗੁਰਦਾਸਪੁਰ ਉਪ ਚੋਣ ਵਿਚ ਕੰਪੇਨਿੰਗ ਦੇ ਲਈ ਬਿੱਟੀ ਨੇ ਜਾਖੜ ਦੇ ਨਾਂ 'ਤੇ ਹਰੇਕ ਵਰਕਰ ਤੋਂ 20-20 ਹਜ਼ਾਰ ਰੁਪਏ ਇਕੱਠੇ ਕੀਤੇ ਹਨ। ਹਰਜਿੰਦਰ ਕੌਰ ਦਾ ਕਹਿਣਾ ਹੈ ਕਿ ਸਾਰੇ ਜਾਣਦੇ ਹਨ ਕਿ ਜਾਖੜ ਇਕ ਈਮਾਨਦਾਰ ਅਕਸ ਵਾਲੇ ਨੇਤਾ ਹਨ ਅਤੇ ਉਹ ਅਜਿਹੇ ਕੋਈ ਆਦੇਸ਼ ਨਹੀਂ ਦੇ ਸਕਦੇ।
ਹਰਜਿੰਦਰ ਕੌਰ ਦਾ ਕਹਿਣਾ ਹੈ ਕਿ ਪਾਰਟੀ ਹਾਈ ਕਮਾਨ ਇਸ ਗੱਲ ਦੀ ਜਾਂਚ ਕਰੇ ਕਿ ਇਕ ਪਾਰਟੀ ਨੇਤਰੀ ਕਿਵੇਂ ਵਰਕਰਾਂ ਤੋਂ ਜਾਖੜ ਦੇ ਨਾਂ 'ਤੇ ਪੈਸਾ ਇਕੱਠਾ ਕਰਨ ਦਾ ਦਬਾਅ ਪਾ ਸਕਦੀ ਹੈ। ਹਰਜਿੰਦਰ ਕੌਰ ਦਾ ਇਹ ਵੀ ਕਹਿਦਾ ਹੈ ਕਿ ਉਸ ਨੇ ਬਿੱਟੀ ਨੂੰ ਮਾਣਹਾਨੀ ਦਾ ਲੀਗਲ ਨੋਟਿਸ ਵੀ ਭੇਜਿਆ ਹੈ। ਉਸ ਦਾ ਕਹਿਣਾ ਹੈ ਕਿ ਬਿੱਟੀ ਨੇ ਆਪਣੀ ਸਟੇਟਮੈਂਟ ਵਿਚ ਮੈਨੂੰ ਬਲੈਕਮੇਲਰ ਕਿਹਾ ਹੈ ਅਤੇ ਕੁਝ ਲੋਕਾਂ ਰਾਹੀਂ ਧਮਕੀ ਵੀ ਦਿੱਤੀ ਹੈ, ਜਿਸ ਦੇ ਕਾਰਨ ਬਿੱਟੀ ਨੂੰ ਲੀਗਲ ਨੋਟਿਸ ਭੇਜਿਆ ਗਿਆ ਹੈ। 
ਇਸ ਸੰਬੰਧ ਵਿਚ ਜਦੋਂ 'ਜਗ ਬਾਣੀ' ਨੇ ਬਿੱਟੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਕਿਸੇ ਹਰਜਿੰਦਰ ਕੌਰ ਨਾਂ ਦੀ ਲੇਡੀ ਨੂੰ ਪ੍ਰਸਨਲੀ ਨਹੀਂ ਜਾਣਦੀ। ਵਿਧਾਨ ਸਭਾ ਚੋਣ ਕੰਪੇਨ ਦੌਰਾਨ ਉਹ ਕਿਸੇ ਵਰਕਰ ਰਾਹੀਂ ਮਿਲੀ ਸੀ। ਲੋਕ ਮੇਰੇ ਬਾਰੇ ਬਿਨਾਂ ਕਿਸੇ ਸਬੂਤਾਂ ਦੇ ਬੋਲ ਰਹੇ ਹਨ। ਮੈਂ ਕਿਸੇ ਵੀ ਵਰਕਰ ਤੋਂ ਜਾਖੜ ਦੇ ਨਾਂ 'ਤੇ ਕੋਈ ਪੈਸਾ ਨਹੀਂ ਲਿਆ ਹੈ। ਮੈਂ ਆਪਣੇ ਸਿੰਗਿੰਗ ਸ਼ੋਅ ਦਾ ਦੋ ਲੱਖ ਰੁਪਏ ਲੈਂਦੀ ਹਾਂ ਅਤੇ ਮੈਨੂੰ ਕਿਸੇ ਵੀ ਵਰਕਰ ਕੋਲੋਂ 20 ਹਜ਼ਾਰ ਰੁਪਏ ਇਕੱਠੇ ਕਰਨ ਦੀ ਕੀ ਲੋੜ ਹੈ। ਇਹ ਮੇਰਾ ਅਕਸ ਖਰਾਬ ਕਰਨ ਲਈ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਐੱਸ. ਡੀ. ਐੱਮ. ਦੀ ਕੁਰਸੀ 'ਤੇ ਕਬਜ਼ਾ ਕਰਨ ਦੀ ਵੀ ਸ਼ਿਕਾਇਤ ਬਿੱਟੀ ਦੇ ਖਿਲਾਫ
ਜਲੰਧਰ : ਸੋਸ਼ਲ ਐਕਟੀਵਿਸਟ ਹਰਜਿੰਦਰ ਕੌਰ ਨੇ ਸਤਿੰਦਰ ਬਿੱਟੀ ਦੇ ਖਿਲਾਫ ਇਕ ਪੀ. ਸੀ. ਐੱਸ. ਅਫਸਰ ਦੀ ਕੁਰਸੀ 'ਤੇ ਜਬਰੀ ਬੈਠਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਹਰਜਿੰਦਰ ਕੌਰ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਬਿੱਟੀ ਨੇ ਐੱਸ. ਡੀ. ਐੱਮ. (ਈਸਟ) ਦੀ ਕੁਰਸੀ 'ਤੇ ਕਬਜ਼ਾ ਜਮਾ ਲਿਆ ਸੀ। ਇਹ ਇਕ ਪੀ. ਸੀ. ਐੱਸ. ਦੀ ਕੁਰਸੀ ਹੈ ਤੇ ਇਸ 'ਤੇ ਬੈਠਣ ਦਾ ਬਿੱਟੀ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਇਕ ਐੱਸ. ਐੱਚ. ਓ. ਦੀ ਕੁਰਸੀ 'ਤੇ ਬੈਠਣ ਉਤੇ ਰਾਧੇ ਮਾਂ ਦੇ ਖਿਲਾਫ ਕੇਸ ਦਰਜ ਕੀਤਾ ਜਾ ਸਕਦਾ ਹੈ ਤਾਂ ਫਿਰ ਬਿੱਟੀ ਦੇ ਖਿਲਾਫ ਵੀ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।
ਇਸ ਸੰਬੰਧ ਵਿਚ ਸਪੱਸ਼ਟੀਕਰਨ ਦਿੰਦੇ ਹੋਏ ਬਿੱਟੀ ਨੇ ਕਿਹਾ ਕਿ ਉਹ ਪਿਛਲੇ ਦਿਨਾਂ ਵਿਚ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਸਾਹਨੇਵਾਲ ਕਮੇਟੀ ਘਰ ਗਈ ਸੀ। ਉਹ ਕਿਸੇ ਪੀ. ਸੀ. ਐੱਸ.  ਜਾਂ ਐੱਸ. ਡੀ. ਐੱਮ. ਅਧਿਕਾਰੀ ਦਾ ਦਫਤਰ ਨਹੀਂ ਸੀ।