ਵਰਕਰ ਸਮੱਸਿਆਵਾਂ ਹੱਲ ਕਰਾਉਣ ਲਈ ਸਿੱਧੇ ਮੈਨੂੰ ਮਿਲਣ : ਸਤਵਿੰਦਰ ਬਿੱਟੀ

07/22/2017 6:20:56 AM

ਕੁਹਾੜਾ(ਸੰਦੀਪ)-ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰ ਰਹੀ ਬੀਬੀ ਸਤਵਿੰਦਰ ਕੌਰ ਬਿੱਟੀ ਨੇ ਆਪਣੇ ਖਿਲਾਫ ਉੱਠਦੇ ਗੁੰਮਰਾਹਕੁੰਨ ਪ੍ਰਚਾਰਾਂ ਨੂੰ ਬ੍ਰੇਕ ਲਾਉਂਦਿਆਂ ਕੁਹਾੜਾ ਵਿਖੇ ਕੀਤੀ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਲੋਕਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਦੇ ਹੱਲ ਲਈ ਮੁੱਖ ਦਫਤਰ ਕੂੰਮਕਲਾਂ, ਸਾਹਨੇਵਾਲ ਅਤੇ ਮੇਹਰਬਾਨ ਵਿਖੇ ਪੂਰਾ ਸਮਾਂ ਦਿੱਤਾ ਜਾ ਰਿਹਾ ਹੈ। ਕੋਈ ਵੀ ਵਿਅਕਤੀ ਆਪਣਾ ਕਿਸੇ ਵੀ ਤਰ੍ਹਾਂ ਦਾ ਨਿੱਜੀ ਜਾਂ ਸਾਂਝਾ ਕੰਮ ਕਰਵਾਉਣ ਲਈ ਮੈਨੂੰ ਸਿੱਧਾ ਮਿਲ ਸਕਦਾ ਹੈ । ਉਨ੍ਹਾਂ ਕਿਹਾ ਕਿ ਚਾਹੇ ਕੋਈ ਪਾਰਟੀ ਵਰਕਰ ਹੋਵੇ ਜਾਂ ਮੇਰਾ ਰਿਸ਼ਤੇਦਾਰ ਜੇਕਰ ਉਸ ਨੇ ਕਿਸੇ ਤੋਂ ਮੇਰੇ ਨਾਂ 'ਤੇ ਪੈਸੇ ਲਏ ਹਨ ਤਾਂ ਉਸ ਦਾ ਮੈਨੂੰ ਸਬੂਤ ਦਿੱਤਾ ਜਾਵੇ । ਸਬੰਧਿਤ ਵਿਅਕਤੀ 'ਤੇ ਪੂਰੀ ਕਾਰਵਾਈ ਕੀਤੀ ਜਾਵੇਗੀ । ਨਸ਼ਿਆਂ ਬਾਰੇ ਬੋਲਦਿਆਂ ਬੀਬੀ ਬਿੱਟੀ ਨੇ ਕਿਹਾ ਕਿ ਹਲਕੇ ਵਿਚ ਜੋ ਵੀ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ, ਉਸ ਦੀ ਰਿਪੋਰਟ ਮੈਂ ਖੁਦ ਡੀ. ਜੀ. ਪੀ. ਪੰਜਾਬ ਸੁਰੇਸ਼ ਕੁਮਾਰ ਅਰੋੜਾ ਅਤੇ ਐੱਸ. ਟੀ. ਐੱਫ. ਦੇ ਮੁਖੀ ਏ. ਡੀ. ਪੀ. ਹਰਪ੍ਰੀਤ ਸਿੰਘ ਸਿੱਧੂ ਦੇ ਧਿਆਨ ਵਿਚ ਲਿਆ ਦਿੱਤੀ ਹੈ ਅਤੇ ਜਲਦ ਹੀ ਨਸ਼ੇ ਦੇ ਸਾਰੇ ਕਾਰੋਬਾਰ 'ਤੇ ਰੋਕ ਲੱਗ ਜਾਵੇਗੀ । ਉਨ੍ਹਾਂ ਕਿਹਾ ਥਾਣਾ ਮੇਹਰਬਾਨ ਇਲਾਕੇ ਵਿਚੋਂ ਫੜੀ ਨਸ਼ੇ ਦੀ ਕਰੋੜਾਂ ਦੀ ਖੇਪ ਵੀ ਇਸੇ ਦਾ ਨਤੀਜਾ ਹੈ ।  ਇੰਟਕ ਪ੍ਰਧਾਨ ਬਾਰੇ ਉੱਠੇ ਕਈ ਸਵਾਲਾਂ ਬਾਰੇ ਬਿੱਟੀ ਦੇ ਪਤੀ ਤੇ ਸੀਨੀਅਰ ਕਾਂਗਰਸੀ ਆਗੂ ਕੁਲਰਾਜ ਸਿੰਘ ਗਰੇਵਾਲ ਨੇ ਕਿਹਾ ਕਿ ਕੋਈ ਬਾਹਰੀ ਆਗੂ ਆਪਣੇ ਆਪ ਨੂੰ ਇੰਟਕ ਦਾ ਕੌਮੀ ਪ੍ਰਧਾਨ ਆਖ ਕੇ ਹਲਕੇ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ, ਜਿਸ ਬਾਰੇ ਅਸੀਂ ਪਤਾ ਕੀਤਾ ਹੈ ਕਿ ਉਹ ਇੰਟਕ ਦਾ ਕੌਮੀ ਪ੍ਰਧਾਨ ਨਹੀਂ ਬਲਕਿ ਇਕ ਟਰੱਸਟ ਦਾ ਪ੍ਰਧਾਨ ਹੈ, ਜਿਸਦਾ ਕਾਂਗਰਸ ਨਾਲ ਕੋਈ ਵੀ ਲੈਣਾ-ਦੇਣਾ ਨਹੀਂ ਹੈ । ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਇੰਟਕ ਦੀ ਸਾਈਟ ਖੋਲ੍ਹ ਕੇ ਦੇਖ ਸਕਦਾ ਹੈ ਕਿ ਅਸਲੀ ਇੰਟਕ ਦਾ ਕੌਮੀ ਪ੍ਰਧਾਨ ਕੌਣ ਹੈ । ਇਸ ਮੌਕੇ ਰਜਿੰਦਰ ਸਿੰਘ ਧਾਂਦਲੀ, ਮਲਕੀਤ ਸਿੰਘ ਗਿੱਲ ਜੰਡਿਆਲੀ, ਸੁਖਵਿੰਦਰ ਸਿੰਘ ਸੁੱਖੀ ਝੱਜ, ਹਰਦੀਪ ਸਿੰਘ ਮੁੰਡੀਆਂ, ਇਕਬਾਲ ਸਿੰਘ ਜੰਡਿਆਲੀ, ਇੰਦਰਪਾਲ ਗਰੇਵਾਲ, ਸਤਵੰਤ ਸਿੰਘ ਗਰਚਾ, ਦਵਿੰਦਰ ਸਿੰਘ ਗਰੇਵਾਲ, ਹਰਵਿੰਦਰ ਕੁਮਾਰ ਪੱਪੀ, ਸੂਬੇਦਾਰ ਸੁਰਜੀਤ ਸਿੰਘ, ਬਲਜੀਤ ਸਿੰਘ ਸਾਹਨੇਵਾਲ ਤੇ ਹੋਰ ਹਾਜ਼ਰ ਸਨ ।  


Related News