ਸਿੱਧੂ ਦਾ ਵਸਾਇਆ ਪਿੰਡ ''ਸਿੱਧੂਪੁਰ'', ਕਦੇ ਨੀ ਹੋਈ ਪੰਚਾਇਤ ਚੋਣ

12/24/2018 12:13:07 PM

ਮਾਛੀਵਾੜਾ ਸਾਹਿਬ (ਟੱਕਰ) : ਸਥਾਨਕ ਕੁਹਾੜਾ ਰੋਡ 'ਤੇ ਸਥਿਤ ਉਦਯੋਗਿਕ ਇੰਡਸਟਰੀ ਦਾ ਕੇਂਦਰ ਪਿੰਡ ਸਿੱਧੂਪੁਰ ਜਿੱਥੇ ਅੱਜ ਤੱਕ ਕਦੇ ਵੀ ਪੰਚਾਇਤ ਚੋਣ ਨਹੀਂ ਹੋਈ ਅਤੇ ਤੀਜੀ ਵਾਰ ਇਸ ਪਿੰਡ ਨੂੰ ਹੀ ਵਸਾਉਣ ਵਾਲੇ ਸਤਵੰਤ ਸਿੰਘ ਸਿੱਧੂ ਪਿੰਡ ਦੇ ਸਰਬ ਸੰਮਤੀ ਨਾਲ ਸਰਪੰਚ ਬਣ ਗਏ ਹਨ। ਜਾਣਕਾਰੀ ਅਨੁਸਾਰ ਪਿੰਡ ਹਾੜੀਆਂ ਤੇ ਤੱਖਰਾਂ ਵਿਚਕਾਰ ਮਾਛੀਵਾੜਾ-ਕੁਹਾੜਾ ਪ੍ਰਮੁੱਖ ਸੜਕ 'ਤੇ ਆਸ-ਪਾਸ ਕਾਫ਼ੀ ਉਦਯੋਗਿਕ ਇਕਾਈਆਂ ਸਥਾਪਤ ਹੋਣ ਕਾਰਨ ਇੱਥੇ ਪ੍ਰਵਾਸੀ ਮਜ਼ਦੂਰਾਂ ਤੇ ਹੋਰ ਪੰਜਾਬੀਆਂ ਦੀ ਕਾਫ਼ੀ ਅਬਾਦੀ ਹੋ ਗਈ ਅਤੇ ਇੱਥੇ ਜਿਮੀਂਦਾਰ ਪਰਿਵਾਰ ਨਾਲ ਸਬੰਧਿਤ ਸਤਵੰਤ ਸਿੰਘ ਸਿੱਧੂ ਨੇ ਨਵਾਂ ਪਿੰਡ ਵਸਾਉਣ ਦੀ ਪ੍ਰਕਿਰਿਆ 2007 'ਚ ਸ਼ੁਰੂ ਕਰ ਦਿੱਤੀ ਅਤੇ 2008 'ਚ ਸਿੱਧੂਪੁਰ ਪਿੰਡ ਦਾ ਗਠਨ ਹੋ ਗਿਆ ਅਤੇ ਪਹਿਲੀ ਪੰਚਾਇਤ ਵੀ ਸਰਬ ਸੰਮਤੀ ਨਾਲ ਚੁਣੀ ਗਈ, ਜਿਸ ਦਾ ਸਰਪੰਚ ਸਤਵੰਤ ਸਿੰਘ ਸਿੱਧੂ ਨੂੰ ਚੁਣ ਲਿਆ ਗਿਆ।

2013 'ਚ ਇਹ ਪਿੰਡ ਦਲਿੱਤ ਔਰਤਾਂ ਲਈ ਰਾਖਵਾਂ ਕਰ ਦਿੱਤਾ ਗਿਆ ਅਤੇ ਫਿਰ ਸਤਵੰਤ ਸਿੰਘ ਸਿੱਧੂਪੁਰ ਦੇ ਯਤਨਾਂ ਸਦਕਾ ਸਰਬ ਸੰਮਤੀ ਨਾਲ ਪਿੰਡ ਦੀ ਚੋਣ ਅਤੇ ਚੁਣੀ ਗਈ ਸਰਪੰਚ ਨੇ ਆਪਣੇ ਸਾਰੇ ਅਧਿਕਾਰ ਸਤਵੰਤ ਸਿੰਘ ਸਿੱਧੂ ਨੂੰ ਦੇ ਦਿੱਤੇ ਅਤੇ ਉਕਤ ਆਗੂ ਹੀ ਪਿੰਡ ਦਾ ਵਿਕਾਸ ਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਰਿਹਾ। ਹੁਣ 2018 ਦੀਆਂ ਪੰਚਾਇਤਾਂ ਚੋਣਾਂ 'ਚ ਸਿੱਧੂਪੁਰ ਜਨਰਲ ਪੁਰਸ਼ ਲਈ ਰਾਖਵਾਂ ਰੱਖਿਆ ਗਿਆ ਅਤੇ ਪਿੰਡ ਦੇ ਲੋਕਾਂ ਨੇ ਇੱਕਜੁਟ ਹੋ ਕੇ ਫਿਰ ਸਤਵੰਤ ਸਿੰਘ ਸਿੱਧੂਪੁਰ ਨੂੰ ਸਰਬ ਸੰਮਤੀ ਨਾਲ ਸਰਪੰਚ ਚੁਣ ਲਿਆ। 
ਇਸ ਤੋਂ ਇਲਾਵਾ ਚਰਨਜੀਤ ਕੌਰ, ਸ਼ਾਂਤੀ, ਰੀਨਾ ਦੇਵੀ, ਪੀਟਰ ਪੰਚਾਇਤ ਮੈਂਬਰ ਚੁਣ ਲਏ ਗਏ। ਨਵੇਂ ਚੁਣੇ ਗਏ ਸਰਪੰਚ ਸਤਵੰਤ ਸਿੰਘ ਸਿੱਧੂ ਨੇ ਕਿਹਾ ਕਿ ਪਿੰਡ ਸਿੱਧੂਪੁਰ ਦੀ ਮੁੱਖ ਸਮੱਸਿਆ ਗੰਦੇ ਪਾਣੀ ਦੀ ਨਿਕਾਸੀ ਹੈ ਕਿਉਂਕਿ ਬੇਸ਼ੱਕ ਇਸ ਪਿੰਡ ਦੀ ਵੋਟ ਘੱਟ ਹੈ ਪਰ ਆਸ-ਪਾਸ ਇੰਡਸਟਰੀ ਹੋਣ ਕਾਰਨ ਬਾਹਰੋਂ ਆਏ ਪ੍ਰਵਾਸੀ ਮਜ਼ਦੂਰ ਕਾਫ਼ੀ ਰਹਿੰਦੇ ਹਨ ਅਤੇ ਉਨ੍ਹਾਂ ਲਈ ਰਿਹਾਇਸ਼ੀ ਕਲੌਨੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਤੋਂ ਗ੍ਰਾਂਟ ਲਿਆ ਕੇ ਗੰਦੇ ਪਾਣੀ ਦੀ ਸਮੱਸਿਆ ਪਹਿਲ ਦੇ ਅਧਾਰ 'ਤੇ ਹੱਲ ਕਰਵਾਉਣਗੇ ਅਤੇ ਜੋ ਗਲੀਆਂ ਨਾਲੀਆਂ ਦਾ ਵਿਕਾਸ ਲੋਕਾਂ ਦੀ ਮੰਗ ਅਨੁਸਾਰ ਕਰਾਇਆ ਜਾਵੇਗਾ।

Babita

This news is Content Editor Babita