ਲੀਡਰਾਂ ਦੀ ਸ਼ਹਿ ''ਤੇ ਸ਼ਹਿਰ ''ਚ ਲੱਗ ਰਿਹੈ ਸੱਟਾ

02/11/2018 7:34:21 AM

ਕਪੂਰਥਲਾ, (ਗੌਰਵ)- ਭਾਰਤ ਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਵਿਚਕਾਰ ਚੱਲ ਰਹੇ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਨੇ ਜਿਥੇ ਸੱਟਾਂ ਕਾਰੋਬਾਰੀਆਂ ਨੂੰ ਮਾਲਾਮਾਲ ਕਰ ਦਿੱਤਾ ਹੈ। ਉਥੇ ਹੀ ਇਸ ਸੱਟੇਬਾਜ਼ੀ ਨੇ ਕਈ ਪਰਿਵਾਰਾਂ ਨੂੰ ਕੰਗਾਲੀ ਦੇ ਰਸਤੇ ਧਕੇਲ ਦਿੱਤਾ ਹੈ, ਉਥੇ ਹੀ ਸ਼ਹਿਰ 'ਚ ਕੁਝ ਛੋਟੇ ਪੱਧਰ 'ਤੇ ਨੇਤਾ ਇਨ੍ਹਾਂ ਸੱਟੇਬਾਜ਼ਾਂ ਨੂੰ ਖੁੱਲ੍ਹ ਕੇ ਸ਼ਹਿ ਦੇ ਰਹੇ ਹਨ ਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪੁਲਸ ਕਾਰਵਾਈ ਨਾ ਹੋਣ ਦਾ ਭਰੋਸਾ ਵੀ ਦੇ ਰਹੇ ਹਨ, ਜਿਸ ਦੇ ਸਿੱਟੇ ਵਜੋ ਇਨ੍ਹਾਂ ਸੱਟਾ ਕਾਰੋਬਾਰੀਆਂ ਦੇ ਹੌਸਲੇ ਬੁਲੰਦੀਆਂ 'ਤੇ ਪਹੁੰਚ ਗਏ ਹਨ। 
ਦੜਾ-ਸੱਟਾ ਮਾਫੀਆ ਨਾਲ ਕਪੂਰਥਲਾ ਸ਼ਹਿਰ ਦਾ ਰਿਹੈ ਲੰਬੇ ਸਮੇਂ ਤੋਂ ਨਾਤਾ
ਕਪੂਰਥਲਾ ਸ਼ਹਿਰ 'ਚ ਦੜਾ ਸੱਟਾ ਮਾਫੀਆ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਹੈ, ਸ਼ਹਿਰ 'ਚ ਲੱਗਣ ਵਾਲੇ ਦੜੇ-ਸਟੇ ਨੇ ਜਿਥੇ ਸਮੇਂ-ਸਮੇਂ 'ਤੇ ਕਈ ਛੋਟੇ ਪੱਧਰ 'ਤੇ ਲੀਡਰਾਂ ਨੂੰ ਮਾਲਾਮਾਲ ਕਰ ਦਿੱਤਾ ਹੈ ਉਥੇ ਹੀ ਦੜਾ ਸੱਟਾ ਮਾਫੀਆ ਵਲੋਂ ਪਿਛਲੇ 15 ਸਾਲਾਂ ਤੋਂ ਕ੍ਰਿਕਟ ਮੈਚਾਂ 'ਤੇ ਸੱਟੇਬਾਜ਼ੀ ਕਰਨ ਨਾਲ ਸ਼ਹਿਰ ਦੇ ਕਈ ਪਰਿਵਾਰ ਤਬਾਹ ਹੋ ਚੁੱਕੇ ਹਨ ਤੇ ਉਹ ਆਪਣਾ ਸ਼ਹਿਰ ਛੱਡ ਕੇ ਦੂਜੇ ਸ਼ਹਿਰ ਵੱਲ ਚਲੇ ਗਏ ਹਨ। ਸੱਟਾ ਮਾਫੀਆ ਦੇ ਲੋਕ ਕਿਸੇ ਵੀ ਮੌਜੂਦਾ ਸਰਕਾਰ ਨਾਲ ਜੁੜੇ ਹੇਠਲੇ ਪੱਧਰ ਦੇ ਦਲਾਲ ਕਿਸਮ ਦੇ ਸੜਕਛਾਪ ਨੇਤਾਵਾਂ ਨਾਲ ਆਪਣੀ ਸੈਟਿੰਗ ਕਰ ਲੈਂਦੇ ਹਨ, ਉਥੇ ਹੀ ਉਹ ਕਈ ਅਮੀਰ ਘਰਾਂ ਦੇ ਲੜਕਿਆਂ ਨੂੰ ਮੈਚ ਫਿਕਸਿੰਗ ਦੀ ਖੇਡ 'ਚ ਆਪਣਾ ਸ਼ਿਕਾਰ ਬਣਾ ਲੈਂਦੇ ਹਨ ਤੇ ਪੁਲਸ ਦੀ ਕਾਰਵਾਈ ਵੀ ਇਕਾ-ਦੁਕਾ ਮਾਮਲੇ ਦਰਜ ਕਰ ਕੇ ਸ਼ਾਂਤ ਹੋ ਜਾਂਦੀ ਹੈ। ਇਸ ਕਾਰਨ ਸੱਟਾ ਮਾਫੀਆ ਦਾ ਕਾਰੋਬਾਰ ਬੁਲੰਦੀਆਂ 'ਤੇ ਪੁੱਜ ਗਿਆ ਹੈ। ਹਾਲਤ ਤਾਂ ਇਸ ਕਦਰ ਹੈਰਾਨ ਕਰਨ ਵਾਲੇ ਹੋ ਗਏ ਹਨ ਕਿ ਸ਼ਹਿਰ ਦੇ ਕਈ ਖੇਤਰਾਂ ਵਿਚ ਲਾਟਰੀ ਦੀ ਆੜ ਵਿਚ ਸੱਟੇਬਾਜ਼ੀ ਦਾ ਧੰਦਾ ਇਕ ਵੱਡਾ ਕਾਰੋਬਾਰ ਬਣ ਚੁੱਕਾ ਹੈ। 
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸਬੰਧੀ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੱਟੇ ਮਾਫੀਆ ਖਿਲਾਫ ਪੁਲਸ ਨੇ ਕਈ ਮਾਮਲੇ ਦਰਜ ਕੀਤੇ ਹਨ ਹੁਣ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ।