ਸਤਲੁਜ ਦਰਿਆ ਦਾ ਜਲ ਪੱਧਰ 49 ਹਜ਼ਾਰ 763 ਕਿਊਸਿਕ ਤੱਕ ਪਹੁੰਚਿਆ

08/12/2018 11:29:37 PM

ਰੂਪਨਗਰ, (ਕੈਲਾਸ਼)-ਰੂਪਨਗਰ ਅਤੇ ਨਾਲ ਲੱਗਦੇ ਖੇਤਰਾਂ ਵਿਚ ਹੋਈ ਭਾਰੀ ਵਰਖਾ ਕਾਰਨ ਅੱਜ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਕਾਫੀ ਵਧ ਗਿਆ। ਜਾਣਕਾਰੀ ਮੁਤਾਬਕ ਸਤਲੁਜ ਦਰਿਆ ਵਿਚ ਪਾਣੀ ਦਾ ਅੌਸਤਨ ਪੱਧਰ ਜੋ ਲੱਗਭਗ 36 ਤੋਂ ਲੈ ਕੇ 40 ਹਜ਼ਾਰ ਕਿਊਸਿਕ ਰਹਿੰਦਾ ਹੈ, ਅੱਜ ਦੁਪਹਿਰ 2 ਵਜੇ 49 ਹਜ਼ਾਰ 763 ਕਿਊਸਿਕ ਦਰਜ ਕੀਤਾ ਗਿਆ। ਇਸੇ ਤਰ੍ਹਾਂ ਦਰਿਆ ਵਿਚ ਪਾਣੀ ਦੇ ਭਾਰੀ ਮਾਤਰਾ ਵਿਚ ਆ ਜਾਣ ਕਾਰਨ ਸਤਲੁਜ ਦਰਿਆ ਤੋਂ ਨਿਕਲਦੀ ਸਰਹਿੰਦ ਨਹਿਰ ਦੇ ਸਾਰੇ 13 ਫਾਟਕ ਖੋਲ੍ਹ ਦਿੱਤੇ ਗਏ, ਜਿਸ ਨਾਲ ਸਰਹਿੰਦ ਨਹਿਰ ਵਿਚ ਪਾਣੀ ਦਾ ਪੱਧਰ ਜੋ ਅੋਸਤਨ 6500 ਕਿਊਸਿਕ ਰਹਿੰਦਾ ਹੈ, ਤੋਂ ਵਧ ਕੇ ਦੁਪਹਿਰ 2 ਵਜੇ 11100 ਕਿਊਸਿਕ ਦਰਜ ਕੀਤਾ ਗਿਆ। ਜਦਕਿ ਸਤਲੁਜ ਦਰਿਆ ਤੋਂ ਵਹਿੰਦੇ ਦਰਿਆ ਦੇ ਪਾਣੀ ਦਾ ਲੈਵਲ ਵੀ ਅੱਜ 36 ਹਜ਼ਾਰ 728 ਕਿਊਸਿਕ ਦਰਜ ਕੀਤਾ ਗਿਆ। ਉਕਤ ਸਤਲੁਜ ਦਰਿਆ ਵਿਚ ਪਾਣੀ ਦਾ ਵਹਾਅ ਲੋਕਾਂ ਵਿਚ ਡਰ ਦਾ ਮਹੌਲ ਪੈਦਾ ਕਰ ਰਿਹਾ ਸੀ ਅਤੇ ਲੋਕ ਪੁੱਲ ’ਤੇ ਖਡ਼੍ਹੇ ਹੋ ਕੇ ਸਥਿਤੀ ਨੂੰ ਜਾਂਚਣ ਲਈ ਪਹੁੰਚ ਰਹੇ ਸਨ।