ਸਰਪੰਚ ਨੇ ਪਾਈ ਵੱਡੇ-ਵੱਡੇ ਲੀਡਰਾਂ ਨੂੰ ਮਾਤ, ਚੋਣਾਂ ’ਚ ਕੀਤਾ ਵਾਅਦਾ ਇੰਝ ਕੀਤਾ ਪੂਰਾ (ਵੀਡੀਓ)

10/29/2019 11:31:59 AM

ਫਾਜ਼ਿਲਕਾ (ਸੁਨੀਲ ਨਾਗਪਾਲ) - ਚੋਣਾਂ ਦੌਰਾਨ ਆਮ ਜਨਤਾ ਨੂੰ ਸਬਜ਼ ਬਾਗ ਦਿਖਾਉਣ ਵਾਲੇ ਸਿਆਸੀ ਲੀਡਰ ਆਪਣੀ ਜਿੱਤ ਮਗਰੋਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਭੁੱਲ ਜਾਂਦੇ ਹਨ। ਜਿਹੜੇ ਸਿਆਸੀ ਲੀਡਰ ਵਾਅਦੇ ਭੁੱਲਦੇ ਨਹੀਂ, ਉਹ ਸਰਕਾਰੀ ਖਜ਼ਾਨੇ 'ਚ ਪੈਸਾ ਨਾ ਹੋਣ ਅਤੇ ਗ੍ਰਾਂਟ ਨਾ ਮਿਲਣ ਜਿਹੀਆਂ ਗੱਲਾਂ ਆਖ ਕੇ ਲੋਕਾਂ ਤੋਂ ਟਾਲਾ ਵੱਟਦੇ ਦਿਖਾਈ ਦਿੰਦੇ ਹਨ। ਕੋਈ ਸਿਆਸਤਦਾਨ ਆਪਣਾ ਵਾਅਦਾ ਪੂਰਾ ਕਰਨ ਲਈ ਆਪਣੀ ਜਾਇਦਾਦ ਗਰੀਬਾਂ 'ਚ ਵੰਡ ਦੇਵੇ, ਅਜਿਹਾ ਫਿਲਮਾਂ 'ਚ ਵੱਧ ਅਤੇ ਹਕੀਕਤ 'ਚ ਨਾ ਮਾਤਰ ਦੇਖਣ ਨੂੰ ਮਿਲਦਾ ਹੈ। ਫਾਜ਼ਿਲਕਾ ਦੇ ਹਲਕਾ ਬਲੂਆਣਾ ਦੇ ਪਿੰਡ ਢੀਂਗਾਵਾਲੀ 'ਚ ਰਹਿ ਰਹੇ ਸਰਪੰਚ ਨੇ ਇਕ ਅਜਿਹੀ ਮਿਸਾਲ ਕਾਇਮ ਕੀਤੀ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਜਾਣਕਾਰੀ ਅਨੁਸਾਰ ਇਸ ਪਿੰਡ ਦੇ ਸਰਪੰਚ ਯੋਗੇਸ਼ ਸਹਾਰਣ ਨੇ ਚੋਣਾਂ ਦੌਰਾਨ ਬੇਘਰ ਲੋਕਾਂ ਨੂੰ ਘਰ ਦੇਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਪੂਰਾ ਕਰਨ ਲਈ ਉਸ ਨੇ ਸਰਕਾਰੀ ਗ੍ਰਾਂਟ ਤੱਕ ਦੀ ਆਸ ਨਹੀਂ ਤੱਕੀ।

ਦੱਸ ਦੇਈਏ ਕਿ ਚੋਣਾਂ 'ਚ ਜਿੱਤ ਹਾਸਲ ਕਰਨ ਮਗਰੋਂ ਜਦੋਂ ਯੋਗੇਸ਼ ਨੂੰ ਸਰਕਾਰ ਵਲੋਂ ਕੋਈ ਸਹਾਇਤਾ ਨਾ ਦਿੱਤੀ ਗਈ ਤਾਂ ਉਸ ਨੇ ਆਪਣੀ ਜੱਦੀ ਜ਼ਮੀਨ 'ਚੋਂ ਪਿੰਡ ਦੇ ਲੋਕਾਂ ਨੂੰ 64 ਪਲਾਟ ਦੀਵਾਲੀ ਦੇ ਤੋਹਫੇ ਵਜੋਂ ਵੰਡ ਦਿੱਤੇ। ਸਰਪੰਚ ਦੀ ਇਸ ਦਰਿਆਦਿਲੀ ਤੋਂ ਪਿੰਡ ਦੇ ਲੋਕ ਬੇਹੱਦ ਖੁਸ਼ ਹੋ ਗਏ ਅਤੇ ਉਨ੍ਹਾਂ ਨੇ ਢੋਲ ਦੇ ਡਗੇ 'ਤੇ ਨਚ ਕੇ ਆਪਣੀ ਖੁਸ਼ੀ ਵਿਅਕਤ ਕੀਤੀ। ਪਲਾਟ ਦੇਣ 'ਤੇ ਪਿੰਡ ਦੇ ਲੋਕਾਂ ਨੇ ਸਰਪੰਚ ਦਾ ਧੰਨਵਾਦ ਕੀਤਾ। ਦੂਜੇ ਪਾਸੇ ਸਰਪੰਚ ਯੋਗੇਸ਼ ਦੇ ਭਰਾ ਨੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੋਗੇਸ਼ ਨੇ ਕਿਹਾ ਕਿ ਚੋਣਾਂ ਸਮੇਂ ਉਸ ਨੇ ਪਿੰਡ ਦੇ ਗਰੀਬ ਲੋਕਾਂ ਨਾਲ ਪਲਾਟ ਦੇਣ ਦਾ ਵਾਅਦਾ ਕੀਤਾ ਸੀ, ਜਿਸ ਸਦਕਾ ਲੋਕਾਂ ਨੇ ਉਸ 'ਤੇ ਭਰੋਸਾ ਕੀਤਾ ਅਤੇ ਉਸ ਨੂੰ ਜਿੱਤ ਦਿਵਾਈ। ਲੋਕਾਂ ਦੇ ਭਰੋਸੇ ਸਦਕਾ ਮਿਲੀ ਜਿੱਤ ਕਾਰਨ ਉਸ ਨੇ ਆਪਣਾ ਫਰਜ਼ ਪੂਰਾ ਕੀਤਾ ਹੈ। ਪਿੰਡ ਢੀਂਗਾਵਾਲੀ ਦਾ ਸਰਪੰਚ ਯੋਗੇਸ਼ ਉਨ੍ਹਾਂ ਕਰੋੜਪਤੀ ਅਤੇ ਅਰਬਪਤੀ ਸਿਆਸਤਦਾਨਾ ਲਈ ਮਿਸਾਲ ਹੈ, ਜੋ ਲੋਕਾਂ ਦੀ ਮਦਦ ਦੇ ਵਾਅਦੇ ਤਾਂ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਪੂਰਾ ਕਰਨ ਲਈ ਖਾਲੀ ਖਜ਼ਾਨੇ ਦੇ ਭਰਨ ਦਾ ਇੰਤਜ਼ਾਰ ਕਰਦੇ ਹਨ।

rajwinder kaur

This news is Content Editor rajwinder kaur