ਜਲਿਆਂਵਾਲੇ ਬਾਗ ਦੇ ਸਾਕੇ ਦਾ ਭਗਤ ਸਿੰਘ 'ਤੇ ਹੋਇਆ ਸੀ ਗਹਿਰਾ ਅਸਰ

09/28/2019 10:03:22 AM

ਜਲੰਧਰ (ਵੈਬ ਡੈਸਕ):ਜਦੋਂ ਸਰਦਾਰ ਭਗਤ ਸਿੰਘ ਵਰਗੇ ਪੁੱਤਰ ਪੈਦਾ ਹੁੰਦੇ ਹਨ ਤਾਂ ਉਹ ਆਪਣੇ ਪਰਿਵਾਰ ਦੇ ਨਾਲ-ਨਾਲ ਕੌਮ ਅਤੇ ਦੇਸ਼ ਦਾ ਨਾਂ ਇਤਿਹਾਸ ਦੇ ਪੰਨਿਆਂ 'ਤੇ ਸੁਨਿਹਰੀ ਅੱਖਰਾਂ 'ਚ ਲਿੱਖ ਜਾਂਦੇ ਹਨ। ਕੱਲ੍ਹ ਯਾਨੀ ਸ਼ਨੀਵਾਰ ਨੂੰ ਸਰਦਾਰ ਭਗਤ ਸਿੰਘ ਦਾ 112ਵਾਂ ਜਨਮਦਿਨ ਹੈ। ਸਰਦਾਰ ਭਗਤ ਸਿੰਘ ਦਾ ਜਨਮ ਜੱਟ ਸਿੰਘ ਸੰਧੂ ਪਰਿਵਾਰ ਪਿਤਾ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਦੀ ਕੁੱਖੋਂ 28 ਸਤੰਬਰ 1907 ਨੂੰ ਚੱਕ ਨੰਬਰ 105 ਪਿੰਡ ਬੰਗਾ ਤਹਿਸੀਲ ਜੜਵਾਲਾਂ ਜ਼ਿਲਾਂ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ। ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ ਨਵਾਂ ਸ਼ਹਿਰ (ਪੰਜਾਬ) 'ਚ ਸਥਿਤ ਹੈ। ਨਵਾਸ਼ਹਿਰ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖ ਦਿੱਤਾ। ਸਰਦਾਰ ਭਗਤ ਸਿੰਘ ਨੂੰ ਆਜ਼ਾਦੀ ਦੀ ਗੁੜਤੀ ਪਰਿਵਾਰ ਵਲੋਂ ਹੀ ਮਿਲੀ ਸੀ। ਆਪ ਦੇ ਦਾਦਾ ਜੀ ਸਰਦਾਰ ਅਰਜਨ ਸਿੰਘ ਇਕ ਵਾਹੀਕਾਰ ਦੇ ਨਾਲ-ਨਾਲ ਯੂਨਾਨੀ ਹਿੰਮਤ ਦੇ ਮਾਹਰ ਸਨ। ਸਰਦਾਰ ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਬਹੁਤ ਵੱਡੇ ਸਮਾਜ ਸੇਵਕ ਸਨ।

ਜਲ੍ਹਿਆਂ ਵਾਲਾ ਬਾਗ: 1919 ਈ. 'ਚ ਜਲਿਆਂ ਵਾਲਾ ਬਾਗ ਦੇ ਖੂਨੀ ਸਾਕੇ ਦਾ ਸਰਦਾਰ ਭਗਤ ਸਿੰਘ ਦੇ ਮਨ ਤੇ ਬਹੁਤ ਡੂੰਘਾ ਅਸਰ ਪਿਆ। ਉਹ ਇਸ ਘਟਨਾ ਤੋਂ ਦੂਜੇ ਦਿਨ ਜਲਿਆਂ ਵਾਲੇ ਬਾਗ ਅੰਮ੍ਰਿਤਸਰ ਗਏ ਅਤੇ ਖੂਨ ਨਾਲ ਭਿੱਜੀ ਮਿੱਟੀ ਲੈ ਕੇ ਵਾਪਸ ਆ ਗਏ ।ਇਸ ਘਟਨਾ ਨੇ ਉਨ੍ਹਾਂ ਦੇ ਮਨ 'ਚ ਅੰਗਰੇਜ਼ਾਂ ਦੇ ਪ੍ਰਤੀ ਨਫਰਤ ਭਰ ਦਿੱਤੀ। ਫਰਵਰੀ 1921 ਨੂੰ ਨਨਕਾਣਾ ਸਾਹਿਬ ਗੁਰਦੁਆਰੇ ਦੇ ਮੋਰਚੇ ਨੇ ਭਗਤ ਸਿੰਘ ਦੇ ਮਨ ਤੇ ਡੂੰਘੀ ਛਾਪ ਛੱਡੀ।ਉਹ ਆਪਣੇ ਪਿੰਡ 'ਚੋਂ ਲੰਘਦੇ ਜਾਂਦੇ ਅੰਦੋਲਨਕਾਰੀਆਂ ਨੂੰ ਲੰਗਰ ਛਕਾਇਆ ਕਰਦੇ ਸਨ। 1921 'ਚ ਭਗਤ ਸਿੰਘ ਨੇ ਆਪਣੀ ਦਸਵੀਂ ਕਲਾਸ ਦੀ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ ਅਤੇ ਨਾ-ਮਿਲਵਰਤਣ ਲਹਿਰ 'ਚ ਸਰਗਰਮ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਸੰਨ 1921-1922 ਈ. 'ਚ ਲਾਹੌਰ ਵਿਖੇ ਦੇਸ਼ ਭਗਤਾਂ ਵਲੋਂ ਨੈਸ਼ਨਲ ਕਾਲਜ ਬਣਾਇਆ ਗਿਆ, ਜਿਸ 'ਚ ਭਗਤ ਸਿੰਘ ਨੂੰ ਇੱਕ ਕਠਿਨ ਪ੍ਰੀਖਿਆ ਪਾਸ ਕਰਕੇ ਕਾਲਜ ਦੇ ਪਹਿਲੇ ਸਾਲ 'ਚ ਦਾਖਲਾ ਮਿਲ ਗਿਆ। ਇੱਥੇ ਜੈਦੇਵ ਗੁਪਤਾ ਅਤੇ ਸੁਖਦੇਵ ਉਨ੍ਹਾਂ ਦੀ ਕਲਾਸ 'ਚ ਪੜ੍ਹਦੇ ਸਨ। ਭਗਤ ਸਿੰਘ ਦਾ ਸੁਖਦੇਵ ਨਾਲ ਕਾਲਜ ਦਾ ਇਹ ਸਾਥ ਫਾਂਸੀ ਦੇ ਤਖਤੇ ਤੱਕ ਗਿਆ। ਅਜਿਹੀ ਦੋਸਤੀ ਸ਼ਾਇਦ ਹੀ ਕਿਸੇ ਨੇ ਅੱਜ ਤੱਕ ਨਿਭਾਈ ਹੋਵੇ। ਕਾਲਜ 'ਚ ਪੜ੍ਹਾਈ ਦੇ ਦੌਰਾਨ ਉਨ੍ਹਾਂ ਨੇ ਕਾਲਜ ਦੇ ਨੈਸ਼ਨਲ ਨਾਟਕ ਕਲੱਬ ਦੇ ਅੰਤਰਗਤ ਇਨਕਲਾਬੀ ਡਰਾਮੇ ਖੇਡੇ। ਸੋਹਣੀ ਸ਼ਕਲ ਸੂਰਤ ਅਤੇ ਸੁਰੀਲੀ ਅਵਾਜ਼ ਦੀ ਬਦੌਲਤ ਭਗਤ ਸਿੰਘ ਨੇ ਬਹੁਤ ਸਾਰੇ ਨਾਟਕਾਂ 'ਚ ਨਾਇਕ ਦੀ ਭੂਮਿਕਾ ਨਿਭਾਉਂਦੇ ਹੋਏ ਇਨਕਲਾਬੀ ਗੀਤ ਗਾਏ। ਅੰਗਰੇਜ਼ ਸਰਕਾਰ ਦੁਆਰਾ ਇਸ ਕਲੱਬ 'ਤੇ ਇਨਕਲਾਬੀ ਨਾਟਕ ਖੇਡਣ ਕਾਰਨ ਪਾਬੰਦੀ ਲਗਾ ਦਿੱਤੀ ਗਈ। 1923 'ਚ ਪੰਜਾਬ ਹਿੰਦੀ ਸਾਹਿਤ ਸੰਮੇਲਨ ਵੱਲੋਂ ਕਰਵਾਏ ਲੇਖ ਮੁਕਾਬਲੇ 'ਚ ਸਰਦਾਰ ਭਗਤ ਸਿੰਘ ਨੂੰ ਪਹਿਲਾਂ ਇਨਾਮ ਮਿਲਿਆ। ਭਗਤ ਸਿੰਘ ਦੀ ਦਾਦੀ ਭਗਤ ਸਿੰਘ ਨੂੰ ਭਾਗਾਂਵਾਲਾ ਕਹਿ ਕੇ ਬੁਲਾਉਂਦੀ ਸੀ।

ਸਿਰਕੱਢ ਕ੍ਰਾਂਤੀਕਾਰੀ: 13 ਮਾਰਚ 1926 ਈ : ਨੂੰ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਮਿਲ ਕੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ, ਜੋ ਕਿ ਇਨਕਲਾਬੀ ਗਤੀਵਿਧੀਆਂ ਲਈ ਇਕ ਖੁੱਲ੍ਹਾ ਮੰਚ ਸੀ। ਇਸ ਸਭਾ 'ਚ ਭਗਤ ਸਿੰਘ ਨੇ ਜਨਰਲ ਸਕੱਤਰ ਦੀ ਭੂਮਿਕਾ ਨਿਭਾਈ। ਇਸ ਸਭਾ ਦੀ ਪਹਿਲੀ ਕਾਨਫਰੰਸ 11-12-13 ਅਪ੍ਰੈਲ 1928 ਨੂੰ ਹੋਈ। 1927 'ਚ ਕਾਕੋਰੀ ਕਾਂਡ ਰੇਲ ਗੱਡੀ ਡਾਕੇ ਦੇ ਸਬੰਧ 'ਚ ਸਰਦਾਰ ਭਗਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਲਾਹੌਰ 'ਚ ਦੁਸਹਿਰੇ ਮੌਕੇ ਹੋਏ ਬੰਬ ਧਮਾਕੇ ਦਾ ਵੀ ਦੋਸ਼ ਉਨ੍ਹਾਂ ਦੇ ਸਿਰ 'ਤੇ ਮੜ ਦਿੱਤਾ ਗਿਆ। 60 ਹਜ਼ਾਰ ਰੁਪਏ ਜ਼ਮਾਨਤ ਅਤੇ ਚੰਗੇ ਚਾਲ–ਚਲਣ ਕਾਰਨ ਸਰਦਾਰ ਭਗਤ ਸਿੰਘ ਨੂੰ ਰਿਹਾਅ ਕਰ ਦਿੱਤਾ ਗਿਆ ਸੀ।ਸਰਦਾਰ ਭਗਤ ਸਿੰਘ ਜਿੱਥੇ ਇਕ ਸਿਰਕੱਢ ਕ੍ਰਾਂਤੀਕਾਰੀ ਸਨ ਉੱਥੇ ਉੱਘੇ ਵਿਦਵਾਨ ਵੀ ਸਨ। ਉਨ੍ਹਾਂ ਨੇ ਇੰਨੀ ਛੋਟੀ ਉਮਰ 'ਚ ਬਹੁਤ ਵੱਡੀਆਂ ਪੁਲਾਘਾਂ ਭਰੀਆਂ। ਸਰਦਾਰ ਭਗਤ ਸਿੰਘ ਨੇ ਵਿਦੇਸ਼ੀ ਅਜ਼ਾਦੀ ਘੁਲਾਟੀਆਂ ਦੀਆਂ ਸਵੈ-ਜੀਵਨੀਆਂ ਦਾ ਭਾਰਤੀ ਭਾਸ਼ਾ 'ਚ ਅਨੁਵਾਦ ਕਰਨ ਦੇ ਨਾਲ-ਨਾਲ ਖੁਦ ਵੀ ਕਿਤਾਬਾਂ ਅਤੇ ਪਰਚੇ ਲਿਖੇ। ਉਸਨੂੰ ਕਿਤਾਬਾਂ ਪੜ੍ਹਨ ਦਾ ਸ਼ੌਕਜਾਨੂੰਨੀ ਹੱਦ ਤੱਕ ਸੀ। ਉਹ ਆਪਣੇ ਨਾਲ ਹਰ ਵੇਲੇ ਕਿਤਾਬ ਅਤੇ ਪਿਸਤੌਲ ਰੱਖਦੇ ਸਨ।

ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ: 30 ਅਕਤੂਬਰ 1928 ਈ: ਨੂੰ ਸਾਈਮਨ ਕਮਿਸ਼ਨ ਲਾਹੌਰ ਪਹੁੰਚਿਆ। ਇਸ ਕਮਿਸ਼ਨ ਦੇ ਖਿਲਾਫ ਨੌਜਵਾਨ ਭਾਰਤ ਸਭਾ ਨੇ ਜਲੂਸ ਕੱਢਿਆ ਅਤੇ ਸਾਈਮਨ ਕਮਿਸ਼ਨ ਗੋਅ ਬੈਕ ਦੇ ਨਾਅਰੇ ਲਗਾਏ। ਜਿਸ ਜਲੂਸ 'ਚ ਭਗਤ ਸਿੰਘ ਨੇ ਵੀ ਹਿੱਸਾ ਲਿਆ। ਪੁਲਸ ਦੇ ਰੋਕਣ ਦੇ ਬਾਵਜੂਦ ਜਲੂਸ ਅੱਗੇ ਵਧਦਾ ਗਿਆ, ਜਿਸ ਨੂੰ ਰੋਕਣ ਲਈ ਅੰਗਰੇਜ਼ ਹਕੂਮਕ ਨੇ ਲਾਠੀ ਚਾਰਜ ਕੀਤਾ ਜਿਸ ਕਰਕੇ ਲਾਲਾ ਲਾਜਪਤ ਰਾਏ ਦੇ ਸਿਰ 'ਚ ਗਹਿਰੀ ਸੱਟ ਲੱਗਣ ਕਾਰਨ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਇਨਕਲਾਬੀਆਂ ਨੇ ਇਕ ਯੋਜਨਾ ਬਣਾਈ ਜਿਸ ਦੇ ਅੰਤਰਗਤ ਸਕਾਟ ਨੂੰ ਗੋਲੀ ਮਾਰਨੀ ਸੀ। ਮੌਕੇ 'ਤੇ ਸਕਾਟ ਦੀ ਥਾਂ ਪੁਲਸ ਮੁੱਖੀ ਜੇ.ਪੀ. ਸਾਂਡਰਸ ਮੋਟਰਸਾਈਕਲ 'ਤੇ ਦਫਤਰ ਤੋਂ ਬਾਹਰ ਆ ਗਿਆ ਅਤੇ ਕ੍ਰਾਂਤੀਕਾਰੀਆਂ ਦੀ ਗੋਲੀ ਦਾ ਨਿਸ਼ਾਨਾ ਬਣ ਗਿਆ। ਇਸ ਤਰ੍ਹਾਂ ਕ੍ਰਾਂਤੀਕਾਰੀਆਂ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲੈ ਲਿਆ।

Shyna

This news is Content Editor Shyna