ਸਰਬੱਤ ਖਾਲਸਾ ''ਤੇ ਸਰਕਾਰ ਸਖਤ, ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਸਾਥੀਆਂ ਸਮੇਤ ਲਿਆ ਹਿਰਾਸਤ ''ਚ

12/06/2016 3:26:34 PM

ਬਠਿੰਡਾ— ਗਰਮ ਖਿਆਲੀ ਜਥੇਬੰਦੀਆਂ ਵਲੋਂ 8 ਦਸੰਬਰ ਨੂੰ ਬਠਿੰਡਾ ਦੇ ਤਲਵੰਡੀ ਸਾਬੋ ''ਚ ਕਰਵਾਏ ਜਾ ਰਹੇ ਸਰਬੱਤ ਖਾਲਸਾ ''ਤੇ ਪੰਜਾਬ ਸਰਕਾਰ ਵਲੋਂ ਮੁੜ ਸਖਤੀ ਕਰ ਦਿੱਤੀ ਗਈ ਹੈ। ਜਿਸ ਦੇ ਚੱਲਦੇ ਮੰਗਲਵਾਰ ਨੂੰ ਪੁਲਸ ਵਲੋਂ ਸਥਾਨਕ ਮੰਡੀ ਚੌਂਕ ''ਚੋਂ ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਉਨ੍ਹਾਂ ਦੇ ਚਾਰ ਸਾਥੀਆਂ ਨੂੰ ਹਿਰਾਸਤ ''ਚ ਲੈ ਲਿਆ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਨੇ ਭਾਈ ਗੁਰਦੀਪ ਸਿੰਘ ਨੂੰ ਸਾਥੀਆਂ ਸਮੇਤ ਮੌੜ ਮੰਡੀ ਦੇ ਪੁਲਸ ਥਾਣੇ ''ਚ ਭੇਜ ਦਿੱਤਾ ਹੈ।  ਦੂਜੇ ਪਾਸੇ ਹਾਈਕੋਰਟ ਦੇ ਹੁਕਮ ''ਤੇ ਡੀ. ਸੀ. ਬਠਿੰਡਾ ਨੂੰ ਪੱਤਰ ਸੌਂਪਣ ਗਏ ਚਮਕੌਰ ਸਿੰਘ ਭਾਈਰੂਪਾ ਅਤੇ ਬਾਬਾ ਸੁਖਦੇਵ ਸਿੰਘ ਜੋਗਾਨੰਦਾ ਜ਼ਿਲਾ ਪ੍ਰਧਾਨ  ਯੂਨਾਈਟਿਡ ਅਕਾਲੀ ਦਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਰਬੱਤ ਖਾਲਸਾ 8 ਨਵੰਬਰ ਨੂੰ ਹੋਣਾ ਸੀ ਪਰ ਪੰਜਾਬ ਸਰਕਾਰ ਵਲੋਂ ਅਮਨ ਕਾਨੂੰਨ ਦਾ ਹਵਾਲਾ ਦੇ ਕੇ ਇਸ ''ਤੇ ਰੋਕ ਲਗਾ ਦਿੱਤੀ ਗਈ। ਹੁਣ ਗਰਮ ਖਿਆਲੀ ਜੱਥੇਬੰਦੀਆਂ ਵਲੋਂ 8 ਦਸੰਬਰ ਨੂੰ ਤਲਵੰਡੀ ਸਾਬੋ ਵਿਖੇ ਸਰਬੱਤ ਖਾਲਸਾ ਕਰਨ ਦਾ ਐਲਾਨ ਕੀਤਾ ਗਿਆ ਹੈ। ਇੰਨਾ ਹੀ ਨਹੀਂ ਸਰਕਾਰ ਵਲੋਂ ਸਰਬੱਤ ਖਾਲਸਾ ਰੋਕਣ ਦੇ ਲੱਖ ਯਤਨਾਂ ਦੇ ਬਾਵਜੂਦ ਵੀ ਸਰਬੱਤ ਖਾਲਸਾ ਪ੍ਰਬੰਧਕਾਂ ਵਲੋਂ ਬੁੱਧਵਾਰ ਨੂੰ ਸਰਬੱਤ ਖਾਲਸਾ ਵਾਲੀ ਜਗ੍ਹਾ ''ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਕੇ ਸਮਾਗਮ ਦਾ ਆਗਾਜ਼ ਕਰ ਦਿੱਤਾ ਗਿਆ ਹੈ।

Gurminder Singh

This news is Content Editor Gurminder Singh