ਸਰਬੱਤ ਦਾ ਭਲਾ ਟਰੱਸਟ ਨੇ ਇਕ ਹਜ਼ਾਰ ਪੀ. ਪੀ. ਕਿੱਟਾਂ ਤੇ ਹੋਰ ਸਾਮਾਨ ਵੱਖ-ਵੱਖ ਜ਼ਿਲਿਆਂ ''ਚ ਭੇਜਿਆ

04/13/2020 8:23:36 PM

ਪਟਿਆਲਾ, (ਰਾਜੇਸ਼)- ਮਿੰਨੀ ਸਰਕਾਰ ਦੀ ਤਰ੍ਹਾਂ ਕੰਮ ਕਰ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ 'ਕੋਰੋਨਾ' ਸੰਕਟ ਦੇ ਦੌਰ ਵਿਚ ਸਰਕਾਰੀ ਹਸਪਤਾਲਾਂ 'ਚ ਕੰਮ ਕਰਦੇ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ ਨੂੰ ਸਹੂਲਤਾਂ ਦੇਣ ਦਾ ਜੋ ਬੀੜਾ ਚੁੱਕਿਆ ਸੀ, ਉਸ ਦੀ ਪਹਿਲੀ ਖੇਪ ਵੱਖ-ਵੱਖ ਜ਼ਿਲਿਆਂ ਵਿਚ ਭੇਜ ਦਿੱਤੀ ਗਈ ਹੈ। ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ. ਪੀ. ਸਿੰਘ ਓਬਰਾਏ ਨੇ ਖਾਲਸਾ ਸਾਜਨਾ ਦਿਵਸ ਮੌਕੇ ਪੀ. ਜੀ. ਆਈ. ਤੋਂ ਇਲਾਵਾ ਜਲੰਧਰ, ਨਵਾਂਸ਼ਹਿਰ, ਫਗਵਾੜਾ ਅਤੇ ਹੁਸ਼ਿਆਰਪੁਰ ਪ੍ਰਸ਼ਾਸਨ ਨੂੰ ਵੱਡੀ ਗਿਣਤੀ 'ਚ ਪੀ. ਪੀ. ਈ. ਕਿੱਟਾਂ, ਐੱਨ-95 ਮਾਸਕ ਅਤੇ ਟ੍ਰਿਪਲ ਲੇਅਰ ਸਰਜੀਕਲ ਮਾਸਕ ਭੇਜੇ ਹਨ। 'ਕੋਰੋਨਾ ਵਾਇਰਸ' ਤੋਂ ਲੋਕਾਂ ਨੂੰ ਬਚਾਉਣ ਲਈ ਜੂਝ ਰਹੇ ਇਨ੍ਹਾਂ ਜ਼ਿਲਿਆਂ ਦੇ ਸਿਹਤ, ਸਿਵਲ ਅਤੇ ਪੁਲਸ ਪ੍ਰਸ਼ਾਸਨ ਨੂੰ ਵੱਡੀ ਰਾਹਤ ਮਿਲੇਗੀ। ਅੱਜ ਡਾ. ਐੱਸ. ਪੀ. ਸਿੰਘ ਓਬਰਾਏ ਦਾ ਜਨਮ-ਦਿਨ ਵੀ ਹੈ।
ਡਾ. ਓਬਰਾਏ ਨੇ ਪਹਿਲੇ ਪੜਾਅ ਤਹਿਤ ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ, ਫਗਵਾੜਾ, ਕਪੂਰਥਲਾ ਅਤੇ ਟਾਂਡਾ ਦੇ ਪ੍ਰਸ਼ਾਸਨ ਨੂੰ ਮੰਗ ਅਨੁਸਾਰ 1000 ਪੀ. ਪੀ. ਈ. ਕਿੱਟਾਂ, 1000 ਐੱਨ-95 ਮਾਸਕ, 5000 ਧੋਣ ਉਪਰੰਤ ਮੁੜ ਵਰਤੋਂ 'ਚ ਆਉਣ ਵਾਲੇ ਸਰਜੀਕਲ ਟ੍ਰਿਪਲ ਲੇਅਰ ਭੇਜੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਹ ਖੁਸ਼ੀ ਮਹਿਸੂਸ ਹੋਈ ਕਿ ਉਹ ਆਪਣੇ ਜਨਮ-ਦਿਨ ਮੌਕੇ ਵੀ ਲੋਕਾਂ ਦੀ ਸੇਵਾ ਕਰ ਰਹੇ ਹਨ। ਟਰੱਸਟ ਵੱਲੋਂ ਭੇਜਿਆ ਗਿਆ ਇਹ ਸਾਮਾਨ ਸਬੰਧਤ ਜ਼ਿਲਿਆਂ ਦੇ ਸਿਵਲ ਪ੍ਰਸ਼ਾਸਨ ਵੱਲੋਂ ਆਪਣੇ ਖੇਤਰ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਅਤੇ ਕਰਫਿਊ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਕੰਮ ਕਰ ਰਹੇ ਪੁਲਸ ਕਰਮਚਾਰੀਆਂ ਨੂੰ ਲੋੜ ਅਨੁਸਾਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਪੀ. ਜੀ. ਆਈ. ਚੰਡੀਗੜ੍ਹ ਦੇ ਕਾਰਡੀਓ ਵਿੰਗ ਦੇ ਮੁਖੀ ਡਾ. ਯਸ਼ਪਾਲ ਦੀ ਮੰਗ 'ਤੇ ਉਨ੍ਹਾਂ ਨੂੰ ਵੀ ਲੋੜੀਂਦਾ ਸਾਮਾਨ ਟਰੱਸਟ ਵੱਲੋਂ ਭੇਜ ਦਿੱਤਾ ਗਿਆ ਹੈ। ਬਾਕੀ ਰਹਿੰਦੇ ਜ਼ਿਲਿਆਂ ਅੰਦਰ ਵੀ ਲੋੜੀਂਦਾ ਸਾਮਾਨ ਜਲਦ ਪਹੁੰਚ ਜਾਵੇਗਾ।
ਡਾ. ਓਬਰਾਏ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਨਾਲ ਪੈਦਾ ਹੋਏ ਹਾਲਾਤ ਨੂੰ ਵੇਖਦਿਆਂ ਆਪਣੇ ਟਰੱਸਟ ਦੇ ਬਜਟ ਵਿਚ ਵਾਧਾ ਕਰਦਿਆਂ ਵੱਡੀ ਰਕਮ ਸਿਹਤ ਅਤੇ ਪੁਲਸ ਕਰਮਚਾਰੀਆਂ ਲਈ ਲੋੜੀਂਦਾ ਸਾਮਾਨ ਮੁਹੱਈਆ ਕਰਾਉਣ ਤੋਂ ਇਲਾਵਾ ਕਰਫਿਊ ਕਾਰਣ ਬੇਰੋਜ਼ਗਾਰ ਹੋਏ ਦਿਹਾੜੀਦਾਰ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਦੇਣ ਲਈ ਖਰਚ ਕੀਤੀ ਜਾ ਰਹੀ ਹੈ।

Bharat Thapa

This news is Content Editor Bharat Thapa