ਸ਼ਹਿਰੀ ਇਲਾਕਿਆਂ ''ਚ ਚੌਧਰੀ ਅਤੇ ਪੇਂਡੂ ਇਲਾਕਿਆਂ ''ਚ ਅਟਵਾਲ ਦਾ ਜ਼ੋਰ ਰਿਹਾ

05/21/2019 1:22:39 PM

ਜਲੰਧਰ (ਖੇਮਕਰਨੀ) : ਜਲੰਧਰ ਲੋਕ ਸਭਾ ਦੇ 9 ਵਿਧਾਨ ਸਭਾ ਖੇਤਰਾਂ 'ਚ ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ। ਇਨ੍ਹਾਂ 'ਚੋਂ ਵੋਟ ਫੀਸਦੀ ਕੁਝ ਚੁਣੇ ਹੋਏ ਬੂਥਾਂ 'ਤੇ 60 ਫੀਸਦੀ ਤੋਂ ਲੈ ਕੇ 71 ਫੀਸਦੀ ਤਕ ਰਜਿਸਟਰਡ ਕੀਤੀਆਂ ਗਈਆਂ। ਵੱਖ-ਵੱਖ ਬੂਥਾਂ 'ਤੇ ਵੱਖਰੀ ਰੰਗਤ ਦੀ ਵੋਟਿੰਗ ਵੀ ਦੇਖੀ ਗਈ। ਚੌਧਰੀ ਸੰਤੋਖ ਸਿੰਘ ਨੂੰ ਇਸ ਵਾਰ ਵਾਲਮੀਕਿ ਭਾਈਚਾਰੇ ਦੀਆਂ ਵੋਟਾਂ ਜ਼ਿਆਦਾ ਪਈਆਂ ਹਾਲਾਂਕਿ ਪਿਛਲੀਆਂ ਲੋਕ ਸਭਾ ਚੋਣਾਂ 'ਚ 'ਆਪ' ਦੀ ਮਹਿਲਾ ਉਮੀਦਵਾਰ ਜੋਤੀ ਮਾਨ ਨੇ ਢਾਈ ਲੱਖ ਵੋਟਾਂ ਲੈ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਪਰ ਇਸ ਵਾਰ ਵਾਲਮੀਕਿ ਸਮਾਜ ਨੇ ਵੱਡੀ ਗਿਣਤੀ 'ਚ ਆਪਣੀਆਂ ਵੋਟਾਂ ਚੌਧਰੀ ਸੰਤੋਖ ਸਿੰਘ ਨੂੰ ਪਾਈਆਂ। ਪਹਿਲਾਂ ਇਹ ਸਮਝਿਆ ਜਾਂਦਾ ਸੀ ਕਿ ਅਕਾਲੀ ਉਮੀਦਵਾਰ ਚਰਨਜੀਤ ਸਿੰਘ ਅਟਵਾਲ, ਜੋ ਖੁਦ ਵਾਲਮੀਕਿ ਵਰਗ ਤੋਂ ਹਨ, ਨੂੰ ਜ਼ਰੂਰ ਵੋਟ ਦੇਣਗੇ ਪਰ ਇਹ ਧਾਰਨਾ ਗਲਤ ਸਿੱਧ ਹੋਈ ਜਦਕਿ ਵਾਲਮੀਕਿ ਵਰਗ ਦੇ ਨੇਤਾਵਾਂ ਨੇ ਇਹ ਸਿਆਸੀ ਪੈਂਤੜਾ ਅਪਣਾਇਆ ਕਿ ਅਟਵਾਲ ਬਿਰਾਦਰੀ ਵਿਚ ਵਾਲਮੀਕਿ ਜ਼ਰੂਰ ਹਨ ਪਰ ਉਨ੍ਹਾਂ ਨੂੰ ਦਿੱਤੀ ਹਰ ਵੋਟ ਮੋਦੀ ਦੇ ਪੱਖ ਵਿਚ ਜਾਵੇਗੀ। 
ਅਟਵਾਲ ਅਕਾਲੀ ਦਲ ਦੇ ਉਮੀਦਵਾਰ ਹਨ ਅਤੇ ਅਕਾਲੀ ਦਲ-ਭਾਜਪਾ ਗਠਜੋੜ 'ਚ ਸ਼ਾਮਲ ਹਨ। ਕਈ ਜਗ੍ਹਾ 'ਤੇ ਬਸਪਾ ਦੇ ਉਮੀਦਵਾਰ ਦੇ ਹੱਕ 'ਚ ਕਾਫੀ ਵੋਟਾਂ ਦੇਖੀਆਂ ਗਈਆਂ ਕਿਉਂਕਿ ਬਹੁਤ ਸਾਰੇ ਬਸਪਾ ਕੈਂਪਾਂ 'ਤੇ ਜਨਤਾ ਦੀ ਬਹੁਤ ਭੀੜ ਸੀ। ਸਿਆਸੀ ਵਿਸ਼ਲੇਸ਼ਣ ਵਜੋਂ ਬਸਪਾ ਉਮੀਦਵਾਰ ਨੂੰ ਜਿੰਨੀਆਂ ਵੀ ਵੋਟਾਂ ਮਿਲਣਗੀਆਂ, ਉਹ ਸਾਰੀਆਂ ਵੋਟਾਂ ਚੌਧਰੀ ਸੰਤੋਖ ਸਿੰਘ ਦੀਆਂ ਵੋਟਾਂ ਨੂੰ ਕੱਟਦੀਆਂ ਹਨ। ਰਿਪਬਲਿਕਨ ਉਮੀਦਵਾਰ ਪ੍ਰਕਾਸ਼ ਜੱਸਲ ਵੀ ਮੈਦਾਨ ਵਿਚ ਹਨ ਅਤੇ ਉਨ੍ਹਾਂ ਨੂੰ ਮਿਲਣ ਵਾਲੀਆਂ ਵੋਟਾਂ ਦਾ ਨੁਕਸਾਨ ਵੀ ਚੌਧਰੀ ਸੰਤੋਖ ਸਿੰਘ ਨੂੰ ਸਮਝਿਆ ਜਾਂਦਾ ਹੈ। ਜਲੰਧਰ ਲੋਕ ਸਭਾ ਖੇਤਰ ਵਿਖ ਕੁਲ 16,15,171 ਵੋਟਰ ਰਜਿਸਟਰਡ ਹਨ। 2014 ਦੀਆਂ ਲੋਕ ਸਭਾ ਚੋਣਾਂ ਵਿਚ ਕੁਲ 10,24,778 ਵੋਟਾਂ ਪਈਆਂ ਸਨ, ਜਿਨ੍ਹਾਂ ਵਿਚੋਂ 5436 ਨੋਟਾ ਸੀ। ਸ਼ਹਿਰੀ ਹਲਕਿਆਂ ਵਿਚ ਕਾਂਗਰਸ ਦਾ ਪੱਲੜਾ ਭਾਰੀ ਦਿਖਾਈ ਦਿੱਤਾ ਪਰ ਪੇਂਡੂ ਖੇਤਰਾਂ ਵਿਚ ਅਕਾਲੀ ਦਲ ਦੀ ਚੜ੍ਹਤ ਰਹੀ। ਜਲੰਧਰ ਦੇ ਪੀ. ਏ. ਪੀ. ਕੰਪਲੈਕਸ, ਭੂਰ ਮੰਡੀ, ਨੰਗਲ ਸ਼ਾਮਾ, ਜੰਡੂਸਿੰਘਾ, ਕਿਸ਼ਨਪੁਰਾ ਇਲਾਕਿਆਂ ਵਿਚ ਬੂਥਾਂ 'ਤੇ ਜਾ ਕੇ ਜੋ ਜਾਣਕਾਰੀ ਹਾਸਲ ਕੀਤੀ ਗਈ, ਉਸ ਵਿਚ ਦੇਖਿਆ ਗਿਆ ਕਿ ਵੋਟ ਪਾਉਣ ਦਾ ਨਮੂਨਾ ਵੱਖਰੀ ਰੰਗਤ ਦਿਖਾ ਰਿਹਾ ਸੀ। ਰਾਮਾ ਮੰਡੀ ਦੇ ਵਿਕਟਰ ਸਕੂਲ ਦੇ ਬੂਥ ਨੰਬਰ 113 ਵਿਚ ਅਟਵਾਲ ਦੇ ਕੈਂਪ ਵਿਚ ਭਾਰੀ ਭੀੜ ਦੇਖੀ ਗਈ।

ਪੋਲਿੰਗ ਦੀ ਰਫਤਾਰ
ਪੀ. ਏ. ਪੀ. ਕੰਪਲੈਕਸ 'ਚ 4 ਪੋਲਿੰਗ ਬੂਥ ਬਣਾਏ ਗਏ ਸਨ। ਡੇਢ ਵਜੇ ਤਕ ਬੂਥ ਨੰਬਰ 109 'ਤੇ ਕੁਲ 959 ਵੋਟਾਂ ਵਿਚੋਂ 194 ਵੋਟਾਂ ਪੋਲ ਹੋਈਆਂ ਸਨ, ਜਿਨ੍ਹਾਂ ਵਿਚੋਂ 106 ਔਰਤਾਂ ਅਤੇ 88 ਮਰਦ ਸਨ। ਬੂਥ ਨੰਬਰ 112 'ਤੇ 374 ਕੁਲ ਵੋਟਾਂ ਵਿਚੋਂ 175 ਵੋਟਾਂ ਪੋਲ ਹੋਈਆਂ ਸੀ। ਇਹ ਵੋਟਾਂ ਪੀ. ਏ. ਪੀ. ਕੰਪਲੈਕਸ ਦੇ ਅੰਦਰ ਰਹਿਣ ਵਾਲੇ ਪੁਲਸ ਕਰਮਚਾਰੀਆਂ ਦੀਆਂ ਹੀ ਹਨ। ਬੂਥ ਨੰਬਰ 111 ਵਿਚ 1102 'ਚੋਂ 480 ਵੋਟਾਂ ਪੈ ਚੁੱਕੀਆਂ ਸੀ ਜਦਕਿ ਬੂਥ 110 ਵਿਚ 489 ਵੋਟਾਂ ਵਿਚੋਂ 214 ਵੋਟਾਂ ਪੈ ਚੁੱਕੀਆਂ ਸੀ। ਰਾਮਾ ਮੰਡੀ ਇਲਾਕੇ ਦੇ ਸਕੂਲ ਵਿਚ 113 ਅਤੇ 114 ਬੂਥ ਬਣਾਏ ਗਏ ਜਿਥੇ ਸਵਾ ਦੋ ਵਜੇ ਤਕ ਦੀ ਵੋਟਿੰਗ ਵਿਚ ਕ੍ਰਮਵਾਰ 1374 ਵਿਚੋਂ 590 ਅਤੇ 1134 ਵਿਚੋਂ 439 ਵੋਟਾਂ ਪਾਈਆਂ ਜਾ ਚੁੱਕੀਆਂ ਸਨ। 3 ਵਜੇ ਜੰਡੂਸਿੰਘਾ ਕਸਬੇ ਦੇ 8 ਵਿਚੋਂ 2 ਬੂਥਾਂ ਦਾ ਸਰਵੇ ਕੀਤਾ ਗਿਆ। ਬੂਥ ਨੰਬਰ 122, 123 'ਤੇ ਬਸਪਾ ਉਮੀਦਵਾਰ ਦੇ ਕੈਂਪ 'ਤੇ ਭਾਰੀ ਭੀੜ ਸੀ। ਅਜਿਹੀ ਹੀ ਭੀੜ ਨੰਗਲ ਸ਼ਾਮਾ ਵਿਚ ਦੇਖੀ ਗਈ। ਨੰਗਲ ਸ਼ਾਮਾ ਵਿਚ 53 ਫੀਸਦੀ ਵੋਟਾਂ ਪਾਈਆਂ ਜਾ ਚੁੱਕੀਆਂ ਸੀ।

ਰਵਿਦਾਸ ਸਕੂਲ ਕਿਸ਼ਨਪੁਰਾ 'ਚ ਸਾਢੇ 3 ਵਜੇ ਬੂਥ ਨੰਬਰ 152 'ਤੇ 1234 ਵੋਟਾਂ ਵਿਚੋਂ 598 ਵੋਟਾਂ ਪਾਈਆਂ ਜਾ ਚੁੱਕੀਆਂ ਸਨ ਜਦਕਿ ਬੂਥ ਨੰਬਰ 153 'ਤੇ 1237 ਵੋਟਾਂ ਵਿਚੋਂ 565 ਵੋਟਾਂ ਅਤੇ ਬੂਥ ਨੰਬਰ 154 'ਤੇ 1040 ਵੋਟਾਂ ਵਿਚੋਂ 500 ਵੋਟਾਂ ਪਾਈਆਂ ਜਾ ਚੁੱਕੀਆਂ ਸੀ। ਜਲੰਧਰ ਦੇ ਨਹਿਰੂ ਗਾਰਡਨ ਸਕੂਲ ਵਿਚ 3 ਬੂਥਾਂ ਦਾ ਵੋਟ ਫੀਸਦੀ ਕਾਫੀ ਜ਼ਿਆਦਾ ਰਿਹਾ ਜਿਥੇ 6 ਵਜੇ ਬੂਥ ਨੰ. 51 'ਤੇ 670 ਵਿਚੋਂ 477 ਵੋਟਾਂ ਪਾਈਆਂ ਜਾ ਚੁੱਕੀਆਂ ਸੀ ਜੋ 71 ਫੀਸਦੀ ਪੋਲਿੰਗ ਬਣਦਾ ਹੈ। ਬੂਥ ਨੰ. 52 'ਤੇ 798 ਵਿਚੋਂ 500 ਵੋਟਾਂ ਪਾਈਆਂ ਜਾ ਚੁੱਕੀਆਂ ਸਨ ਅਤੇ ਇਸੇ ਤਰ੍ਹਾਂ ਬੂਥ ਨੰਬਰ 50 'ਤੇ 958 ਵਿਚੋਂ 568 ਵੋਟਾਂ ਪਾਈਆਂ ਜਾ ਚੁੱਕੀਆਂ ਸਨ, ਜੋ 59 ਫੀਸਦੀ ਬਣਦੀਆਂ ਹਨ। ਅਜੇ 15 ਮਿੰਟ ਦਾ ਸਮਾਂ ਬਾਕੀ ਸੀ। ਵੋਟਰ ਅਜੇ ਆ ਰਹੇ ਸਨ ਅਤੇ ਪੋਲਿੰਗ ਇਸ ਨਾਲੋਂ ਵਧ ਸਕਦੀ ਹੈ।.

 

Anuradha

This news is Content Editor Anuradha