ਸੰਤੋਖ ਚੌਧਰੀ ਦੇ ਪ੍ਰਚਾਰ ''ਚ ਆਂਗਣਵਾੜੀ ਵਰਕਰਾਂ ਦਾ ਹੰਗਾਮਾ (ਵੀਡੀਓ)

05/04/2019 12:47:11 PM

ਭੋਗਪੁਰ (ਸੂਰੀ)— ਬਲਾਕ ਭੋਗਪੁਰ ਦੇ ਪਿੰਡ ਬਿਨਪਾਲਕੇ ਵਿਚ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਪਿੰਡ ਦੇ ਇਕ ਚੌਕ 'ਚ ਚੋਣ ਪ੍ਰਚਾਰ ਦੌਰਾਨ ਕਾਂਗਰਸੀ ਉਮੀਦਵਾਰ ਸੰਤੋਖ ਸਿੰਘ ਚੌਧਰੀ ਅਤੇ ਹਲਕਾ ਕਰਤਾਰਪੁਰ ਦੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੂੰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਭੋਗਪੁਰ ਨੇ ਕਾਲੇ ਝੰਡੇ ਦਿਖਾਏ ਅਤੇ ਨਾਅਰੇਬਾਜ਼ੀ ਕੀਤੀ।
ਬਲਾਕ ਪ੍ਰਧਾਨ ਸਤਵੰਤ ਕੌਰ ਨੇ ਚੌਧਰੀ ਸੁਰਿੰਦਰ ਸਿੰਘ 'ਤੇ ਦੋਸ਼ ਲਗਾਇਆ ਕਿ ਬੀਤੇ ਵੀਰਵਾਰ ਬਾਅਦ ਦੁਪਹਿਰ ਸਮੇਂ ਆਪਣੀ ਯੂਨੀਅਨ ਦੀਆਂ ਸਾਥੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਨਾਲ ਵਿਧਾਇਕ ਚੌਧਰੀ ਦੇ ਨਿਵਾਸ ਪਿੰਡ ਕਾਦੀਆਂ ਵਿਚ ਵਿਧਾਇਕ ਨੂੰ ਇਕ ਮੰਗ-ਪੱਤਰ ਦੇਣ ਲਈ ਪੁੱਜੇ ਸਨ। ਜਿੱਥੇ ਦੁਪਹਿਰ ਤੋਂ ਸ਼ਾਮ ਛੇ ਵਜੇ ਤੱਕ ਵਿਧਾਇਕ ਦੇ ਘਰ ਦੇ ਬਾਹਰ ਗਲੀ 'ਚ ਬੈਠੇ ਰਹੇ ਪਰ ਉਨ੍ਹਾਂ ਤੋਂ ਮੰਗ-ਪੱਤਰ ਲੈਣ ਲਈ ਕੋਈ ਵੀ ਸਿਆਸੀ ਆਗੂ ਜਾਂ ਅਧਿਕਾਰੀ ਨਾ ਪੁੱਜਾ। ਲੰਮਾ ਸਮਾਂ ਉਡੀਕ ਕਰਨ ਤੋਂ ਬਾਅਦ ਯੂਨੀਅਨ ਦੀ ਬਲਾਕ ਭੋਗਪੁਰ ਦੀ ਪ੍ਰਧਾਨ ਸਤਵੰਤ ਕੌਰ ਦੀ ਅਗਵਾਈ ਵਿਚ ਉਨ੍ਹਾਂ ਕਾਦੀਆਂ ਪਿੰਡ ਵਿਚ ਇਕ ਰੋਸ ਰੈਲੀ ਕੱਢੀ ਜਿਸ 'ਚ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਕਰਤਾਰਪੁਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਦੇਰ ਸ਼ਾਮ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਬਿਨਾਂ ਮੰਗ-ਪੱਤਰ ਦਿੱਤੇ ਵਾਪਸ ਆਪੋ-ਆਪਣੇ ਘਰਾਂ ਨੂੰ ਪਰਤ ਗਈਆਂ। ਬੀਤੇ ਦਿਨ ਜਦੋਂ ਪਿੰਡ ਬਿਨਪਾਲਕੇ 'ਚ ਕਾਂਗਰਸ ਪਾਰਟੀ ਦੀ ਮੀਟਿੰਗ ਚੱਲ ਰਹੀ ਸੀ ਤਾਂ ਉਸ ਦੌਰਾਨ ਬਲਾਕ ਪ੍ਰਧਾਨ ਸਤਵੰਤ ਕੌਰ ਦੀ ਅਗਵਾਈ ਹੇਠ ਭਾਰੀ ਗਿਣਤੀ ਵਿਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਕਾਲੇ ਝੰਡੇ ਚੁੱਕੀ ਮੀਟਿੰਗ ਵਿਚ ਪੁੱਜ ਗਈਆਂ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਾਕ ਪ੍ਰਧਾਨ ਸਤਵੰਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਉਨ੍ਹਾਂ ਦਾ ਬਣਦਾ ਹੱਕ ਨਾ ਦਿੱਤੇ ਜਾਣ ਦੇ ਕਾਰਨ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਿਚ ਜ਼ਬਰਦਸਤ ਰੋਸ ਪਾਇਆ ਜਾ ਰਿਹਾ ਹੈ।
ਮੀਟਿੰਗ 'ਚ ਜ਼ਬਰਦਸਤ ਨਾਅਰੇਬਾਜ਼ੀ ਤੇ ਵਿਰੋਧ ਹੋਣ ਤੋਂ ਬਾਅਦ ਚੌਧਰੀ ਸੰਤੋਖ ਸਿੰਘ ਅਤੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਖ਼ੁਦ ਆ ਕੇ ਆਂਗਣਵਾੜੀ ਵਰਕਰਾਂ ਤੋਂ ਮੰਗ ਪੱਤਰ ਲਿਆ ਅਤੇ ਉਨ੍ਹਾਂ ਦੀ ਮੰਗ 'ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਬਲਾਕ ਪ੍ਰਧਾਨ ਸਤਵੰਤ ਕੌਰ ਤੋਂ ਇਲਾਵਾ ਚੰਚਲ ਕੁਮਾਰੀ, ਸਤਿੰਦਰਪਾਲ ਕੌਰ, ਸੁਖਬੀਰ ਕੌਰ, ਸੁਖਵਿੰਦਰ ਕੌਰ, ਹਰਪ੍ਰੀਤ ਕੌਰ, ਨਿਰਮਲ ਕੌਰ, ਹਰਜਿੰਦਰ ਕੌਰ, ਬਲਵਿੰਦਰ ਕੌਰ, ਅਮਰਜੀਤ ਕੌਰ, ਦਵਿੰਦਰਪਾਲ ਕੌਰ, ਹਰਜਿੰਦਰ ਕੌਰ, ਪਰਮਜੀਤ ਕੌਰ ਅਤੇ ਸਵਿਤਾ ਆਦਿ ਹਾਜ਼ਰ ਸਨ।

shivani attri

This news is Content Editor shivani attri