ਸਟਿੰਗ ਸਾਹਮਣੇ ਆਉਣ ਤੋਂ ਬਾਅਦ ਸੰਤੋਖ ਚੌਧਰੀ ਦਾ ਸਿਆਸੀ ਕਰੀਅਰ ਹਾਸ਼ੀਏ 'ਤੇ

03/20/2019 1:27:30 PM

ਜਲੰਧਰ (ਚੋਪੜਾ)— ਸੰਸਦ ਮੈਂਬਰ ਸੰਤੋਖ ਚੌਧਰੀ ਦੇ ਖਿਲਾਫ ਇਕ ਨਿੱਜੀ ਚੈਨਲ ਵਲੋਂ ਕੀਤੇ ਗਏ 'ਵਿਕਾਊ ਸੰਸਦ ਮੈਂਬਰ' ਸਟਿੰਗ ਨਾਲ ਕਾਂਗਰਸੀ ਗਲਿਆਰਿਆਂ 'ਚ ਤਹਿਲਕਾ ਮਚ ਗਿਆ ਹੈ। ਸੰਸਦ ਮੈਂਬਰ ਚੌਧਰੀ ਦਾ ਸਟਿੰਗ ਸਾਹਮਣੇ ਆਉਣ ਨਾਲ ਜਿੱਥੇ ਲੋਕ ਸਭਾ ਚੋਣਾਂ 'ਚ ਸਾਰੀਆਂ 13 ਸੀਟਾਂ 'ਤੇ ਜਿੱਤ ਹਾਸਲ ਕਰਨ ਦਾ ਦਾਅਵਾ ਕਰਨ ਵਾਲੀ ਕਾਂਗਰਸ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਹੋ ਗਈਆਂ, ਉਥੇ ਚੌਧਰੀ ਪਰਿਵਾਰ ਦਾ ਸਿਆਸੀ ਕਰੀਅਰ ਵੀ ਹਾਸ਼ੀਏ 'ਤੇ ਜਾਂਦਾ ਦਿਸ ਰਿਹਾ ਹੈ। ਸਟਿੰਗ ਵਿਚ ਹੋਏ ਖੁਲਾਸੇ ਤੋਂ ਬਾਅਦ ਜਿਥੇ ਚੌਧਰੀ ਵਿਰੋਧੀਆਂ ਦੇ ਚਿਹਰੇ ਖਿੜ ਗਏ ਹਨ, ਉਥੇ ਉਨ੍ਹਾਂ ਦੇ ਸਮਰਥਕਾਂ ਵਿਚ ਭਾਰੀ ਮਾਯੂਸੀ ਛਾਈ ਹੈ।


ਬੀਤੇ ਦਿਨ ਜਲੰਧਰ ਦੇ ਵਿਜੇ ਨਗਰ ਵਿਚ ਸਥਿਤ ਸੰਸਦ ਮੈਂਬਰ ਚੌਧਰੀ ਦੇ ਘਰ ਵਿਚ ਪੂਰੀ ਤਰ੍ਹਾਂ ਚੁਪ-ਚਾਪ ਰਹੀ। ਸਿਆਸੀ ਗਲਿਆਰਿਆਂ 'ਚ ਲੋਕ ਸਭਾ ਚੋਣਾਂ ਸਬੰਧੀ ਹੁਣ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਕਾਂਗਰਸ ਦੇ ਸੂਤਰਾਂ ਦੀ ਮੰਨੀਏ ਤਾਂ ਸੰਸਦ ਮੈਂਬਰ ਚੌਧਰੀ ਦੇ 5 ਸਾਲ ਦੇ ਕਾਰਜਕਾਲ ਸਬੰਧੀ ਲਗਾਤਾਰ ਮਿਲ ਰਹੇ ਫੀਡਬੈਕ ਤੋਂ ਬਾਅਦ ਹਾਈਕਮਾਨ ਨੇ ਸੰਸਦ ਮੈਂਬਰ ਦਾ ਹਲਕਾ ਸ਼ਿਫਟ ਕਰਨ ਦਾ ਮਨ ਬਣਾਇਆ ਸੀ। ਉਨ੍ਹਾਂ ਨੂੰ ਜਲੰਧਰ ਦੀ ਬਜਾਏ ਹੁਸ਼ਿਆਰਪੁਰ ਵਿਚ ਚੋਣ ਮੈਦਾਨ ਵਿਚ ਉਤਾਰੇ ਜਾਣ ਦੀ ਚਰਚਾ ਚੱਲ ਰਹੀ ਸੀ ਪਰ ਮੌਜੂਦਾ ਹਾਲਾਤ ਸੰਸਦ ਮੈਂਬਰ ਚੌਧਰੀ ਖਿਲਾਫ ਜਾਣ ਕਾਰਨ ਹੁਣ ਕਿਆਸ ਲਾਏ ਜਾ ਰਹੇ ਹਨ ਕਿ ਦਿੱਲੀ ਦਰਬਾਰ ਸੰਤੋਖ ਚੌਧਰੀ ਦੀ ਟਿਕਟ ਕੱਟਣ ਦੀ ਸੋਚ ਰਿਹਾ ਹੈ।
ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਦੀ ਕਾਰਜਸ਼ੈਲੀ ਨੂੰ ਲੈ ਕੇ ਕਾਂਗਰਸ ਹਾਈਕਮਾਨ ਪਹਿਲਾਂ ਹੀ ਹਲਕੇ ਤੋਂ ਚੌਧਰੀ ਵਿਰੋਧੀ ਫੀਡਬੈਕ ਲੈਂਦਾ ਰਿਹਾ ਹੈ। ਇਸ ਕਾਰਨ ਕਾਂਗਰਸ ਆਲ੍ਹਾ ਕਮਾਨ ਨੇ ਸਟਰੌਂਗ ਸੰਸਦ ਮੈਂਬਰ ਹੋਣ ਦੇ ਬਾਵਜੂਦ ਹਲਕੇ ਵਿਚ ਕਈ ਸਰਵੇ ਕਰਵਾਏ। ਪਾਰਟੀ ਹਾਈਕਮਾਨ ਨੇ ਵੱਖ-ਵੱਖ ਆਬਜ਼ਰਵਰ ਭੇਜੇ ਜੋ ਕਿ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ, ਕਾਂਗਰਸੀ ਆਗੂਆਂ, ਵਰਕਰਾਂ ਅਤੇ ਆਮ ਲੋਕਾਂ ਨੂੰ ਮਿਲੇ ਅਤੇ ਸੰਸਦ ਮੈਂਬਰ ਚੌਧਰੀ ਦੇ 5 ਸਾਲਾਂ ਦੇ ਕੰਮਾਂ ਬਾਰੇ ਉਨ੍ਹਾਂ ਦੀ ਫੀਡਬੈਕ ਲਈ। ਕਾਂਗਰਸ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਸੰਸਦ ਮੈਂਬਰ ਚੌਧਰੀ ਦੇ ਖਿਲਾਫ ਕਾਂਗਰਸ 'ਚ ਹੀ ਇਕ ਵੱਡੇ ਤਬਕੇ ਵਿਚ ਫੈਲੀ ਨਾਰਾਜ਼ਗੀ ਨੂੰ ਦੇਖਦਿਆਂ ਪਾਰਟੀ ਨੇ ਪਿਛਲੇ ਦਿਨੀਂ ਇਕ ਪ੍ਰਾਈਵੇਟ ਕੰਪਨੀ ਕੋਲੋਂ ਵੀ ਸਰਵੇ ਕਰਵਾਇਆ ਹੈ।


ਨਿੱਜੀ ਚੈਨਲ ਵਲੋਂ ਦਿਖਾਏ ਜਾ ਰਹੇ ਖੁਫੀਆ ਕੈਮਰੇ ਨਾਲ ਹੋਏ ਸਟਿੰਗ 'ਚ ਸੰਸਦ ਮੈਂਬਰ ਚੌਧਰੀ ਨਾਲ ਗੱਲਬਾਤ ਦੌਰਾਨ ਜਿਸ ਤਰ੍ਹਾਂ ਅਗਲੀ ਸਰਕਾਰ ਯੂ. ਪੀ. ਏ. ਦੀ ਬਣਨ, ਸਾਨੂੰ ਪੈਸਾ ਦਿਓ ਅਸੀਂ ਫੇਵਰ ਦੇਵਾਂਗੇ, ਨੋਟਬੰਦੀ ਤੋਂ ਬਾਅਦ ਨਕਦੀ ਦੀ ਕਿੱਲਤ ਅਤੇ ਗੈਰ-ਕਾਨੂੰਨੀ ਫੰਡਿੰਗ ਲਈ ਸਹਿਮਤੀ ਦੇਣ ਜਿਹੀਆਂ ਗੱਲਾਂ ਸਾਹਮਣੇ ਆਈਆਂ ਹਨ, ਉਸ ਦਾ ਕਾਂਗਰਸ ਹਾਈਕਮਾਨ ਨੇ ਸਖਤ ਨੋਟਿਸ ਲਿਆ ਹੈ।

ਦਿੱਲੀ ਦੇ ਕਾਂਗਰਸ ਦੇ ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਮਾਮਲੇ ਵਿਚ ਸੰਸਦ ਮੈਂਬਰ ਚੌਧਰੀ ਨੂੰ ਤਲਬ ਕੀਤਾ ਹੈ ਅਤੇ ਉਨ੍ਹਾਂ ਦੇ ਪੱਖ ਤੋਂ ਸੰਤੁਸ਼ਟ ਨਾ ਹੋਣ 'ਤੇ ਸੰਸਦ ਮੈਂਬਰ ਚੌਧਰੀ ਦੇ ਖਿਲਾਫ ਪਾਰਟੀ ਵੱਲੋਂ ਸਖਤ ਸਟੈਂਡ ਲੈਣ ਦੇ ਵੀ ਆਸਾਰ ਬਣ ਗਏ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਸੰਸਦ ਮੈਂਬਰ ਚੌਧਰੀ ਦਾ ਪਰਿਵਾਰ ਰਾਜਨੀਤਕ ਹਾਸ਼ੀਏ 'ਤੇ ਪਹੁੰਚ ਜਾਵੇਗਾ ਕਿਉਂਕਿ ਸੰਸਦ ਮੈਂਬਰ ਚੌਧਰੀ ਦੇ ਪੁੱਤਰ ਵਿਕਰਮਜੀਤ ਸਿੰਘ ਚੌਧਰੀ ਨੂੰ ਉਸ ਸਮੇਂ ਫਿਲੌਰ ਵਿਧਾਨ ਸਭਾ ਹਲਕੇ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਸਮੁੱਚੇ ਸੂਬੇ ਵਿਚ ਕਾਂਗਰਸ ਦੀ ਲਹਿਰ ਚੱਲ ਰਹੀ ਸੀ ਅਤੇ ਕਾਂਗਰਸ ਨੇ 117 ਵਿਧਾਨ ਸਭਾ ਹਲਕਿਆਂ ਵਿਚੋਂ 70 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਸੰਸਦ ਮੈਂਬਰ ਚੌਧਰੀ ਆਪਣੇ ਲੋਕ ਸਭਾ ਹਲਕੇ 'ਚ ਹੀ ਆਪਣੇ ਪੁੱਤਰ ਨੂੰ ਨਹੀਂ ਜਿਤਾ ਸਕੇ ਸਨ। ਜ਼ਿਕਰਯੋਗ ਹੈ ਕਿ ਫਿਲੌਰ ਹਲਕੇ ਤੋਂ ਚੌਧਰੀ ਪਰਿਵਾਰ ਦੀ ਇਹ ਲਗਾਤਾਰ ਤੀਜੀ ਹਾਰ ਹੈ, ਜਿਸ ਤੋਂ ਬਾਅਦ 2022 ਦੀਆਂ ਚੋਣਾਂ 'ਚ ਚੌਧਰੀ ਪਰਿਵਾਰ 'ਤੇ ਸਵਾਲੀਆ ਨਿਸ਼ਾਨ ਲੱਗੇ ਹੋਏ ਸਨ ਪਰ ਜੇਕਰ ਸੰਸਦ ਮੈਂਬਰ ਚੌਧਰੀ ਨੂੰ ਲੋਕ ਸਭਾ ਚੋਣਾਂ 'ਚ ਟਿਕਟ ਨਸੀਬ ਨਾ ਹੋਈ ਤਾਂ ਫਿਲੌਰ ਹਲਕਾ ਵੀ ਚੌਧਰੀ ਪਰਿਵਾਰ ਦੇ ਹੱਥੋਂ ਰੇਤ ਵਾਂਗ ਖਿਸਕ ਜਾਵੇਗਾ।



ਸੂਬੇ ਦੀ ਪ੍ਰਧਾਨਗੀ ਲੈਣ ਦੀ ਚਾਹਤ ਪਾਲੀ ਬੈਠੇ ਸੰਤੋਖ ਚੌਧਰੀ ਅਜੇ ਤੱਕ ਕੈਪਟਨ ਦੀਆਂ ਅੱਖਾਂ 'ਚ ਰੜਕ ਰਹੇ
ਪੰਜਾਬ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਕਾਰਜਕਾਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨਗੀ ਹਾਸਲ ਕਰਨ ਲਈ ਪੰਜਾਬ ਭਰ 'ਚ ਇਕ ਮੁਹਿੰਮ ਸ਼ੁਰੂ ਕੀਤੀ ਸੀ। ਕਾਂਗਰਸੀ ਵਿਧਾਇਕਾਂ ਦੇ ਇਕ ਵੱਡੇ ਦਲ ਨੇ ਕੈਪਟਨ ਨੂੰ ਪ੍ਰਧਾਨ ਬਣਾਉਣ ਦੀ ਖੁੱਲ੍ਹ ਕੇ ਵਕਾਲਤ ਵੀ ਕੀਤੀ ਸੀ। ਉਸ ਸਮੇਂ ਸੂਬਾ ਕਾਂਗਰਸ ਦੇ ਬਰਾਬਰ ਰੈਲੀਆਂ ਕਰ ਕੇ ਕੈਪਟਨ ਧੜੇ ਨੇ ਕਾਂਗਰਸ ਹਾਈਕਮਾਨ ਨੂੰ ਦਬਕਾਇਆ ਤੱਕ ਸੀ ਕਿ ਜੇਕਰ ਪ੍ਰਤਾਪ ਬਾਜਵਾ ਨੂੰ ਹਟਾ ਕੇ ਕੈਪਟਨ ਅਮਰਿੰਦਰ ਦੇ ਹੱਥਾਂ 'ਚ ਕਾਂਗਰਸ ਦੀ ਕਮਾਨ ਨਾ ਸੌਂਪੀ ਗਈ ਤਾਂ ਕਾਂਗਰਸੀ ਵਿਧਾਇਕ ਅਤੇ ਉਨ੍ਹਾਂ ਦੇ ਸਮਰਥਕ ਵੱਖਰੀ ਪਾਰਟੀ ਬਣਾ ਲੈਣਗੇ। ਬਾਜਵਾ ਅਤੇ ਕੈਪਟਨ ਦੀ ਲੜਾਈ ਦੇ ਇਸ ਦੌਰ 'ਚ ਵਗਦੀ ਗੰਗਾ 'ਚ ਹੱਥ ਧੋਣ ਦੀ ਕੋਸ਼ਿਸ਼ ਵਿਚ ਸੰਸਦ ਮੈਂਬਰ ਸੰਤੋਖ ਚੌਧਰੀ ਦਾ ਨਾਂ ਵੀ ਕਾਫੀ ਚਰਚਾ ਵਿਚ ਆਇਆ ਸੀ। ਪੰਜਾਬ ਕਾਂਗਰਸ ਦਾ ਪ੍ਰਧਾਨ ਦਲਿਤ ਸੰਸਦ ਮੈਂਬਰ ਸੰਤੋਖ ਚੌਧਰੀ ਨੂੰ ਬਣਾਉਣ ਸਬੰਧੀ ਵੀ ਕਾਫੀ ਲਾਬਿੰਗ ਸ਼ੁਰੂ ਕੀਤੀ ਸੀ ਪਰ ਦਿੱਲੀ ਦਰਬਾਰ ਵਿਚ ਸ਼ੁਰੂ ਕੀਤੀਆਂ ਅਜਿਹੀਆਂ ਕੋਸ਼ਿਸ਼ਾਂ ਸਿਰੇ ਨਹੀਂ ਚੜ੍ਹ ਸਕੀਆਂ ਸਨ।


ਕਾਂਗਰਸੀ ਸੂਤਰਾਂ ਦੀ ਮੰਨੀਏ ਤਾਂ ਕੈਪਟਨ ਅਮਰਿੰਦਰ ਦੇ ਮੁਕਾਬਲੇ ਖੁਦ ਦੀ ਪ੍ਰਧਾਨਗੀ ਹਾਸਲ ਕਰਨ ਦੀ ਕੋਸ਼ਿਸ਼ ਕਾਰਨ ਹੀ ਸੰਸਦ ਮੈਂਬਰ ਚੌਧਰੀ ਅੱਜ ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਅੱਖਾਂ 'ਚ ਰੜਕ ਰਹੇ ਹਨ। ਇਹੀ ਇਕ ਵੱਡਾ ਕਾਰਨ ਹੈ ਕਿ ਮੁੱਖ ਮੰਤਰੀ ਵੈਸਟ ਹਲਕੇ ਦੇ ਵਿਧਾਇਕ ਅਤੇ ਦਲਿਤ ਆਗੂ ਸੁਸ਼ੀਲ ਰਿੰਕੂ ਨੂੰ ਜ਼ਿਆਦਾ ਤਵੱਜੋ ਦੇ ਰਹੇ ਹਨ। ਬੂਟਾ ਮੰਡੀ ਵਿਚ ਡਾ. ਅੰਬੇਡਕਰ ਸਰਕਾਰੀ ਡਿਗਰੀ ਕਾਲਜ ਦੇ ਨੀਂਹ ਪੱਥਰ ਦੇ ਸਮਾਗਮ ਵਿਚ ਮੰਚ 'ਤੇ ਸੰਸਦ ਮੈਂਬਰ ਚੌਧਰੀ ਦੀ ਬਜਾਏ ਵਿਧਾਇਕ ਰਿੰਕੂ ਨੂੰ ਅਹਿਮੀਅਤ ਦੇਣਾ ਵੀ ਸ਼ਾਇਦ ਇਸੇ ਕੜੀ ਦਾ ਇਕ ਹਿੱਸਾ ਸੀ।

shivani attri

This news is Content Editor shivani attri