ਤੇਲ ਨਾਲੋਂ ਮਹਿੰਗੇ ਪਾਣੀ ਨੂੰ ਪੰਜਾਬੀਆਂ ਨੇ ਜ਼ਹਿਰ ਬਣਾ ਕੇ ਰੱਖ ਦਿੱਤਾ: ਸੰਤ ਸੀਚੇਵਾਲ

03/10/2018 12:17:44 PM

ਸੁਲਤਾਨਪੁਰ ਲੋਧੀ (ਧੀਰ)— ਵਾਤਾਵਰਣ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਫਰੀਦਕੋਟ ਅਤੇ ਮੋਗਾ ਜ਼ਿਲਿਆਂ ਤੋਂ ਆਏ ਪੰਚਾਂ-ਸਰਪੰਚਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ 20ਵੀਂ ਸਦੀ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ ਤਾਂ ਉਸ ਵਿਚ ਪੰਜਾਬੀਆਂ ਵੱਲੋਂ ਕੁਦਰਤੀ ਸੋਮਿਆਂ ਨਾਲ ਕੀਤੀ ਗਈ ਛੇੜਛਾੜ ਦਾ ਸਭ ਤੋਂ ਵੱਧ ਜ਼ਿਕਰ ਹੋਵੇਗਾ ਕਿ ਬਾਬੇ ਨਾਨਕ ਦੀ ਬਾਣੀ ਪੜ੍ਹਨ ਵਾਲਿਆਂ ਨੇ ਪਾਣੀਆਂ ਨੂੰ ਜ਼ਹਿਰੀ ਬਣਾ ਦਿੱਤਾ। ਜਲ ਸਪਲਾਈ ਅਤੇ ਸੈਨੇਟਰੀ ਵਿਭਾਗ ਪੰਜਾਬ ਵੱਲੋਂ ਵਰਲਡ ਬੈਂਕ ਦੀ ਸਹਾਇਤਾ ਨਾਲ 24 ਘੰਟੇ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਏ ਜਾਣ ਬਾਰੇ ਪਿੰਡ ਸੀਚੇਵਾਲ ਦਾ ਦੌਰਾ ਕਰਨ ਲਈ ਫਰੀਦਕੋਟ ਅਤੇ ਮੋਗਾ ਜ਼ਿਲਿਆਂ ਤੋਂ ਪੰਚ-ਸਰਪੰਚ ਤੇ ਵਿਭਾਗ ਦੇ ਅਧਿਕਾਰੀ ਆਏ ਹੋਏ ਸਨ। 
ਸੰਬੋਧਨ ਕਰਦਿਆਂ ਸੰਤ ਸੀਚੇਵਾਲ ਨੇ ਸਭ ਤੋਂ ਪਹਿਲਾਂ ਕੌਮਾਂਤਰੀ ਮਹਿਲਾ ਦਿਵਸ ਦੀ ਔਰਤਾਂ ਨੂੰ ਵਧਾਈ ਦਿੰਦਿਆਂ ਕਿਹਾ ਘਰ 'ਚ ਪਾਣੀ ਦੀ ਸਭ ਤੋਂ ਵੱਧ ਲੋੜ ਔਰਤਾਂ ਨੂੰ ਹੁੰਦੀ ਹੈ, ਜਿਹੜੀਆਂ ਸਵੇਰ ਤੋਂ ਸ਼ਾਮ ਤੱਕ ਘਰ ਦੇ ਬਹੁਤ ਸਾਰੇ ਕੰਮ ਪਾਣੀ ਨਾਲ ਹੀ ਕਰਦੀਆਂ ਹਨ ਅਤੇ ਇਸੇ ਕਰਕੇ ਇਹ ਪਾਣੀ ਨੂੰ ਸੰਭਾਲਣ 'ਚ ਵੀ ਵੱਡੀ ਭੂਮਿਕਾ ਨਿਭਾਅ ਸਕਦੀਆਂ ਹਨ। 
ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੀਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀਆਂ ਵਿਚ ਔਰਤਾਂ ਦੀ ਭਾਗੀਦਾਰੀ ਜ਼ਿਆਦਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਦੇ ਅਜਿਹਾ ਵੀ ਸਮਾਂ ਸੀ, ਜਦੋਂ ਪੰਜਾਬ ਵਿਚ ਲੋਕ ਦੁੱਧ ਵੇਚਣ ਤੋਂ ਗੁਰੇਜ ਕਰਦੇ ਸਨ ਕਿਉਂਕਿ ਪੰਜਾਬ 'ਚ ਦੁੱਧ ਵੇਚਣ ਨੂੰ ਪਾਪ ਮੰਨਿਆ ਜਾਂਦਾ ਸੀ ਕਿ ਜਿਸ ਨੇ ਦੁੱਧ ਵੇਚ ਲਿਆ ਸਮਝੋ ਪੁੱਤ ਵੇਚ ਲਿਆ ਪਰ ਦੁੱਖ ਦੀ ਗੱਲ ਹੈ ਕਿ ਪੰਜਾਂ ਦਰਿਆਵਾਂ ਦੀ ਧਰਤੀ 'ਤੇ ਪਾਣੀ ਮੁੱਲ ਵਿਕਦੇ ਹਨ।  
ਉਨ੍ਹਾਂ ਅਪੀਲ ਕੀਤੀ ਕਿ ਖੇਤ ਦਾ ਪਾਣੀ ਖੇਤ 'ਚ ਹੀ ਰੀਚਾਰਜ ਕਰਨ ਦੀ ਨੀਤੀ ਅਪਣਾਈ ਜਾਵੇ ਅਤੇ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਗੰਦੇ ਹੋਣ ਤੋਂ ਬਚਾਉਣ ਦੇ ਆਪ ਯਤਨ ਕਰੀਏ ਕਿਉਂਕਿ ਇਹੀ ਪਾਣੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਪੀਣਾ ਹੈ। ਇੰਗਲੈਂਡ ਵਿਚ ਪਾਣੀ ਦੀ ਕੀਮਤ ਦੱਸਦਿਆਂ ਸੰਤ ਸੀਚੇਵਾਲ ਨੇ ਕਿਹਾ ਉਥੇ ਇਕ ਪੌਂਡ ਦਾ ਇਕ ਲੀਟਰ ਪਾਣੀ ਆਉਂਦਾ ਹੈ, ਜਿਸ ਦੀ ਭਾਰਤ ਵਿਚ ਕੀਮਤ 90 ਰੁਪਏ ਲੀਟਰ ਬਣਦੀ ਹੈ, ਜੋ ਤੇਲ ਨਾਲੋਂ ਮਹਿੰਗਾ ਹੈ। ਜਲ ਸਪਲਾਈ ਵਿਭਾਗ ਦੇ ਸੋਸ਼ਲ ਡਿਵੈਲਪਮੈਂਟ ਮੈਨੇਜਰ ਪਰਦੀਪ ਗਾਂਧੀ ਸਮੇਤ ਇਨ੍ਹਾਂ ਜ਼ਿਲਿਆਂ ਦੀਆਂ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀਆਂ ਦੇ ਪ੍ਰਧਾਨਾਂ ਤੇ ਮੈਂਬਰਾਂ ਨੇ ਸੰਤ ਸੀਚੇਵਾਲ ਨਾਲ ਪਾਣੀ ਦੇ ਮੁੱਦੇ 'ਤੇ ਸਿੱਧਾ ਸੰਵਾਦ ਰਚਾਇਆ। ਕਈ ਮੈਂਬਰਾਂ ਨੇ ਇਸ ਕੰਮ 'ਚ ਆਉਂਦੇ ਸਰਕਾਰੀ ਅੜਿੱਕਿਆਂ ਬਾਰੇ ਵੀ ਵਿਚਾਰ ਚਰਚਾ ਕੀਤੀ।