ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਸੀਚੇਵਾਲ ਨੇ ਸਤਲੁਜ ਦਰਿਆ ਦਾ ਬਦਲਿਆ ਵਹਿਣ

03/07/2020 6:21:40 PM

ਸੁਲਤਾਨਪੁਰ ਲੋਧੀ (ਸੋਢੀ)— ਪੰਜਾਬ ਦੇ ਤਿੰਨ ਜ਼ਿਲਿਆਂ ਨਾਲ ਲੱਗਦੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਕਾਰ ਸੇਵਾ ਲਗਾਤਾਰ ਜਾਰੀ ਹੈ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਅਗਵਾਈ ਹੇਠ ਚੱਲ ਰਹੀ ਕਾਰ ਸੇਵਾ ਦੌਰਾਨ ਇਕ ਮਹੀਨੇ 'ਚ ਸਤਲੁਜ ਦਰਿਆ ਦਾ ਵਹਿਣ ਬਦਲ ਕੇ ਐਨ ਵਿਚਕਾਰ ਕਰ ਦਿੱਤਾ ਗਿਆ ਹੈ। ਵਹਿਣ ਬਦਲੇ ਜਾਣ ਬਾਰੇ ਗੱਲਬਾਤ ਕਰਦੇ ਸੰਤ ਸੀਚੇਵਾਲ ਜੀ ਨੇ ਦੱਸਿਆ ਕਿ ਇਹ ਵਹਿਣ ਵਿਚਕਾਰ ਕਰਨ ਨਾਲ ਧੁੱਸੀ ਬੰਨ੍ਹ 'ਤੇ ਪਾਣੀ ਦਾ ਦਬਾਅ ਘੱਟ ਪਵੇਗਾ। ਦੂਜਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਮਿੱਟੀ ਨਾਲ ਲੱਦੇ ਟਿੱਪਰਾਂ ਅਤੇ ਟਰਾਲੀਆਂ ਸਿੱਧੀਆਂ ਦਰਿਆ ਦੇ ਅੰਦਰੋਂ ਹੀ ਧੁੱਸੀ ਬੰਨ 'ਤੇ ਚੜ੍ਹ ਸਕਣਗੀਆਂ ਅਤੇ ਉਨ੍ਹਾਂ ਨੂੰ ਪੁੱਲ ਉਪਰੋਂ ਘੁੰਮ ਕੇ ਨਹੀਂ ਆਉਣਾ ਪਵੇਗਾ। ਇਕ ਪਾਸੇ ਜਿੱਥੇ ਇਸ ਨਾਲ ਤੇਲ ਦੀ ਬਚਤ ਹੋਵੇਗੀ, ਉਥੇ ਹੀ ਸੜਕ 'ਤੇ ਵੀ ਟ੍ਰੈਫਿਕ ਦਾ ਭਾਰ ਨਹੀਂ ਪਵੇਗਾ। ਮਿੱਟੀ ਦੀ ਢੋਆ ਢੁਆਈ ਲਈ ਸਮਾਂ ਵੀ ਘੱਟ ਲੱਗੇਗਾ ਅਤੇ ਕੰਮ ਹੋਰ ਤੇਜ਼ੀ ਨਾਲ ਹੋਵੇਗਾ।

ਸੰਤ ਸੀਚੇਵਾਲ ਨੇ ਦੱਸਿਆ ਕਿ ਜਲੰਧਰ ਜ਼ਿਲੇ ਦੇ ਨਾਲ-ਨਾਲ ਮੋਗਾ ਅਤੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰਾਂ ਨਾਲ ਵੀ ਰਾਬਤਾ ਕਾਇਮ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਜ਼ਿਲਿਆਂ  'ਚ ਆਉਂਦੇ ਧੁੱਸੀ ਬੰਨ੍ਹ 'ਤੇ ਦਰਿਆ 'ਚੋਂ ਕੱਢੀ ਮਿੱਟੀ ਪਾ ਕੇ ਮਜ਼ਬੂਤ ਕੀਤਾ ਜਾ ਸਕੇ। ਹਜ਼ੂਰ ਸਾਹਿਬ ਵਾਲਿਆਂ ਦੇ ਧਾਰਮਿਕ ਅਸਥਾਨ ਦੀ ਦੇਖ-ਰੇਖ ਕਰ ਰਹੇ ਮਹਾਂਪੁਰਸ਼ ਬਾਬਾ ਮੰਗਾ ਸਿੰਘ ਅਤੇ ਬਾਬਾ ਕਾਲਾ ਸਿੰਘ ਵੀ ਸੰਗਤਾਂ ਨੂੰ ਨਾਲ ਲੈ ਕੇ ਦਿਨ ਰਾਤ ਇਸ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਸਹਿਯੋਗ ਦੇ ਰਹੇ ਹਨ।

ਇਸ ਕਾਰ ਸੇਵਾ 'ਚ ਲੋਕਾਂ ਦੀ ਭਾਗੀਦਾਰੀ ਇਸ ਕਰਕੇ ਵੀ ਜ਼ਿਆਦਾ ਕੀਤੀ ਜਾ ਰਹੀ ਹੈ ਤਾਂ ਜੋ ਲੋਕ ਇਸ ਮਹਾਨ ਕਾਰਜ ਨੂੰ ਆਪਣੇ ਹੱਥੀਂ ਕਰਕੇ ਫਖਰ ਮਹਿਸੂਸ ਕਰ ਸਕਣ। ਸੰਤ ਸੀਚੇਵਾਲ ਜੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀਆਂ ਹੋਰ ਸਰਗਰਮੀਆਂ ਘਟਾ ਕੇ ਸਾਰਾ ਧਿਆਨ ਸਤਲੁਜ ਦਰਿਆ 'ਤੇ ਕੇਂਦਰਿਤ ਕਰ ਦਿੱਤਾ ਹੈ ਕਿਉਂਕਿ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਗਿੱਦੜਪਿੰਡੀ ਵਾਲੇ ਰੇਲਵੇ ਪੁਲ ਦੇ ਵੱਡੇ ਹਿੱਸੇ 'ਚੋਂ ਮਿੱਟੀ ਚੁੱਕਣ ਦਾ ਟੀਚਾ ਮਿੱਥਿਆ ਗਿਆ ਹੈ। ਜਿਸ ਕਰਕੇ ਸਤਲੁਜ ਦਰਿਆ ਦਾ ਵਹਿਣ ਬਦਲ ਕੇ ਪੁਲ ਦੇ ਐਨ ਵਿਚਕਾਰਲੇ ਦੋ ਦਰਾਂ 'ਚੋਂ ਕੀਤਾ ਗਿਆ ਹੈ ਅਤੇ ਬਾਕੀ 18 ਦਰੇ ਸਾਫ ਕੀਤੇ ਜਾਣੇ ਅਜੇ ਬਾਕੀ ਹਨ।

ਪਰਵਾਸੀ ਪੰਜਾਬੀਆਂ ਤੇ ਧਾਰਮਿਕ ਜੱਥੇਬੰਦੀਆਂ ਨੂੰ ਅਪੀਲ
ਸਤੰਬਰ 2019 ਤੋਂ ਸਤਲੁਜ ਦਰਿਆ ਦੀ ਸਫਾਈ ਅਤੇ ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ ਚੱਲ ਰਹੀ ਕਾਰ ਸੇਵਾ 'ਚ ਹੁਣ ਤੱਕ 1 ਲੱਖ 80 ਹਜ਼ਾਰ ਲੀਟਰ ਤੋਂ ਵੱਧ ਡੀਜ਼ਲ ਦੀ ਖਪਤ ਹੋ ਚੁੱਕੀ ਹੈ। ਇਹ ਸਾਰਾ ਡੀਜ਼ਲ ਪੰਜਾਬ ਭਰ ਦੀਆਂ ਸੰਗਤਾਂ ਅਤੇ ਦੇਸ਼-ਵਿਦੇਸ਼ 'ਚ ਵੱਸਦੇ ਪੰਜਾਬੀਆਂ ਦੇ ਸਹਿਯੋਗ ਨਾਲ ਪੈ ਰਿਹਾ ਹੈ। ਉਨ੍ਹਾਂ ਪਰਵਾਸੀ ਪੰਜਾਬੀਆਂ ਅਤੇ ਇਥੋਂ ਦੀਆਂ ਧਾਰਮਿਕ ਜੱਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਡੀਜ਼ਲ ਦੀ ਸੇਵਾ 'ਚ ਯੋਗਦਾਨ ਪਾਉਣ। ਰੋਜ਼ਾਨਾ ਇਥੇ 5 ਵੱਡੀਆਂ ਕਰੇਨਾਂ, ਤਿੰਨ ਜੇ. ਸੀ. ਬੀ. ਮਸ਼ੀਨਾਂ, 80 ਦੇ ਕਰੀਬ ਟਰਾਲੀਆਂ ਅਤੇ 9 ਟਿੱਪਰ ਲਗਾਤਾਰ ਚੱਲ ਰਹੇ ਹਨ। ਇਸ ਮਸ਼ੀਨਰੀ 'ਚ ਰੋਜ਼ਾਨਾ ਪੌਣੇ ਦੋ ਲੱਖ ਰੁਪਏ ਦੇ ਡੀਜ਼ਲ ਦੀ ਖਪਤ ਹੋ ਰਹੀ ਹੈ। ਹਰ ਰੋਜ਼ ਵੱਖ-ਵੱਖ ਨਗਰਾਂ ਵੱਲੋਂ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾ ਰਹੇ ਹਨ। ਇਲਾਕੇ ਦੇ ਕਿਸਾਨ ਰੋਜ਼ਾਨਾ 2 ਕਵੰਟਲ ਤੋਂ ਵੱਧ ਦੁੱਧ ਇਕੱਠਾ ਕਰਕੇ ਆਪ ਕਾਰ ਸੇਵਾ 'ਚ ਪਹੁੰਚਾ ਰਹੇ ਹਨ। ਇਤਿਹਾਸ 'ਚ ਪਹਿਲੀਵਾਰ ਹੜ੍ਹ ਪੀੜਤ ਲੋਕਾਂ ਅਤੇ ਕਿਸਾਨਾਂ ਵੱਲੋਂ ਸੰਤ ਸੀਚੇਵਾਲ ਜੀ ਦੀ ਰਹਿਨੁਮਾਈ ਹੇਠ ਦਰਿਆ ਦੀ ਸਫਾਈ ਕਰ ਹੜ੍ਹਾਂ ਦੀ ਸਮੱਸਿਆ ਨੂੰ ਜੜੋਂ ਪੁੱਟਣ ਲਈ ਜੰਗੀ ਪੱਧਰ 'ਤੇ ਕਾਰ ਸੇਵਾ ਦਿਨ ਰਾਤ ਚਲਾਈ ਜਾ ਰਹੀ ਹੈ।

ਹੜ੍ਹਾਂ ਦੌਰਾਨ ਅੰਨਦਾਤੇ ਨੂੰ ਫਿਰ ਨਾ ਮੰਗਣਾ ਪਵੇ : ਸੰਤ ਸੀਚੇਵਾਲ
ਕਾਰ ਸੇਵਾ ਦੌਰਾਨ ਗੱਲਬਾਤ ਕਰਦੇ ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਹੜ੍ਹਾਂ ਦੌਰਾਨ ਜਾਣੀਆਂ ਚਾਹਲ ਸਮੇਤ ਦਰਜਨਾਂ ਪਿੰਡਾਂ ਦੇ ਦਰਦਨਾਕ ਹਾਲਾਤ ਵੇਖੇ ਸਨ ਜਦ ਉਨ੍ਹਾਂ ਦੇ ਘਰ, ਖੇਤ, ਪਸ਼ੂ ਸਭ ਕੁਝ ਹੜ੍ਹਾਂ ਦੌਰਾਨ ਡੁੱਬ ਗਿਆ ਸੀ। ਦੇਸ਼ ਦਾ ਅੰਨਦਾਤਾ ਕਹੇ ਜਾਣ ਵਾਲੇ ਕਿਸਾਨ ਖੁਦ ਦੋ ਟਾਈਮ ਦੀ ਰੋਟੀ ਲਈ ਮੰਗਤੇ ਬਣ ਗਏ ਸਨ। ਗੁਰੂ ਕ੍ਰਿਪਾ ਕਰੇ ਉਹ ਹਾਲਾਤ ਦੋਬਾਰਾ ਨਾ ਵੇਖਣੇ ਪੈਣ। ਉਨ੍ਹਾਂ ਕਿਹਾ ਕਿ ਇਹ ਕਾਰਜ਼ ਕਿਸੇ ਦੇ ਨਿੱਜੀ ਨਹੀ ਹੁੰਦੇ ਤੇ ਇਹਨਾਂ ਕਾਰਜ਼ਾਂ ਨੂੰ ਮੁਕੰਮਲ ਕਰਨ ਲਈ ਸਭ ਦੇ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ਕਾਰਜ ਕਿਸੇ ਜੰਗ ਜਿੱਤਣ ਤੋਂ ਘੱਟ ਨਹੀ ਹੁੰਦੇ।
ਆਓ ਇਕ ਹਮਦਰਦੀ ਬੰਨ੍ਹਾਂ 'ਤੇ ਲਾਈਏ,
ਸਤਲੁਜ ਦਾ ਤਲ ਕਰੀਏ ਸਾਫ,
ਪੰਜਾਬ ਦਾ ਉੱਜਵਲ ਭਵਿੱਖ ਬਣਾਈਏ ਆਪ।

shivani attri

This news is Content Editor shivani attri